ਮ੍ਰਿਤਕਾ ਫੁਲੀਆ ਬੇਗ਼ਮ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਫੁਲੀਆਂ ਬੇਗਮ ਦੋ ਮਹੀਨੇ ਤੋਂ ਪ੍ਰੈਗਨੈਟ ਸੀ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਵਿੱਚ ਸਰਕਾਰ ਵੱਲੋਂ ਗ਼ਰੀਬੀ ਰੇਖਾ ਤੋਂ ਨੀਚੇ ਪਰਿਵਾਰਾਂ ਨੂੰ ਕੱਚੇ ਘਰਾ ਲਈ ਪੱਕੇ ਘਰ ਬਣਾਉਣ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਤੇ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਬੌੜਾ ਖੁਰਦ ਵਿਖੇ ਗ਼ਰੀਬ ਪਰਿਵਾਰ ਦੀ ਛੱਤ ਡਿੱਗਣ ਕਾਰਨ 23 ਸਾਲਾ ਔਰਤ ਦੀ ਮੌਤ ਹੋ ਗਈ। ਇਹ ਘਟਨਾ ਸਵੇਰੇ ਤੜਕਸਾਰ ਸਵੇਰੇ 5 ਵਜੇ ਵਾਪਰੀ ਹੈ ਅਤੇ ਪਤੀ ਪਤਨੀ ਦੋਵੇਂ ਕਮਰੇ ਨੀਚੇ ਸੁੱਤੇ ਪਏ ਸਨ। ਔਰਤ ਦੋ ਮਹੀਨੇ ਦੀ ਪ੍ਰੈਗਨੈਂਟ ਵੀ ਸੀ ਅਤੇ ਜਿਹੜੇ ਬੱਚਿਆਂ ਲਈ ਅਜੇ ਦੁਨੀਆਂ ਵਿੱਚ ਆਉਣਾ ਸੀ ਉਹ ਪਹਿਲਾਂ ਹੀ ਆਪਣੀ ਮਾਂ ਦੇ ਗਰਭ ਵਿੱਚ ਖ਼ਤਮ ਹੋ ਗਿਆ। ਪੀਡ਼ਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਤੇ ਮ੍ਰਿਤਕ ਫੁਲੀਆ ਬੇਗਮ ਦਾ ਘਰਵਾਲਾ ਇਬਰਾਹਿਮ ਖਾਨ ਨੇ ਕਿਹਾ ਕਿ ਜਦੋਂ ਅਸੀਂ ਸਵੇਰੇ 5 ਵਜੇ ਸੁੱਤੇ ਪਏ ਸੀ ਤਾਂ ਅਚਾਨਕ ਸਾਡੇ ਉੱਪਰ ਛੱਤ ਆ ਗਿਰੀ ਅਤੇ ਜਿਸ ਵਿੱਚ ਅਸੀਂ ਦੋਵੇਂ ਹੀ ਨੀਚੇ ਦੱਬ ਗਏ ਅਤੇ ਮੈਂ ਬਹੁਤ ਆਵਾਜ਼ਾਂ ਮਾਰੀਆਂ ਚੀਕਾਂ ਮਾਰੀਆਂ ਤਾਂ ਮੌਕੇ ਤੇ ਸਾਡੇ ਗੁਆਂਢੀਆਂ ਨੇ ਮੈਨੂੰ ਮਿੱਟੀ ਵਿੱਚੋਂ ਬਾਹਰ ਕੱਢਿਆ ਅਤੇ ਮੇਰੀ ਪਤਨੀ ਦੀ ਮੌਤ ਹੋ ਚੁੱਕੀ ਸੀ। ਅਸੀਂ ਕੱਚੇ ਘਰ ਲਈ ਸਰਕਾਰ ਨੂੰ ਬਹੁਤ ਗੁਹਾਰ ਲਾਈ ਅਤੇ ਦਫ਼ਤਰਾਂ ਦੇ ਗੇੜੇ ਕੱਟ ਕੱਟ ਕੇ ਥੱਕ ਗਏ ਪਰ ਸਾਡਾ ਕੱਚੇ ਘਰ ਲਈ ਸਰਕਾਰ ਨੇ ਕੋਈ ਮਾਲੀ ਮੱਦਦ ਨਹੀਂ ਕੀਤੀ।
ਇਸ ਮੌਕੇ ਤੇ ਪਿੰਡ ਦੇ ਸਰਪੰਚ ਜਗਰੂਪ ਸਿੰਘ ਅਤੇ ਪਿੰਡ ਵਾਸੀ ਨੇ ਕਿਹਾ ਕਿ ਇਹ ਪਰਿਵਾਰ ਬਹੁਤ ਹੀ ਗ਼ਰੀਬ ਪਰਿਵਾਰ ਹੈ ਸਰਪੰਚ ਨੇ ਕਿਹਾ ਕਿ ਅਸੀਂ ਕਈ ਵਾਰ ਕੱਚੇ ਘਰਾਂ ਲਈ ਅਰਜ਼ੀਆਂ ਦੇ ਚੁੱਕੇ ਹਾਂ ਪਰ ਸਾਡੇ ਪਿੰਡ ਵਿੱਚ ਕੋਈ ਵੀ ਕੱਚਾ ਘਰ ਪੱਕਾ ਨਹੀਂ ਹੋਇਆ ਅਤੇ ਜੋ ਇਹ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ 100 ਦੇ ਕਰੀਬ ਕੱਚੇ ਘਰ ਹਨ ਅਸੀਂ ਸਾਰਿਆਂ ਦੀਆਂ ਅਰਜ਼ੀਆਂ ਬੀਡੀਪੀਓ ਦਫ਼ਤਰ ਨੂੰ ਭੇਜੀਆਂ ਗਈਆਂ ਹਨ ਪਰ ਅਜੇ ਤੱਕ ਕਿਸੇ ਨੂੰ ਪੈਸੇ ਨਹੀਂ ਮਿਲਿਆ।
ਇਸ ਮੌਕੇ ਤੇ ਪੁਲਸ ਅਧਿਕਾਰੀ ਨਿਰਮਲ ਸਿੰਘ ਨੇ ਕਿਹਾ ਕਿ ਇਹ ਘਟਨਾ ਵਾਪਰੀ ਹੈ ਬਹੁਤੀ ਮੰਦਭਾਗੀ ਹੈ ਇਹ ਪਰਿਵਾਰ ਬਹੁਤ ਨੂੰ ਗ਼ਰੀਬ ਪਰਿਵਾਰ ਹੈ ਮੈਂ ਆਪਣੇ ਵੱਲੋਂ ਇਸ ਪਰਿਵਾਰ ਨੂੰ 5 ਹਜ਼ਾਰ ਰੁਪਏ ਦਿੰਦਾ ਹਾਂ ਤਾਂ ਜੋ ਇਹ ਆਪਣੀ ਮ੍ਰਿਤਕਾ ਦਾ ਸਸਕਾਰ ਕਰ ਸਕਣ।
ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਵੱਲੋਂ ਗ਼ਰੀਬੀ ਰੇਖਾ ਤੋਂ ਨੀਚੇ ਰਹਿ ਰਹੇ ਪਰਿਵਾਰਾਂ ਨੂੰ ਪੱਕੇ ਘਰਾਂ ਲਈ ਪੈਸੇ ਦੇਣ ਗਏ ਤਾਂ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਤੇ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ ਅਤੇ ਗ਼ਰੀਬਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਅਤੇ ਕੀਮਤੀ ਜਾਨਾਂ ਸਰਕਾਰਾਂ ਦੀਆਂ ਅਣਦੇਖੀਆਂ ਦੇ ਚੱਲਦੇ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ ਇਨ੍ਹਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ?






