
ਮੋਗਾ 29 ਜੁਲਾਈ (ਹਰਪਾਲ ਸਿੰਘ ਸਹਾਰਨ) ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਪੰਜਾਬ ਦਾ ਕਾਂਗਰਸ ਪ੍ਰਧਾਨ ਤਾਂ ਬਣਾ ਦਿੱਤਾ ਗਿਆ ਲੇਕਿਨ ਸਿੱਧੂ ਦੇ ਤਾਜਪੋਸ਼ੀ ਸਮਾਗਮ ਚ ਕੈਪਟਨ ਨੇ ਅਪਣੇ ਭਾਸ਼ਨ ਚ ਇਸ ਗੱਲ ਵੱਲ ਇਸ਼ਾਰਾ ਕਰ ਦਿੱਤਾ ਸੀ ਕਿ ਬਾਈ ਜੀ ਆਪਾਂ ਦੀ ਬਨਣੀ ਨਹੀਂ ਤੇ ਮੌਕਾ ਆਓਣ ਤੇ ਦੱਸਾਂਗਾ ਕਿ ਤੁਹਾਡੀ ਤੇ ਤੁਹਾਡੇ ਚਹੇਤਿਆਂ ਦੀ ਕੀ ਭਾਅ ਵਿੱਕਦੀ ਹੈ ।ਜਿਸ ਤੇ ਅਮਲ ਕਰਦਿਆਂ ਕੈਪਟਨ ਨੇ ਆਪਣੀ ਸਰਜੀਕਲ ਸਟ੍ਰਾਈਕ ਸ਼ੁਰੂ ਕਰ ਦਿੱਤੀ ਲਗਦੀ ਹੈ ।ਜਿਸਦਾ ਸੇਕ ਬਾਘਾਪੁਰਾਨਾ ਦੇ ਵਿਧਾਇਕ ਦਰਸ਼ਨ ਬਰਾੜ ਨੂੰ ਲੱਗਾ ਹੈ ।ਜਿਸ ਦੇ ਰੋਸ ਵਜੋਂ ਦਰਸ਼ਨ ਬਰਾੜ ਦੇ ਸਪੁੱਤਰ ਕਮਲਜੀਤ ਬਰਾੜ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦੇ ਉਲਟ ਬੋਲਣ ਕਾਰਣ ਸਰਕਾਰ ਵੱਲੋਂ ਜਾਣਬੁਝ ਕੇ ਤੰਗ ਕੀਤਾ ਜਾ ਰਿਹਾ ਹੈ ।ਬਰਾੜ ਨੇ ਕਿਹਾ ਕਿ ਸਿਆਸੀ ਵਿਰੋਧ ਕਾਰਣ ਉਹਨਾਂ ਦੇ ਕਰੈਸ਼ਰ ਨੂੰ ਤਾਂ ਅਧਿਕਾਰੀਆਂ ਨੇ ਸੀਲ ਕਰ ਦਿੱਤਾ ਹੈ ਲੇਕਿਨ ਅਧਿਕਾਰੀਆਂ ਨੇ ਉਹਨਾਂ ਦੇ ਕਰੈਸ਼ਰ ਨਜ਼ਦੀਕ ਚਲ ਰਹੇ ਜੱਥੇਦਾਰ ਤੋਤਾ ਸਿੰਘ ਦੇ ਮੀਰੀ ਕਰੈਸ਼ਰ ਨੂੰ ਉਹਨਾਂ ਦੇ ਕਰੈਸ਼ਰ ਤੋਂ ਕਾਫ਼ੀ ਵੱਡਾ ਹੋਣ ਦੇ ਬਾਵਜੂਦ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ।ਜਿਸ ਤੋਂ ਸਾਫ਼ ਜਾਹਿਰ ਹੈ ਕਿ ਉਹਨਾਂ ਖ਼ਿਲਾਫ਼ ਸਾਜਿਸ਼ ਤਹਿਤ ਕਾਰਵਾਈ ਕੀਤੀ ਗਈ ਹੈ ।ਉਹਨਾਂ ਕਿਹਾ ਕਿ ਕਰੈਸ਼ਰ ਬੰਦ ਹੋਣ ਦੀ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੈ ਸਗੋਂ ਪ੍ਰਵਾਹ ਇਸ ਗੱਲ ਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਅੱਜ ਵੀ ਖੁੱਲੇਆਮ ਘੁੰਮਦੇ ਫਿਰ ਰਹੇ ਹਨ ਤੇ ਜਦ ਤੱਕ ਸਰਕਾਰ ਉਹਨਾਂ ਖ਼ਿਲਾਫ਼ ਕਾਰਵਾਈ ਨਹੀਂ ਕਰਦੀ ਤਦ ਤੱਕ ਉਹ ਚੁੱਪ ਹੋਕੇ ਨਹੀਂ ਬੈਠਣਗੇ ।
ਦੂਜੇ ਪਾਸੇ ਹੁਣ ਦੇਖਣਾ ਹੈ ਕਿ ਦਰਸ਼ਨ ਬਰਾੜ ਨੂੰ ਸਰਕਾਰ ਵੱਲੋਂ ਲਾਏ ਸੇਕ ਸੰਬੰਧੀ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਕੋਈ ਕਦਮ ਚੁੱਕ ਉਸਨੂੰ ਰਾਹਤ ਦਿਵਾਉਂਦੇ ਹਨ ਜਾਂ ਸਰਕਾਰ ਵੱਲੋਂ ਆਪਣੇ ਚਹੇਤਿਆਂ ਤੇ ਅਗਲੇ ਹਮਲੇ ਦਾ ਇੰਤਜ਼ਾਰ ਕਰਣਗੇ ।
ਯਾਦ ਰਹੇ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਦਰਸ਼ਨ ਬਰਾੜ ਅਤੇ ਉਹਨਾਂ ਦੇ ਸਪੁੱਤਰ ਦੇ ਨਾਮ ਤੇ ਚਲ ਰਹੇ ਕਰੈਸ਼ਰ ਨੂੰ ਮੋਟਾ ਜੁਰਮਾਨਾ ਲਾਇਆ ਗਿਆ ਸੀ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਉੱਥੇ ਜਾ ਕੇ ਕਰੈਸ਼ਰ ਨੂੰ ਲੱਗੇ ਵੱਡੇ ਜੁਰਮਾਨੇ ਦਾ ਮਾਮਲਾ ਚੁੱਕਿਆਂ ਸੀ ਤੇ ਉੱਥੇ ਰੇਡ ਵੀ ਕੀਤੀ ਗਈ ਸੀ ।





