ਸੰਘਰਸ਼ ਕਰਦੇ ਹੋਇਆਂ ਨੂੰ 9 ਦਿਨ ਹੋ ਚੁੱਕੇ ਹਨ, ਪਰੰਤੂ ਸੂਬੇ ਦੀ ਕਾਂਗਰਸ ਸਰਕਾਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।

ਮੋਗਾ (ਹੈਪੀ-ਹਰਪਾਲ) : ਪੰਜਾਬ ਸਟੇਟ ਮਨਿਸਟਰੀਅਲ ਸਟਾਫ ਐਸੋਸ਼ੀਏਸ਼ਨ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਕੁਲਦੀਪ ਸਿੰਘ, ਜਨਰਲ ਸਕੱਤਰ ਮੇਵਾ ਸਿੰਘ, ਜ਼ਿਲ੍ਹਾ ਚੇਅਰਮੈਨ ਹਰਮੀਤ ਸਿੰਘ, ਪ੍ਰੈੱਸ ਸਕੱਤਰ ਹਰਜੀਤ ਜੀਰਾ, ਮੀਤ ਪ੍ਰਧਾਨ ਮਨਦੀਪ ਸਿੰਘ, ਗੁਰਮੀਤ ਸਿੰਘ ਰੱਖਰਾ(ਕੜਿਆਲ) ਅਤੇ ਹੋਰ ਸਾਥੀਆਂ ਦੀ ਅਗਵਾਈ ਵਿੱਚ ਵੱਖ ਵੱਖ ਵਿਭਾਗਾਂ ਦੇ ਸੈਂਕੜੇ ਮਨਿਸਟਰੀਅਲ ਮੁਲਾਜ਼ਮ ਸਾਥੀਆਂ ਦੀ ਭਰਵੀਂ ਹਾਜ਼ਰੀ ਵਿੱਚ ਕਲਮ ਛੋੜ ਹੜਤਾਲ ਦੇ ਨੌਵੇਂ ਦਿਨ ਰੋਹ ਭਰਪੂਰ ਰੋਸ ਰੈਲੀ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਲਗਾਤਾਰ ਸੰਘਰਸ਼ ਕਰਦੇ ਹੋਇਆਂ ਨੂੰ 9 ਦਿਨ ਹੋ ਚੁੱਕੇ ਹਨ, ਪਰੰਤੂ ਸੂਬੇ ਦੀ ਕਾਂਗਰਸ ਸਰਕਾਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਜਿਸ ਕਾਰਨ ਮੁਲਾਜ਼ਮਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਮੁਲਜ਼ਮਾਂ ਨਾਲ ਗੁਟਕਾ ਸਾਹਿਬ ਸਿਰ ਤੇ ਰੱਖ ਕੇ ਮੂੰਹ ਖਾਦੀ ਸੀ, ਕਿ ਸਾਡੀ ਸਰਕਾਰ ਹੋਂਦ ਵਿੱਚ ਆਉਣ ਉਪਰੰਤ ਤੁਹਾਡੇ ਪੇਅ ਕਮਿਸ਼ਨ ਦੀ ਰਿਪੋਰਟ ਛੇ ਮਹੀਨੇ ਦੇ ਅੰਦਰ-ਅੰਦਰ ਜਾਰੀ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਡੀ.ਏ. ਦੀਆਂ ਬਕਾਇਆ ਰਹਿੰਦੀਆਂ ਕਿਸ਼ਤਾਂ ਤੁਰੰਤ ਦੋ ਮਹੀਨੇ ਦੇ ਅੰਦਰ-ਅੰਦਰ ਜਾਰੀ ਕਰ ਦਿੱਤੀਆਂ ਜਾਣਗੀਆਂ ਅਤੇ ਰਹਿੰਦੇ ਡੀ.ਏ. ਦੇ ਬਕਾਏ ਵੀ ਤੁਰੰਤ ਜਾਰੀ ਕਰ ਦਿੱਤੇ ਜਾਣਗੇ। ਕੱਚੇ ਕਾਮੇ ਪੱਕੇ ਕਰ ਦਿੱਤੇ ਜਾਣਗੇ। ਪੁਰਾਣੀ ਪੈਨਸ਼ਨ ਸਕੀਮ ਜਾਰੀ ਕਰਨ ਸਬੰਧੀ ਤੁਰੰਤ ਸਰਕਾਰ ਵੱਲੋਂ ਲੋੜੀਂਦੇ ਕਦਮ ਚੁੱਕੇ ਜਾਣਗੇ। ਪਰੰਤੂ 4 ਸਾਲ 6 ਮਹੀਨੇ ਦਾ ਸਮਾਂ ਬੀਤ ਜਾਣ ਉਪਰੰਤ ਵੀ ਸਰਕਾਰ ਵੱਲੋਂ ਕਿਸੇ ਤਰਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਮੁਲਾਜ਼ਮਾਂ ਅੰਦਰ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਲਈ ਜੱਥੇਬੰਦੀ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਇਹਨਾਂ ਮਸਲਿਆਂ ਉੱਪਰ ਤੁਰੰਤ ਗੌਰ ਕੀਤਾ ਜਾਵੇ ਅਤੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਇਸ ਤੋਂ ਇਲਾਵਾ ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਯੱਕ-ਮੁਸ਼ਤ ਅਦਾਇਗੀ ਕਰਨਾ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਲਾਗੂ ਕਰਨਾ, 15 ਜਨਵਰੀ 2015 ਤੋਂ ਬਾਅਦ ਸਿਰਫ ਮੁੱਢਲੀ ਤਨਖਾਹ ਦੇਣ ਦਾ ਨੋਟੀਫਿਕੇਸ਼ਨ ਰੱਦ ਕਰਨਾ, ਮੈਡੀਕਲ ਭੱਤੇ ਵਿੱਚ ਵਾਧਾ ਕਰਨਾ, 2015 ਤੋਂ ਬਾਅਦ ਸਮੂਹ ਮੁਲਾਜ਼ਮਾਂ ਨੂੰ ਏ.ਸੀ.ਪੀ. ਦਾ ਲਾਭ ਦੇਣਾ, ਵਿਭਾਗਾਂ ਵਿੱਚ ਕੱਚੇ (ਆਊਟਸੋਰਸਿੰਗ) ਕਾਮਿਆਂ ਨੂੰ ਪੱਕਾ ਕਰਨਾ, ਸਟੈਨੋਗ੍ਰਾਫਰ ਅਤੇ ਸਟੈਨੋਟਾਈਪਿਸਟ ਕੈਟਾਗਰੀ ਨੂੰ ਪ੍ਰਮੋਸ਼ਨ ਦਾ ਲਾਭ ਦੇਣਾ ਆਦਿ ਮੁੱਖ ਮੰਗਾਂ ਸ਼ਾਮਿਲ ਹਨ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਅਤੇ ਜਨਰਲ ਸਕੱਤਰ ਮੇਵਾ ਸਿੰਘ ਵੱਲੋਂ ਕਿਹਾ ਗਿਆ ਕਿ ਸਰਕਾਰ ਮੁਲਾਜ਼ਮਾਂ ਦਾ ਸ਼ੋਸ਼ਣ ਕਰਨਾ ਬੰਦ ਕਰੋ ਅਤੇ ਜਿਹੜੇ ਬੇਰੋਜ਼ਗਾਰ ਪੰਜਾਬ ਵਿੱਚ ਵਿਹਲੇ ਬੈਠੇ ਹੋਏ ਹਨ, ਟਾਵਰਾਂ ਤੇ ਚੜ੍ਹੇ ਹੋਏ ਹਨ, ਸਰਕਾਰ ਇਹਨਾਂ ਬੇਰੋਜ਼ਗਾਰਾਂ ਨੂੰ ਤੁਰੰਤ ਨੌਕਰੀਆਂ ਦੇਣ ਦਾ ਪ੍ਰਬੰਧ ਕਰੇ ਤਾਂ ਜੋ ਜਿਹੜੇ ਨੌਜਵਾਨ ਬੇਰੋਜ਼ਗਾਰੀ ਦਾ ਸੰਤਾਪ ਹੰਢਾ ਰਹੇ ਨੇ ਅਤੇ ਆਪਣੇ ਪਰਿਵਾਰਾਂ ਤੇ ਬੋਝ ਬਣੇ ਹੋਏ ਹਨ, ਉਹਨਾਂ ਦੇ ਪਰਿਵਾਰਾਂ ਨੂੰ ਸੁੱਖ ਦਾ ਸਾਹ ਆ ਸਕੇ। ਜੱਥੇਬੰਦੀ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਤੋਂ ਜੋ ਟੈਕਸ ਇਕੱਠਾ ਕਰ ਰਹੀ ਹੈ, ਅਤੇ ਲੋਕ ਇਮਾਨਦਾਰੀ ਨਾਲ ਟੈਕਸ ਦੇ ਰਹੇ ਹਨ, ਇਸ ਲਈ ਸਰਕਾਰ ਦਾ ਫਰਜ਼ ਬਣਦਾ ਕਿ ਸਰਕਾਰ ਆਪਣੀ ਸਟੇਟ ਦੇ ਲੋਕਾਂ ਨੂੰ ਸਹੂਲਤਾਂ ਦੇ ਕੇ ਉਹਨਾਂ ਦੇ ਹਿੱਤਾਂ ਦੀ ਪੂਰਤੀ ਕਰੋ। ਇਸ ਤੋਂ ਇਲਾਵਾ ਰੈਲੀ ਵਿੱਚ ਸ਼੍ਰੀ ਵਿਨੋਦ ਸ਼ਰਮਾ ਪ੍ਰਧਾਨ ਪੈਨਸ਼ਨਰ ਯੂਨੀਅਨ, ਜੀਤਾ ਸਿੰਘ ਨਾਰੰਗ ਜ਼ਿਲ੍ਹਾ ਪ੍ਰਧਾਨ ਪ੍ਰੈੱਸ, ਜਗਦੀਸ਼ ਚਾਹਲ ਸੂਬਾ ਜਨਰਲ ਸਕੱਤਰ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ, ਪ੍ਰਵੀਨ ਕੁਮਾਰ ਸੁਪਰਡੈਂਟ ਡੀ.ਸੀ ਦਫਤਰ, ਗੁਰਬਚਨ ਸਿੰਘ ਕੰਗ ਪ੍ਰਧਾਨ, ਰਘਬੀਰ ਸਿੰਘ ਸੁਪਰਡੈਂਟ, ਜਸਵਿੰਦਰ ਸਿੰਘ ਸਿਹਤ ਵਿਭਾਗ, ਰਜਿੰਦਰ ਰਿਆੜ, ਸੁਖਮੰਦਰ ਸਿੰਘ ਗੱਜਣਵਾਲਾ, ਜਸਪ੍ਰੀਤ ਗਗਨ, ਜਗਸੀਰ ਸਿੰਘ ਸੀਨੀਅਰ ਸਹਾਇਕ, ਵਰਿੰਦਰ ਕੁਮਾਰ ਆਈ.ਟੀ.ਆਈ., ਮਹਿੰਦਰਪਾਲ ਲੂੰਬਾ, ਰਸ਼ਪਾਲ ਸਿੰਘ ਰੋਜ਼ਗਾਰ ਦਫਤਰ, ਰਾਜਦੀਪ ਜੈਦਕਾ, ਸੁਖ ਰਾਮ ਵਾਟਰ ਸਪਲਾਈ, ਰਮੇਸ਼ ਕੁਮਾਰ, ਜਗਰਾਜ ਸਿੰਘ ਪੀ.ਡਬਲਿਊ.ਡੀ, ਆਗੂਆਂ ਨੇ ਰੈਲੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸਮੂਹ ਵਿਭਾਗਾਂ ਦੇ ਮੁਲਾਜ਼ਮ ਭਾਰੀ ਗਿਣਤੀ ਵਿੱਚ ਰੈਲੀ ਵਿੱਚ ਮੌਜੂਦ ਸਨ।






