ਵੱਡੀ ਗਿਣਤੀ ਵਿੱਚ ਪਹੁੰਚੇ ਕਿਰਤੀਆਂ ਲੋਕਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜਮਾਂ, ਦੁਕਾਨਦਾਰਾਂ ਨੇ ਕੇਂਦਰ ਦੀ ਬੀ.ਜੇ.ਪੀ. ਸਰਕਾਰ ਵਿਰੁੱਧ ਭੜਾਸ ਕੱਢੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਖੇਤੀ ਦੇ ਤਿੰਨ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਨੂੰ ਲੈ ਕੇ ਸੰਯੁਕਤ ਮੋਰਚੇ ਵੱਲੋਂ ਲੜੇ ਜਾ ਰਹੇ ਸੰਘਰਸ਼ ਤਹਿਤ ਖੇਤੀ ਬਚਾਓ ਸੰਵਿਧਾਨ ਬਚਾਓ ਦਿਵਸ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਪਹੁੰਚੇ ਕਿਰਤੀਆਂ ਲੋਕਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜਮਾਂ, ਦੁਕਾਨਦਾਰਾਂ ਨੇ ਕੇਂਦਰ ਦੀ ਬੀ.ਜੇ.ਪੀ. ਸਰਕਾਰ ਵਿਰੁੱਧ ਭੜਾਸ ਕੱਢੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਕਿਉਂਕਿ ਦੇਸ਼ ਦੇ ਉੱਘੇ ਆਰਥਿਕ ਮਾਹਿਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਕਿਰਤੀ ਲੋਕਾਂ ਲਈ ਘਾਤਕ ਦੱਸ ਰਹੇ ਹਨ। ਜਦੋਂ ਕਿ ਬੀ.ਜੇ.ਪੀ. ਦੇ ਕੇਂਦਰ ਸਰਕਾਰ ਦੇ ਨੁਮਾਇੰਦੇ ਸਮੇਤ ਨਰਿੰਦਰ ਮੋਦੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਕਿਰਤੀ ਲੋਕਾਂ ਦੇ ਫਾਇਦੇਮੰਦ ਦੱਸ ਰਹੇ ਹਨ। ਖੇਤੀ ਬਚਾਓ ਸੰਵਿਧਾਨ ਬਚਾਓ ਦਿਵਸ ਨੂੰ ਲੈ ਕੇ ਕਿਰਤੀ ਲੋਕ ਵੱਡੀ ਗਿਣਤੀ ਵਿੱਚ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ। ਭਾਵੇਂ, ਨਰਮੇ ਅਤੇ ਝੌਨੇ ਦੀ ਫ਼ਸਲ ਸਾਂਭਣ ਲਈ ਕੰਮ ਪੂਰੇ ਜ਼ੋਰੇ ਤੇ ਹੈ। ਪਰ ਆਪਣੇ ਹੱਕ ਲੈਣ ਲਈ ਕਿਰਤੀਆਂ ਨੇ ਧੁੱਪ ਅਤੇ ਗਰਮੀ ਦੀ ਵਗੈਰ ਪ੍ਰਵਾਹ ਕੀਤੇ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਕਿਰਤੀ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਾਲੇ ਕਾਨੂੰਨ ਰੱਦ ਕੀਤੇ ਜਾਣ। ਇਸ ਸਮੇਂ ਬੀ.ਕੇ.ਯੂ ਡਕੌਂਦਾ ਦੇ ਮਹਿੰਦਰ ਭੈਣੀ ਬਾਘਾ, ਮੱਖਣ ਭੈਣੀ ਬਾਘਾ, ਬੀ.ਕੇ.ਯੂ ਮਾਨਸਾ ਦੇ ਤੇਜ਼ ਚਕੇਰੀਆਂ, ਡਾ. ਧੰਨਾ ਮੱਲ ਗੋਇਲ, ਰਾਜ ਅਕਲੀਆ, ਮਨਜੀਤ ਉਲਕ, ਹਰਬੰਸ ਟਾਂਡੀਆਂ, ਹਰਦੇਵ ਬੁਰਜ ਰਾਠੀ, ਇਕਬਾਲ ਮਾਨਸਾ, ਰਤਨ ਭੋਲਾ, ਬਰਿਆਮ ਖਿਆਲਾ ਅਤੇ ਬਲਜੀਤ ਚੌਧਰੀ ਨੇ ਸੰਬੋਧਨ ਕੀਤਾ।






