ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਵੱਲੋਂ ਪੱਤਰ ਲਿਖ ਕੇ ਇੰਪਰੂਵਮੈਂਟ ਟਰੱਸਟ ਨੂੰ ਆਪਣੀ ਜਗਹ ਉੱਪਰ ਹੀ ਮੈਂਟੀਨੈੱਸ ਕਾਰਜ ਕਰਨ ਲਈ ਕਿਹਾ ਗਿਆ

ਮੋਗਾ (ਹੈਪੀ-ਹਰਪਾਲ) : ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਦੀ ਅਗਵਾਈ ਵਿਚ ਪਿਛਲੇ ਲੰਮੇ ਸਮੇਂ ਤੋਂ ਸ਼ਹਿਰਵਾਸੀਆਂ ਦੀ ਸਹੂਲਤ ਲਈ ਕੀਤੇ ਜਾ ਯਤਨਾਂ ਸਦਕਾ ਜਿੱਥੇ ਸ਼ਹਿਰਵਾਸੀ ਪੂਰੇ ਬਾਗੋਬਾਗ ਸਨ ਉੱਥੇ ਹੁਣ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਵੱਲੋਂ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਨੂੰ ਪੱਤਰ ਲਿਖ ਕੇ ਇੰਪਰੂਵਮੈਂਟ ਟਰੱਸਟ ਨੂੰ ਆਪਣੀ ਜਗਹ ਉੱਪਰ ਹੀ ਮੈਂਟੀਨੈੱਸ ਕਾਰਜ ਕਰਨ ਲਈ ਕਿਹਾ ਗਿਆ ਹੈ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਗਾ ਨਗਰ ਨਿਗਮ ਦੀ ਮੇਅਰ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਲਿਖਤੀ ਰੂਪ ਵਿਚ ਚਿੱਠੀ ਕੱਢ ਕੇ ਨਗਰ ਸੁਧਾਰ ਟਰੱਸਟ ਮੋਗਾ ਵੱਲੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਪਾਰਕਾਂ ਵਿਚ ਸ਼ਹਿਰਵਾਸੀਆਂ ਦੀ ਜ਼ਰੂਰਤ ਅਤੇ ਉਹਨਾਂ ਦੀ ਮੰਗ ਅਨੁਸਾਰ ਸਹੂਲਤਾਂ ਦੇਣ ਲਈ ਐਨ ਓ ਸੀ ਜਾਰੀ ਕਰਨ ਦੀ ਮੰਗ ਦੇ ਜਵਾਬ ਵਿਚ ਲਿਖਿਆ ਗਿਆ ਹੈ ਕਿ ਨਗਰ ਨਿਗਮ ਦਾ ਹਾਊਸ ਹੋਂਦ ਵਿਚ ਆ ਚੁੱਕਾ ਹੈ ਅਤੇ ਜਿੰਮ , ਝੂਲੇ, ਐੱਲ ਈ ਡੀ ਲਾਈਟਾਂ , ਓਪਨ ਜਿੰਮ ਅਤੇ ਬੈਂਚ ਆਦਿ ਲਗਾਉਣ ਲਈ ਟੈਂਡਰ ਲਗਾਏ ਜਾ ਚੁੱਕੇ ਹਨ ਅਤੇ ਨਿਗਮ ਕੋਲ ਇਹਨਾਂ ਕੰਮਾਂ ਲਈ ਫੰਡਜ਼ ਉਪਲੱਬਦ ਹਨ। ਮੇਅਰ ਨੇ ਡਾਇਰੈਕਟਰ ਨੂੰ ਬੇਨਤੀ ਕਰਦਿਆਂ ਲਿਖਿਆ ਹੈ ਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨੂੰ ਹਦਾਇਤ ਕਰਨ ਦੀ ਖੇਚਲ ਕੀਤੀ ਜਾਵੇ ਕਿ ਉਹਨਾਂ ਵੱਲੋਂ ਨਗਰ ਨਿਗਮ ਦੀ ਜਗਹ ਦੀ ਬਜਾਏ ਨਗਰ ਸੁਧਾਰ ਟਰੱਸਟ ਦੀ ਜਗਹ ਉੱਪਰ ਹੀ ਮੈਂਟੀਨੈਂਸ ਦੇ ਕੰਮਾਂ ਦੀ ਦੇਖਰੇਖ ਕੀਤੀ ਜਾਵੇੇ। ਇੰਜ ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸਟ ਖੁਲ੍ਹ ਕੇ ਇਕ ਦੂਜੇ ਦੇ ਸਾਹਮਣੇ ਖੜ੍ਹੇ ਹੋ ਗਏ ਹਨ ਅਤੇ ਚੇਅਰਮੈਨ ਵਿਨੋਦ ਬਾਂਸਲ ਵੱਲੋਂ ਵੱਖ ਵੱਖ ਪਾਰਕਾਂ ਵਿਚ ਓਪਨ ਜਿੰਮ ਅਤੇ ਹੋਰ ਵਿਕਾਸ ਕਾਰਜਾਂ ’ਤੇ ਰੋਕ ਲੱਗਣੀ ਤੈਅ ਹੈ ਜਿਸ ਨਾਲ ਆਮ ਲੋਕ ਨਿਸ਼ਚੈ ਹੀ ਪ੍ਰਭਾਵਿਤ ਹੋਣਗੇ। ਆਮ ਲੋਕਾਂ ਵੱਲੋਂ ਮੇਅਰ ਦੀ ਇਸ ਕਾਰਵਾਈ ਨੂੰ ਨਾ ਪਸੰਦ ਕੀਤਾ ਗਿਆ ਹੈ ਕਿਉਂਕਿ ਚੇਅਰਮੈਨ ਬਾਂਸਲ ਵੱਲੋਂ ਅਜਿਹਾ ਕੁਝ ਵੀ ਨਹੀਂ ਸੀ ਕੀਤਾ ਜਾ ਰਿਹਾ ਜਿਸ ਦਾ ਨਗਰ ਨਿਗਮ ਨੂੰ ਕੋਈ ਨੁਕਸਾਨ ਹੋਵੇ ਬਲਕਿ ਚੇਅਰਮੈਨ ਬਾਂਸਲ ਵੱਲੋਂ ਵਾਰਡਾਂ ਦੇ ਕੌਂਸਲਰਾਂ ਨੂੰ ਭਰੋਸੇ ਵਿਚ ਲੈ ਕੇ ਨਿਗਮ ਤੋਂ ਐਨ ਓ ਸੀ ਲੈਣ ਉਪਰੰਤ ਹੀ ਪਾਰਕਾਂ ਵਿਚ ਜਿੰਮ ਲਗਾਏ ਜਾ ਰਹੇ ਸਨ ਪਰ ਸਿਆਸਤ ਤੋਂ ਪ੍ਰਰਿਤ ਇਸ ਕਾਰਵਾਈ ਨਾਲ ਆਮ ਲੋਕਾਂ ਨੂੰ ਮੁੜ ਤੋਂ ਵਿਕਾਸਹੀਣ ਮਾਹੌਲ ਦਾ ਸ਼ਿਕਾਰ ਹੋਣਾ ਪਵੇਗਾ। ਮੇਅਰ ਵੱਲੋਂ ਲਿਖੀ ਇਸ ਚਿੱਠੀ ਬਾਰੇ ਜਾਣਦਿਆਂ ਲੋਕਾਂ ਨੇ ਹੈਰਾਨਗੀ ਜ਼ਾਹਿਰ ਕੀਤੀ ਕਿ ਵਿਕਾਸ ਦੇ ਦਆਵੇ ਕਰਨ ਵਾਲੇ ਨਗਰ ਨਿਗਮ ਵੱਲੋਂ ਵਿਕਾਸ ਦੇ ਕੰਮਾਂ ਵਿਚ ਹੀ ਅੜਿੱਕੇ ਡਾਹੇ ਜਾ ਰਹੇ ਹਨ ।





