ਅਧਿਕਾਰੀਆ ਨੇ ਕਲੀਰੈਂਸ ਸਰਟੀਫਿਕੇਟ ਨਾਂ ਦਿੱਤਾ ਤਾਂ ਦੇਵਾਂਗੇ ਅਸਤੀਫੇ

ਬਰਨਾਲਾ (ਕਰਨਪ੍ਰੀਤ ਧੰਦਰਾਲ ) : ਪਿਛਲੇ ਕਈ ਦਿਨਾਂ ਤੋਂ ਚਰਚਾ ਚ ਚੱਲ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਬਜ਼ੁਰਗਾਂ ਨਾਲ ਸੰਬੰਧ ਵਾਲੇ ਪਿੰਡ ਕਲਾਲਾ ਦੀ ਪੰਚਾਇਤ ਵੱਲੋਂ ਗੁਰੂ ਘਰ ਵਿਖੇ ਲੋਕਾਂ ਦਾ ਇਕੱਠ ਕਰਕੇ ਸਬੰਧਤ ਮਸਲੇ ਵਾਰੇ ਚਾਨਣਾ ਪਾਇਆ ਗਿਆ। 2013 ਤੋਂ 2018 ਤੱਕ ਖੁਦ ਰਣਜੀਤ ਸਿੰਘ ਰਾਣਾਤੇ 2018 ਤੋਂ ਧਰਮਪਤਨੀ ਮਨਜੀਤ ਕੌਰ ਬਤੌਰ ਸਰਪੰਚ ਸੇਵਾਵਾਂ ਨਿਭਾਅ ਰਹੇ ਹਨ।ਪਿੰਡ ਕਲਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਭਰਵੇਂ ਇਕੱਠ ਦੇ ਰੂਬਰੂ ਹੁੰਦਿਆਂ ਸਰਪੰਚ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਸਰਪੰਚ ਬਣਨ ਤੋਂ ਬਾਅਦ ਸਹੁੰ ਚੁਕਾਈ ਜਾਂਦੀ ਹੈ ਕਿ ਪਰ ਕੁਰੱਪਟ ਸਿਸਟਮ ਚ ਸਹੁ ਦਾ ਕੋਈ ਮੁੱਲ ਨਹੀਂ।ਰਾਣਾ ਨੇ ਕਿਹਾ ਕਿ 2013 ਤੋਂ ਅੱਜ ਤੱਕ ਜਿਨ੍ਹਾਂ ਵੀ ਵਿਕਾਸ ਲਈ ਪੈਸਾ ਆਇਆ ਹੈ, ਇੱਕ ਇੱਕ ਪੈਸਾ ਲੱਗਿਆ ਹੈ, ਕਿਉਂ ਕਿ ਸਰਪੰਚ ਦੀ ਚੋਣ ਸਮੇਂ ਵਾਅਦਾ ਕੀਤਾ ਸੀ ਕਿ ਨਾਂ ਪੈਸਾ ਖਾਵਾਂਗਾ ਤੇ ਨਾਂ ਖਾਣ ਦੇਵਾਂਗਾ ਪਰ ਸਬੰਧਤ ਅਧਿਕਾਰੀਆਂ ਨੂੰ ਇਹ ਰਾਸ ਨਹੀ ਆ ਰਿਹਾ।
ਉਹਨਾਂ ਕਿਹਾ ਕਿ ਸਰਕਾਰੀ ਗਰਾਂਟ ਚੋਂ ਹਿੱਸਾ ਮੰਗਣ ਵਾਲੇ ਖਾਰ ਖਾਂਦੇ ਹਨ ਕਿਉਂ ਕਿ ਗ੍ਰਾਂਟਾਂ ਚੋਂ ਮੋਟਾ ਕਮਿਸ਼ਨ ਖਾਣ ਵਾਲੇ ਅਧਿਕਾਰੀ ਇਮਾਨਦਾਰ ਸਰਪੰਚਾਂ ਨੂੰ ਸਨਮਾਨ ਦੇਣਾ ਤਾਂ ਦੂਰ ਦੀ ਗੱਲ ਉਲਟਾ ਜਲੀਲ ਕਰ ਰਹੇ ਹਨ।ਸਰਪੰਚ ਰਾਣਾ ਨੇ ਕਿਹਾ ਕਿ ਸਾਰੇ ਸਰਪੰਚਾਂ ਨੂੰ ਕਲੀਅਰ ਸਰਟੀਫਿਕੇਟ ਦਿੱਤੇ ਜਾ ਚੁੱਕੇ ਹਨ ਪਰ ਉਹਨਾਂ ਨੂੰ 2013 ਤੋਂ ਲਮਕਾਇਆ ਜਾ ਰਿਹਾ ਹੈ। 15 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਉਹਨਾਂ ਕਿਹਾ ਕਿ ਅਗਰ 15 ਦਿਨਾਂ ਵਿੱਚ ਕਲੀਅਰ ਸਰਟੀਫਿਕੇਟ ਨਾਂ ਦਿੱਤਾ ਗਿਆ ਤਾਂ ਸਮੁੱਚੀ ਪੰਚਾਇਤ ਆਪਣੇ ਪਦਾਂ ਤੋਂ ਅਸਤੀਫਾ ਦੇ ਦੇਵੇਗੀ।ਗੁਰੂ ਘਰ ਇਕੱਤਰ ਹੋਈ ਸੰਗਤ ਨੇ ਸਰਪੰਚ ਰਣਜੀਤ ਸਿੰਘ ਰਾਣਾ ਨੂੰ ਪਹਿਲਾਂ ਦੀ ਤਰ੍ਹਾਂ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ।ਇਸ ਸਮੇਂ ਪੰਚ ਰਾਜਵਿੰਦਰ ਸਿੰਘ ਰਾਜੂ, ਪੰਚ ਸੰਤੋਖ ਸਿੰਘ, ਪੰਚ ਮਨਪ੍ਰੀਤ ਸਿੰਘ, ਅਵਤਾਰ ਸਿੰਘ ਤਾਰੀ, ਭਜਨ ਸਿੰਘ ਭਜੀ ਆਦਿ ਹਾਜਰ ਸਨ।





