17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦੁਬਈ ਪੁਲਿਸ ਵੱਲੋਂ ਕੋਰੋਨਾ ਸੰਕਟ ਦੌਰਾਨ ਨਿਭਾਈਆਂ ਸੇਵਾਵਾਂ ਬਦਲੇ ਡਾ. ਓਬਰਾਏ ਸਨਮਾਨਿਤ

ਦੁਬਈ ਪੁਲਿਸ ਵੱਲੋਂ ਕੋਰੋਨਾ ਸੰਕਟ ਦੌਰਾਨ ਨਿਭਾਈਆਂ ਸੇਵਾਵਾਂ ਬਦਲੇ ਡਾ. ਓਬਰਾਏ ਸਨਮਾਨਿਤ

ਭਾਰਤ ਦੇ ਨਾਲ ਨਾਲ ਦੁਬਈ ਵਾਸੀਆਂ ਨੂੰ ਵੀ ਇਨ੍ਹਾਂ ‘ਤੇ ਵੱਡਾ ਮਾਣ ਹੈ

ਫਿਰੋਜ਼ਪੁਰ (ਦਵਿੰਦਰ ਸਿੰਘ ਛਾਬੜਾ) : ਆਪਣੀ ਨਿੱਜੀ ਕਮਾਈ ‘ਚੋਂ ਕਰੋੜਾਂ ਰੁਪਏ ਲੋੜਵੰਦਾਂ ਦੀ ਮਦਦ ਲਈ ਖਰਚਣ ਕਾਰਨ ਪੂਰੀ ਦੁਨੀਆਂ ਅੰਦਰ ‘ਰੱਬੀ ਫਰਿਸ਼ਤੇ’ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਦੁਬਈ ਅੰਦਰ ਲੇਬਰ ਕੈਂਪਾਂ ‘ਚ ਰਹਿਣ ਵਾਲੇ ਕਾਮਿਆਂ ਨੂੰ ਕੋਰੋਨਾ ਵਾਇਰਸ ਸੰਬੰਧੀ ਜਾਗਰੂਕ ਕਰਨ ਅਤੇ ਲੋੜੀਂਦਾ ਸਾਮਾਨ ਵੰਡਣ ਦੀ ਜ਼ਿੰਮੇਵਾਰੀ ਨਿਭਾਉਣ ਤੇ ਉਨ੍ਹਾਂ ਨੂੰ ਦੁਬਈ ਪੁਲਿਸ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਦੁਬਈ ਦੇ ਪੁਲਿਸ ਹੈੱਡਕੁਆਰਟਰ ‘ਚ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਪੁਲਿਸ ਮੁਖੀ ਬ੍ਰਿਗੇਡੀਅਰ ਜਨਰਲ ਖਾਲਿਦ ਅਲੀ ਫਹਾਦ ਸੁਹੇਲ,ਲੈਫਟੀਨੈਂਟ ਕਰਨਲ ਸ੍ਰੀ ਖਾਲਿਦ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਉਪਰੋਕਤ ਅਧਿਕਾਰੀਆਂ ਨੇ ਕਿਹਾ ਕਿ ਦੁਬਈ ਅੰਦਰ ਕੋਰੋਨਾ ਮਾਹਾਂਮਾਰੀ ਦੌਰਾਨ ਪੈਦਾ ਹੋਏ ਹਾਲਾਤ ਦੌਰਾਨ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਲੇਬਰ ਕੈਂਪਾਂ ਅੰਦਰ ਜਾ ਕੇ ਕਾਮਿਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਲੋੜੀਂਦੇ ਮਾਸਕ,ਸੈਨੀਟਾਈਜ਼ਰ ਤੇ ਦਸਤਾਨੇ ਅਤੇ ਹੋਰ ਲੋੜੀਂਦਾ ਮਿਆਰੀ ਸਾਮਾਨ ਆਦਿ ਵੰਡਣ ਲਈ ਨਿਭਾਈ ਭੂਮਿਕਾ ਸ਼ਲਾਘਾਯੋਗ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਦੇ ਔਖੇ ਸਮੇਂ ‘ਚ ਭਾਰਤੀਆਂ ਨੂੰ ਵਿਸ਼ੇਸ਼ ਸਾਲਮ ਜਹਾਜ਼ਾਂ ਰਾਹੀਂ ਦੁਬਈ ਤੋਂ ਉਨ੍ਹਾਂ ਦੇ ਘਰਾਂ ਨੂੰ ਭੇਜਣ ਤੋਂ ਇਲਾਵਾ ਵੱਖ-ਵੱਖ ਸਮੇਂ ਦੁਬਈ ਦੀਆਂ ਜੇਲ੍ਹਾਂ ‘ਚ ਫਸੇ ਲੋਕਾਂ ਦੀ ਵੱਡੀ ਮਦਦ ਕਰਨ ਅਤੇ ਅਰਬ ਦੇਸ਼ਾਂ ਅੰਦਰ ਆਪਣੀ ਜਾਨ ਗਵਾਉਣ ਵਾਲੇ ਸੈਂਕੜੇ ਬਦਨਸੀਬ ਭਾਰਤੀ ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਉਣ ਦੀ ਵੱਡੀ ਸੇਵਾ ਨਿਭਾ ਰਹੇ ਡਾ. ਓਬਰਾਏ ‘ਤੇ ਜਿੱਥੇ ਭਾਰਤ ਵਾਸੀ ਫਖ਼ਰ ਮਹਿਸੂਸ ਕਰਦੇ ਹਨ ਉੱਥੇ ਹੀ ਦੁਬਈ ਵਾਸੀਆਂ ਨੂੰ ਵੀ ਇਨ੍ਹਾਂ ‘ਤੇ ਵੱਡਾ ਮਾਣ ਹੈ।
ਇਸ ਦੌਰਾਨ ਹੋਰਨਾਂ ਉੱਚ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸ੍ਰੀ ਰਫੀਕ (ਐਮ.ਡੀ. ਮਾਸਟਰ ਵਿਜ਼ਨ ਚੈਨਲ) ਵੀ ਉਚੇਚੇ ਤੌਰ ‘ਤੇ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS