ਰਮਿੰਦਰ ਰਮੀ

ਜੀਅ ਕਰਦਾ
ਤੇਰੇ ਤੇ ਇਕ ਨਜ਼ਮ ਲਿਖਾਂ
ਉਸ ਨਜ਼ਮ ਵਿੱਚ ਕੁਝ ਲਫ਼ਜ਼ ਲਿਖਾਂ
ਮੈਨੂੰ ਲੱਗਦਾ ਤੂੰ ਤੇ
ਬੱਤੀ ਗੁਣ ਸੁੱਲਖਣੀ ਨਾਰ ਹੈ
ਗੁਣਾਂ ਦਾ ਭਰਿਆ ਭੰਡਾਰ ਹੈ
ਕੁੱਲ ਔਰਤ ਜਾਤੀ ਦਾ ਮਾਣ ਹੈ
ਜਿਉਂ ਜਿਉਂ ਤੈਨੂੰ ਪੜ੍ਹਦੀ ਜਾਵਾਂ
ਦੂਣ ਸਵਾਈ ਹੋਈ ਜਾਵਾਂ
ਤੇਰੀਆਂ ਲਿੱਖਤਾਂ ਵਿੱਚੋਂ ਮਹਿਕ ਹੈ ਆਉਂਦੀ
ਤੇਰੇ ਪਿਆਰ ਦੀ ਤੇਰੇ ਕਿਰਦਾਰ ਦੀ
ਤੇਰੀ ਸਾਦ – ਮੁਰਾਦੀ ਰਹਿਣੀ ਬਹਿਣੀ
ਇੱਕੋ ਜਿਹੀ ਹੈ ਤੇਰੀ ਕਹਿਣੀ ਤੇ ਕੱਥਨੀ
ਹਰ ਵੇਲੇ ਮੁਸਕਰਾਉਂਦੀ ਰਹਿੰਦੀ
ਹਰੇਕ ਦੇ ਕੰਮ ਤੂੰ ਭੱਜ ਭੱਜ ਕਰਦੀ
ਸੱਭ ਨੂੰ ਤੂੰ ਹੈਂ ਨਾਲ ਲੈ ਕੇ ਚਲਦੀ
ਹਰ ਇਕ ਨੂੰ ਤੂੰ ਵਡਿਆਉਂਦੀ ਰਹਿੰਦੀ
ਮਾਂ ਬੋਲੀ ਦੀ ਕਰਦੀ ਰੱਜ ਕੇ ਸੇਵਾ
ਸੇਵਾ ਵਿੱਚੋਂ ਮਿਲਦਾ ਮੇਵਾ
ਤਾਂਹੀ ਸਿਆਣੇ ਕਹਿੰਦੇ ਨੇ
ਮੈਨੂੰ ਤੂੰ ਸਮਝਾਉਂਦੀ ਰਹਿੰਦੀ
ਲੋਕਾਂ ਤਾਂ ਕੁਝ ਨਾ ਕੁਝ ਕਹਿੰਦੇ ਰਹਿਣਾ
ਆਪਣੀ ਚਾਲੇ ਚੱਲਦੇ ਜਾਉ
ਗੀਤ ਪਿਆਰ ਦੇ ਗਾਉਂਦੇ ਜਾਉ
ਕਲਮ ਵਿੱਚ ਬਹੁਤ ਤਾਕਤ ਹੁੰਦੀ
ਲਿਖਦੇ ਜਾਉ , ਲਿਖਦੇ ਜਾਉ
ਸ਼ਬਦਾਂ ਦੇ ਤੁਸੀਂ ਹਾਰ ਬਣਾਉ
ਦੁਨੀਆਂ ਦੀ ਤੂੰ ਉੱਚ ਨੀਚ ਸਮਝਾਉਂਦੀ
ਹਿੰਮਤ , ਹੌਂਸਲਾ ਰੱਖ , ਤੂੰ ਮੈਨੂੰ ਕਹਿੰਦੀ
ਆਪਣੀ ਪਰਵਾਜ਼ ਆਪ ਹੈ ਭਰਨੀ
ਦੁਨੀਆਂ ਦੀ ਨਹੀਂ ਪ੍ਰਵਾਹ ਹੈ ਕਰਨੀ
ਇਹਨਾਂ ਮੋਹ – ਭਿੱਜੇ ਸ਼ਬਦਾਂ ਨਾਲ
ਤੂੰ ਮੈਨੂੰ ਗਲੇ ਲਗਾਉਂਦੀ
ਤਾਂਹੀ ਤਾਂ ਮੈਂ ਸੱਭ ਨੂੰ ਹੱਸਕੇ ਕਹਿੰਦੀ
ਉਹ ਤੇ ਹੈ ਮੇਰੀ ਰਾਹ ਦਸੇਰਾ
ਮੇਰੀ ਰਾਹ ਦਸੇਰਾ
( ਰਮਿੰਦਰ ਰਮੀ )





