ਯੋਜਨਾ ਤਹਿਤ ਖੇਤੀ ਦੇ ਖੇਤਰ ਲਈ 4871 ਕਰੋੜ ਰੁਪਏ ਕਰਜ ਦੇਣ ਦਾ ਮਿੱਥਿਆ ਟੀਚਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਜ਼ਿਲ੍ਹਾ ਲੀਡ ਬੈਂਕ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਤਿਆਰ ਕੀਤੀ ਗਈ 2021-22 ਕਰਜਾ ਯੋਜਨਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਵੱਲੋਂ ਜਾਰੀ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਇੱਕ ਮੀਟਿੰਗ ਰਾਹੀਂ ਇਸ ਕਰਜਾ ਸਕੀਮ ਬਾਰੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਤੋਂ ਵਿਸਥਾਰ ਨਾਲ ਜਾਣਕਾਰੀ ਹਾਸਿਲ ਕੀਤੀ ਅਤੇ ਕਿਹਾ ਕਿ ਜਿਨ੍ਹਾਂ ਸਕੀਮਾਂ ਲਈ ਇਹ ਕਰਜਾ ਸਕੀਮ ਤਿਆਰ ਕੀਤੀ ਗਈ ਹੈ ਉਹ ਟੀਚੇ ਨਿਰਧਾਰਤ ਸਮੇਂ ਵਿੱਚ ਪੂਰੇ ਕੀਤੇ ਜਾਣ।
ਮੀਟਿੰਗ ਦੌਰਾਨ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ਼੍ਰੀ ਕਮਲ ਕੁਮਾਰ ਗਰਗ ਨੇ ਦੱਸਿਆ ਕਿ ਇਸ ਕਰਜਾ ਯੋਜਨਾ ਤਹਿਤ ਇਸ ਸਾਲ ਖੇਤੀ ਦੇ ਖੇਤਰ ਲਈ 4871 ਕਰੋੜ ਰੁਪਏ ਦਾ ਕਰਜ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 5985 ਕਰੋੜ ਰੁਪਏ ਦੇ ਕਰਜ ਵੱਖ-ਵੱਖ ਖੇਤਰਾਂ ਵਿੱਚ ਬੈਂਕਾਂ ਵੱਲੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲ ਦੇ ਖੇਤਰ ਵਿੱਚ 5845 ਕਰੋੜ ਰੁਪਏ ਅਤੇ ਬਿਨ੍ਹਾਂ ਪਹਿਲ ਦੇ ਖੇਤਰ ਵਿੱਚ 140 ਕਰੋੜ ਦਾ ਕਰਜਾ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਸਭ ਤੋਂ ਜ਼ਿਆਦਾ ਖੇਤੀਬਾੜੀ ਖੇਤਰ ਵਿੱਚ 4871 ਕਰੋੜ ਰੁਪਏ ਦੇ ਟੀਚੇ ਰੱਖੇ ਗਏ ਹਨ, ਜੋ ਕਿ ਕੁੱਲ ਯੋਜਨਾ ਦਾ 81 ਫੀਸਦੀ ਹਨ।
ਇਸ ਮੌਕੇ ਏ.ਜੀ.ਐਮ. ਨਾਬਾਰਡ ਸ਼੍ਰੀ ਅਮਿਤ ਗਰਗ, ਡਾਇਰੈਕਟਰ ਆਰ.ਸੇਟੀ ਮਾਨਸਾ ਰਾਜਵਿੰਦਰ ਸਿੰਘ ਤੋਂ ਇਲਾਵਾ ਪੀ.ਐਸ.ਐਲ.ਆਰ.ਐਮ. ਦੇ ਅਧਿਕਾਰੀ ਮੌਜੂਦ ਸਨ।





