17.1 C
Chandigarh

TODAY NOW NEWS

Thursday, March 19, 2026
Homeਲਾਈਫ ਸਟਾਈਲਸੈਰ ਸਪਾਟਾ‘ਸੋਨਮਰਗ’ ਕਸ਼ਮੀਰ ਦਾ ਇੱਕ ਖੂਬਸੂਰਤ ਟੂਰਿਸਟ ਸਥਾਨ

‘ਸੋਨਮਰਗ’ ਕਸ਼ਮੀਰ ਦਾ ਇੱਕ ਖੂਬਸੂਰਤ ਟੂਰਿਸਟ ਸਥਾਨ

ਭੁਪਿੰਦਰ ਸਿੰਘ ਬਰਗਾੜੀ

13 ਜੂਨ ਦੀ ਸ਼ਾਮ ਅਸੀਂ ‘ਸੋਨਮਰਗ’ ਵਿਖੇ ਸਿੰਧ ਨਾਲੇ ਦੇ ਕਿਨਾਰੇ ਨਿੱਕੇ ਜਿਹੇ ਮੈਦਾਨ ਵਿੱਚ ਕੈਂਪਿੰਗ ਕੀਤੀ ਹੋਈ ਸੀ ।ਦੱਰੇ ਤੋਂ ਆਉਂਦਾ ਸਿੰਧ ਦਾ ਪਾਣੀ ਬਹੁਤ ਸ਼ੋਰ ਕਰ ਰਿਹਾ ਸੀ ਤੇ ਸਾਰੀ ਰਾਤ ਹਲਕਾ ਹਲਕਾ ਮੀਂਹ ਪੈਂਦਾ ਰਿਹਾ । ਸੁਭਾ ਉੱਠਣ ਉਪਰੰਤ ਚਾਹ ਬਣਾ ਕੇ ਲੱਦਾਖੀ ਮਠਿਆਈ ਜਿਸਨੂੰ ਅੰਗਰੇਜ਼ੀ ‘ਚ ‘ਵਾਲਨੱਟ ਟਾਰਟ‘ ਕਹਿੰਦੇ ਹਨ ਨਾਲ ਪੀਤੀ ਤੇ ਸਾਥੀਆਂ ਨਾਲ ਦੱਰੇ ਦੇ ਸਿਖਰ ਤੇ ਜਾਣ ਬਾਰੇ ਸਲਾਹ ਕੀਤੀ । ਸਮਾਨ ਸਾਂਭ ਕੇ ਅਸੀਂ ਗੱਡੀ ਚੜ੍ਹਾਈ ਵੱਲ ਸਿੱਧੀ ਕੀਤੀ ਤਾਂ ਫੌਜ ਨੇ ਨਾਕੇ ਤੇ ਰੋਕ ਲਿਆ , ਕਿਉਂਕਿ ਅੱਜ ਸਿਰਫ਼ ਕਾਰਗਿਲ ਵਾਲੇ ਪਾਸੇ ਦਾ ਟਰੈਫਿਕ ਇਧਰ ਆਉਣ ਦਾ ਦਿਨ ਸੀ, ਕਹਿੰਦੇ ‘ਕੱਲ੍ਹ ਸੁਭਾ ਆਇਓ’।ਜਦੋਂ ਅਸੀਂ ਦੱਸਿਆ ਕਿ ਸਿਰਫ਼ ਦੱਰੇ ਦੇ ਸਿਖਰ ਤੇ ਜਾ ਕੇ ਵਾਪਸ ਆ ਜਾਣਾ ਹੈ,ਕਹਿੰਦੇ ਉਪਰ ਟਰੈਫਿਕ ਜਾਮ ਹੁੰਦਾ ਇਸ ਕਰਕੇ ਮਨ੍ਹਾ ਕਰ ਰਹੇ ਹਾਂ ਪਰ ਆਪਾਂ ਹਾਰ ਥੋੜ੍ਹਾ ਮੰਨਣੀ ਸੀ , ਆਪਣਾ ਵਿਭਾਗੀ ਸ਼ਨਾਖਤੀ ਕਾਰਡ ਤੇ ਗੱਡੀ ਦੀ ਆਰ. ਸੀ ਫੜਾ ਦਿੱਤੇ ਕਿ ਇਹ ਜਮਾਨਤ ਵਜੋਂ ਰੱਖ ਲਉ…. ਵਾਪਸੀ ਤੇ ਲੈ ਲਵਾਂਗੇ ,ਕਹਿੰਦੇ ‘ਜਾਓ’ ।
ਜੋਜ਼ਿਲਾ ਦੱਰਾ ਪਹਿਲਾਂ ਦੇ ‘ਕਸ਼ਮੀਰ’ ਪਰ ਹੁਣ ਕਸ਼ਮੀਰ ਅਤੇ ਲੱਦਾਖ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜੋੜਨ ਲਈ ਹੱਦ ਵਜੋਂ ਜਾਣਿਆ ਜਾਂਦਾ ਹੈ। ਇਸ ਨੂੰ ਪਾਰ ਕਰਨ ਲਈ ਸਭ ਤੋਂ ਸਮੁੰਦਰ ਤਲ ਤੋਂ 11575 ਫੁੱਟ ਉੱਚਾ ਪੁਆਇੰਟ ਲੰਘ ਕੇ ਅਸੀਂ ਕਸ਼ਮੀਰ ਵਾਦੀ ਛੱਡ ਕੇ ਬੇਹੱਦ ਖ਼ੂਬਸੂਰਤ ‘ਸੁਰੂ’ ਵਾਦੀ ਅਤੇ ਦਰਾਸ ਵਾਦੀ ਵਿੱਚ ਦਾਖਲ ਹੋ ਸਕਦੇ ਹਾਂ ।’ਜੋਜ਼ਿਲਾ’ ਲੱਦਾਖੀ ਭਾਸ਼ਾ ਦਾ ਸ਼ਬਦ ਹੈ ਜੋ ਕਿ ਜੋਜ਼ੀ ਅਤੇ ਲਾ ਤੋਂ ਬਣਿਆ ਹੈ । ਲੱਦਾਖੀ ਵਿੱਚ ‘ਲਾ’ ਦੱਰੇ ਨੂੰ ਕਿਹਾ ਜਾਂਦਾ ਹੈ । ਇਸ ਦੱਰੇ ਨੂੰ ਬਹੁਤ ਬੇਰਹਿਮ ਮੰਨਿਆਂ ਦਾਂਦਾ ਹੈ ਕਿਉਂਕਿ ਆਮ ਦੱਰਿਆਂ ਵਾਂਗ ਇੱਕਦਮ ਸਿੱਧੀ ਚੜ੍ਹਾਈ ਤੋਂ ਇਲਾਵਾ ਇਥੇ ਪਹਾੜੀਆਂ ਦੇ ਖਿਸਕਣ ਦਾ ਬਹੁਤ ਖਤਰਾ ਬਣਿਆ ਰਹਿੰਦਾ ਹੈ ਤੇ ਕਈ ਤਰਾਂ ਦੀ ਮਿੱਟੀ ਹੋਣ ਕਰਕੇ ਸੜਕ ਤੇ ਕੁਝ ਨਾ ਕੁਝ ਡਿੱਗਿਆ ਹੀ ਰਹਿੰਦਾ ਹੈ । ਇਸ ਦਾ ਮੁੱਖ ਭਾਗ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ ‘ਲੱਦਾਖ’ ਦੇ ਕਾਰਗਿਲ ਜਿਲ੍ਹੇ ਵਿੱਚ ਪੈਂਦਾ ਹੈ ਤੇ ਇਸ ਤੋਂ ਅੱਗੇ ਲੱਦਾਖ ਵਾਲੇ ਪਾਸੇ ਉੱਤਰ ਕੇ ਮੁੱਖ ਕਸਬਾ ‘ਦਰਾਸ’ ਆਉਂਦਾ ਹੈ ਜੋ ਦੁਨੀਆਂ ਦਾ ਦੂਜਾ ਸਭ ਤੋਂ ਠੰਡੇ ਖੇਤਰ ਵਜੋਂ ਜਾਣਿਆਂ ਜਾਂਦਾ ਹੈ । ਇਸ ਤੋਂ ਅਗਾਂਹ ਨੈਸ਼ਨਲ ਹਾਈਵੇ ਨੰ. ਇੱਕ ਕਾਰਗਿਲ ਹੁੰਦਾ ਹੋਇਆ ਲੇਹ ਤੇ ਸਿਆਚਿਨ ਗਲੇਸ਼ੀਅਰ ਤੱਕ ਚਲਾ ਜਾਂਦਾ ਹੈ । ਇਸ ਦੱਰੇ ਦੇ ਸਿਖਰ ਤੋਂ ਉਰਲੇ ਪਾਸੇ ਵੱਲ ਸਿੰਧੁ ਨਾਲਾ ਵਹਿੰਦਾ ਹੈ,ਜੋ ਅਗਾਂਹ ਸ਼੍ਰੀਨਗਰ ਦੇ ਨੇੜੇ ਜਾ ਕੇ ਜੇਹਲਮ ਵਿੱਚ ਸਮਾ ਜਾਂਦਾ ਹੈ ਤੇ ਲੱਦਾਖ ਵਾਲੇ ਪਾਸੇ ਦਰਾਸ ਨਦੀ ਜੋ ਅਗਾਂਹ ਜਾ ਕੇ ਸਿੰਧ ਦਰਿਆ ਵਿੱਚ ਸਮਾ ਕੇ ਮਕਬੂਜਾ ਕਸ਼ਮੀਰ ਵਿੱਚ ਦਾਖਲ ਹੋ ਜਾਂਦੀ ਹੈ ।
ਇਸ ਦੱਰੇ ਤੇ ਬਹੁਤ ਬੇਰਹਿਮ ਤਰੀਕੇ ਨਾਲ ਬਰਫ ਪੈਂਦੀ ਹੈ, ਕਿਉਂਕਿ ਆਮ ਤੌਰ ਤੇ ਹਵਾ ਦੇ ਵਹਾਅ ਕਰਕੇ ਪਹਾੜ ਦੇ ਇੱਕ ਪਾਸੇ ਭਾਰੀ ਬਰਫ਼ ਪੈਂਦੀ ਹੈ ਤੇ ਦੂਜੇ ਪਾਸੇ ਘੱਟ ਪਰ ਜੋਜ਼ਿਲਾ ਦੱਰੇ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਸਦੇ ਦੋਵੇਂ ਪਾਸਿਆਂ ਤੋਂ ਭਾਰੀ ਬਰਫ਼ਬਾਰੀ ਹੁੰਦੀ ਹੈ…..

ਕਿਸੇ ਕਿਸੇ ਸਾਲ ਪੈਂਤੀ ਚਾਲੀ ਫੁੱਟ ਤੱਕ ਵੀ ਦਰਜ ਹੋਈ ਹੈ ।ਦੁਨੀਆਂ ਦੇ ਸਭ ਤੋਂ ਉੱਚੇ ਰਣਖੇਤਰ ਭਾਵ ਸਿਆਚਨ ਗਲੇਸ਼ੀਅਰ ਨੂੰ ਬਾਕੀ ਭਾਰਤ ਨਾਲ ਜੋੜਨ ਵਾਲੀ ਮੁੱਖ ਸੜਕ ਨੈਸ਼ਨਲ ਹਾਈਵੇਅ ਨੰਬਰ ਇੱਕ,’ਜੋਜ਼ਿਲਾ’ ਦੱਰੇ ਤੋਂ ਲੰਘਦਾ ਹੋਣ ਕਰਕੇ ਇਸ ਨੂੰ ਚੱਲਦਾ ਰੱਖਣਾ ਇੱਕ ਵੱਡੀ ਚੁਣੌਤੀ ਹੁੰਦਾ ਹੈ । ਬੀ.ਆਰ.ਓ ਵੱਲੋਂ ਪਰਾਜੈਕਟ ਬੀਕਨ ਰਾਹੀਂ ਬੇਹੱਦ ਖਤਰਨਾਕ ਮੌਸਮ ਵਿੱਚ ਵੀ ਇਸਨੂੰ ਚੱਲਦਾ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ , ਜਿਸ ਲਈ ਮਣਾ ਮੂੰਹੀ ਡੀਜ਼ਲ ਦੀ ਖਪਤ ਨਾਲ ਟਨਾਂ ਦੇ ਟਨ ਬਰਫ਼ ਨੂੰ ਬੁਲਡੋਜ਼ਰ ਸਾਫ ਕਰਦੇ ਹਨ ।ਆਮ ਤੌਰ ਤੇ ਇਸ ਦੱਰੇ ਨੂੰ ਭਾਰੀ ਬਰਫ਼ ਪੈ ਜਾਣ ਦੇ ਬਾਵਜੂਦ ਵੀ ਨਵੰਬਰ ਦੇ ਅੰਤਲੇ ਦਿਨਾਂ ਤੱਕ ਚੱਲਦਾ ਰੱਖਿਆ ਜਾਂਦਾ ਹੈ, ਪਰ ਪਿਛਲੀਆਂ ਸਰਦੀਆਂ ਵਿੱਚ ਇਹ ਇਕੱਤੀ ਦਸੰਬਰ ਤੱਕ ਚਲਦਾ ਰੱਖਿਆ ਗਿਆ ਸੀ । ਦੁਬਾਰਾ ਇਸ ਸਾਲ ਮਾਰਚ ਵਿੱਚ ਖੋਲ੍ਹਿਆ ਗਿਆ ਸੀ । ਬਰਫ਼ ਦੇ ਵੱਡੇ ਐਵਲਾਂਚ ਕਾਰਨ ਮਸ਼ੀਨਰੀ ਦਾ ਵੀ ਬਹੁਤ ਨੁਕਸਾਨ ਹੋ ਜਾਂਦਾ ਹੈ ।
ਸਾਡੀ ਗੱਡੀ ਹੌਲੀ ਹੌਲੀ ਅੱਗੇ ਵਧ ਰਹੀ ਹੈ, ਉੱਪਰੋਂ ਜਿਆਦਾਤਰ ਖਾਲੀ ਟਰੱਕ ਵਾਪਸ ਆ ਰਹੇ ਹਨ, ਖਾਸਕਰ ਪੈਟਰੋਲੀਅਮ ਤੇਲ ਵਾਲੀਆਂ ਗੱਡੀਆਂ ਜੋ ਲੱਦਾਖ ਵਿੱਚ ਡੀਜ਼ਲ ਪੈਟਰੋਲ ਅਤੇ ਮਿੱਟੀ ਦਾ ਤੇਲ ਜਮ੍ਹਾਂ ਕਰਨ ਵਿੱਚ ਜੁਟੀਆਂ ਹੋਈਆਂ ਹਨ ਅਤੇ ਬਾਕੀ ਦੇ ਟਰੱਕ ਫੌਜ ਤੇ ਆਮ ਲੋਕਾਂ ਲਈ ਰੋਜ਼ਮੱਰਾ ਲੋੜੀਂਦੀਆਂ ਵਸਤਾਂ ਦੀ ਢੋਆਢੁਆਈ ਕਰਦੀਆਂ ਹਨ ਜਿਨਾਂ ਵਿੱਚ ਮੁੱਖ ਤੌਰ ਤੇ ਕਣਕ, ਚਾਵਲ, ਦਾਲਾਂ , ਮਸਾਲੇ ਆਦਿ ਪ੍ਰਮੁੱਖ ਹਨ । ਦੱਰੇ ਦੀ ਚੜ੍ਹਾਈ ਸਖਤ ਹੋਣ ਕਰਕੇ ਤੇਲ ਦੀ ਖਪਤ ਬਹੁਤ ਜਿਆਦਾ ਹੁੰਦੀ ਹੈ ਤੇ ਇਸੇ ਕਰਕੇ ਅਣਬਲੇ ਡੀਜ਼ਲ ਕਣਾਂ ਦੀ ਇੱਕ ਅਜੀਬ ਜਿਹੀ ਦੁਰਗੰਧ ਵਾਤਾਵਰਣ ਵਿੱਚ ਘੁਲੀ ਹੋਈ ਹੈ । ਜਿਆਦਾ ਉਚਾਈ ਹੋਣ ਕਰਕੇ ਦਰੱਖਤ ਆਦਿ ਵੀ ਨਹੀਂ ਹਨ, ਇਸ ਕਰਕੇ ਆਕਸੀਜਨ ਦੀ ਘਾਟ ਵੀ ਆਮ ਜਿਹੀ ਗੱਲ ਹੈ । ਜਦੋਂ ਪਾਸ ਤੇ ਪਹੁੰਚਦੇ ਹਾਂ ਤਾਂ ਠੰਢੀ ਯੱਖ ਹਵਾ ਵਗ ਰਹੀ ਸੀ ਤੇ ਲੱਗਦਾ ਸੀ ਕਿ ਕਿਣਮਿਣ ਵੀ ਹੋਣੇ ਹੋਈ ਕਿ ਹੁਣੇ ਹੋਈ ਕਿਉਂਕਿ ਕਿਸੇ ਵੀ ਦੱਰੇ ਦੇ ਸਿਖਰ ਤੇ ਮੌਸਮ ਦਾ ਇੱਕ ਪਲ ਦਾ ਵੀ ਵਸਾਹ ਨਹੀਂ ਕਿ ਕਿਸ ਤਰਾਂ ਦਾ ਬਣ ਜਾਵੇ । ਅੱਜ ਤੋਂ ਛੇ ਸਾਲ ਪਹਿਲਾਂ ਵੀ ਇਨ੍ਹਾਂ ਦਿਨਾਂ ਵਿੱਚ ਹੀ ਸਾਥੀਆਂ ਨਾਲ ਇਸ ਦੱਰੇ ਤੇ ਮੋਟਰਸਾਇਕਲ ਟੂਰ ਦੌਰਾਨ ਆਇਆ ਸਾਂ , ਉਸ ਸਾਲ ਦੇ ਮੁਕਾਬਲੇ ਇਸ ਵਾਰ ਬਰਫ਼ ਅੱਧੀ ਵੀ ਨਹੀਂ ਸੀ ਇਸ ਨੂੰ ਮੌਸਮੀਂ ਬਦਲਾਅ ਕਹਿ ਲਈਏ ਜਾਂ ਫੇਰ ਗਲੋਬਲ ਵਾਰਮਿੰਗ ਦੇ ਪੇਟੇ ਪਾ ਦੇਈਏ, ਇਹ ਸਾਡੇ ਤੇ ਮੁਨੱਸਰ ਕਰਦਾ ਹੈ । ਸਿਰੇ ਤੇ ਪਹੁੰਚ ਕੇ ਦੇਖਿਆ ਕਿ ਚਾਹ ਦੀ ਇੱਕ ਹੀ ਦੁਕਾਨ ਹੈ ਜੋ ਗਰਮ ਗਰਮ ਚਾਹ ਰਾਹੀਂ ਆਉਂਦੇ ਜਾਂਦੇ ਰਾਹੀਆਂ ਨੂੰ ਚਾਰ ਡਿਗਰੀ ਸੈਂਟੀਗਰੇਡ ਵਿੱਚ ਵੀ ਨਿੱਘੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਲਾਕਡਾਉਨ ਕਰਕੇ ਰਾਜਾਂ ਦੇ ਬਾਰਡਰ ਬੰਦ ਸਨ,ਇਸੇ ਕਰਕੇ ਸੈਲਾਨੀ ਤੇ ਮੋਟਰਸਾਇਕਲਿਸਟ ਨਹੀਂ ਆਏ ਤਾਂ ਦੁਕਾਨਾਂ ਵੀ ਨਹੀਂ ਲੱਗੀਆਂ ਨਹੀਂ ਤਾਂ ਆਮ ਕਰਕੇ ਚਾਹ, ਮੈਗੀ, ਮੋਮੋ ਵਗੈਰਾ ਦੀਆਂ ਪੰਜ ਛੇ ਦੁਕਾਨਾਂ ਇਸ ਦੱਰੇ ਤੇ ਹੁੰਦੀਆਂ ਹਨ ਅਤੇ ਨਾਲ ਹੀ ਕੁਝ ਫੋਟੋਗਰਾਫਰ ਤੇ ਸਕੀਇੰਗ ਕਰਵਾਉਣ ਵਾਲੇ । ਹੁਣ ਸਿਰਫ ਪੰਜ ਛੇ ਸਕੀਮੋਬਾਇਲ ਜਾਂ ਆਧੁਨਿਕ ਭਾਸ਼ਾ ਵਿੱਚ ਕਹਿ ਦੇਈਏ ਕਿ ਸਨੋਸਕੂਟਰ ਵਾਲੇ ਸਨ ਜੋ ਇੱਕ ਕਿੱਲੋਮੀਟਰ ਦੇ ਝੂਟੇ ਆਫ਼ਰ ਕਰ ਰਹੇ ਸਨ । ਫੁੱਲ ਮੰਦੇ ਨਾਲ ਜੂਝ ਰਹੇ ਗੰਧਰਬਲ ਦੇ ਰਹਿਣ ਵਾਲੇ ਆਸਿਫ਼ ਨੇ ਦੱਸਿਆ ਕਿ ਪਿਛਲੇ ਢਾਈ ਸਾਲਾਂ ਦੇ ‘ਬੰਦ’ ਨੇ ਸਾਡੀਆਂ ਘੀਸੀਆਂ ਕਰਵਾ ਦਿੱਤੀਆਂ ਹਨ।ਪਹਿਲਾਂਧਾਰਾ 370 ਰੱਦ ਕਰਨ ਕਰਕੇ ਬੰਦੀ ਤੇ ਹੁਣ ਡੇਢ ਸਾਲ ਤੋਂ ਕੋਵਿਡ ਕਰਕੇ ਜੂਝ ਰਹੇ ਹਾਂ । ਜੋ ਰਾਈਡ ਕਿਸੇ ਸਮੇਂ ਦੋ ਹਜਾਰ ਮੰਗ ਕੇ ਸੋਲਾਂ ਸਤਾਰਾਂ ਸੌ ਰੁਪਏ ਵਿੱਚ ਕਰਵਾਈ ਜਾਂਦੀ ਸੀ ਉਸ ਨੂੰ ਪੰਜ ਸੌ ਰੁਪਏ ਵਿੱਚ ਕਰਵਾਉਣ ਲਈ ਤਿਆਰ ਹੀ ਨਹੀਂ ਸੀ ਬਲਕਿ ਇੱਕ ਤਰੀਕੇ ਨਾਲ ‘ਤਰਲਾ’ ਮਾਰ ਰਿਹਾ ਸੀ ।ਕਿਣਮਿਣ ਹੋਣ ਲੱਗ ਪਈ ਸੀ ਤੇ ਅਸੀਂ ਇਕਲੌਤੇ ਚਾਹ ਵਾਲੇ ਦੇ ਤੰਬੂ ਅੰਦਰ ਸ਼ਰਨ ਲਈ । ਆਪਣਾ ਪ੍ਰੈਸ਼ਰ ਕੁੱਕਰ ਵਿੱਚਲਾ ‘ਮਾਲ’ ਗਰਮ ਕਰਕੇ ਦੇਣ ਲਈ ਬੇਨਤੀ ਕੀਤੀ ਤੇ ਨਾਲ ਹੀ ਕਸ਼ਮੀਰੀ ਰੋਟੀਆਂ ਜੋ ਸੋਨਮਰਗ ਤੋਂ ਚੱਲਣ ਲੱਗਿਆਂ ਪੈਕ ਕਰਵਾ ਲਈਆਂ ਸਨ । ਖਾਣਾ ਖਾਂਦਿਆਂ ਖਾਂਦਿਆਂ ਮੀਂਹ ਤੇਜ ਹੋ ਗਿਆ ਸੀ । ਤੰਬੂ ਅੰਦਰੋਂ ਬਾਹਰ ਨਿੱਕਲਦਿਆਂ ਲੇਹ ਨੂੰ ਮੋਟਰਸਾਇਕਲਾਂ ਤੇ ਚੱਲੇ ਮੁਕਤਸਰੀਏ ਮਿੱਤਰ ‘ਕੁਲਦੀਪ’ ਹੁਣੀਂ ਵੀ ਆ ਗਏ । ਅਸੀਂ ਲੈਂਡ ਸਲਾਇਡ ਹੋਣ ਕਰਕੇ ਰਸਤਾ ਬੰਦ ਹੋ ਜਾਣ ਦੇ ਡਰੋਂ ਬਰਫ਼ ਤੇ ਸਕੂਟਰ ਭਜਾਉਣ ਦਾ ਇਰਾਦਾ ਤਿਆਗ ਕੇ ਵਾਪਸੀ ਸ਼ੁਰੂ ਕਰ ਦਿੱਤੀ । ਜੋਜ਼ੀਲਾ ਦੱਰੇ ਤੱਕ ਦੇ ਇਸ ਰੁਮਾਂਚਿਕ ਸਫ਼ਰ ਨੇ ਬਹੁਤ ਆਨੰਦਿਤ ਕਰ ਦਿੱਤਾ ਸੀ ਤੇ ਅਸੀਂ ਸਫ਼ਰ ਦੇ ਖੁਮਾਰ ਵਿੱਚ ਮੰਤਰਮੁਗਧ ਸਾਂ । ਵੈਸੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਸਿਆਚਨ ਤੱਕ ਸਾਰਾ ਸਾਲ ਸੜਕੀ ਸੰਪਰਕ ਰੱਖਣ ਲਈ ਸੋਨਮਰਗ ਤੋਂ ਦਰਾਸ ਤੱਕ ਸਵਾ ਚੌਦਾਂ ਕਿੱਲੋਮੀਟਰ ਲੰਬੀ ਸੁਰੰਗ ਦਾ ਕੰਮ 2018 ਤੋਂ ਸ਼ੁਰੂ ਕੀਤਾ ਗਿਆ ਹੈ ਤੇ ਆਉਂਦੇ ਦੋ ਤਿੰਨ ਸਾਲਾਂ ਤੱਕ ਪੂਰਾ ਹੋਣ ਦੀ ਉਮੀਦ ਹੈ ਜਿਸ ਨਾਲ ਇਹ ਬਿਆਲੀ ਤਰਤਾਲੀ ਕਿੱਲੋਮੀਟਰ ਦਾ ਸਫ਼ਰ ਘਟ ਕੇ ਸਿਰਫ਼ ਚੌਦਾਂ ਕਿੱਲੋਮੀਟਰ ਦਾ ਰਹਿ ਜਾਵੇਗਾ ਤੇ ਫਿਰ ਟੂਰਿਸਟ ਅਤੇ ਮੋਟਰਸਾਇਕਲਿਸਟ ਇਸ ਦੱਰੇ ਦਾ ਨਜ਼ਾਰਾ ਉਦੋਂ ਹੀ ਲੈ ਸਕਣਗੇ ਜਦੋਂ ਆਪਣੇ ਆਪ ਬਰਫ਼ ਖੁਰਿਆ ਕਰੇਗੀ । ਇਸ ਕਰਕੇ ਜੇ ਜੱਕਾਂਤੱਕੀ ਵਿੱਚ ਹੋ ਤਾਂ ਮਾਰ ਲਉ ਹੰਭਲਾ ।
ਭੁਪਿੰਦਰ ਸਿੰਘ ਬਰਗਾੜੀ
ਨੋਟ. ਫੋਟੋਆਂ ਛੇ ਸਾਲ ਪਹਿਲਾਂ ਦੀਆਂ ਹਨ । ਇਸ ਸਾਲ ਪਹਿਲੀ ਫੋਟੋ ਵਾਲੇ ਥਾਂ ਤੇ ਬਹੁਤ ਥੋੜ੍ਹੀ ਬਰਫ ਸੀ ।

Today Now News

RELATED ARTICLES
- Advertisment -

POPULAR POSTS