17.1 C
Chandigarh

TODAY NOW NEWS

Thursday, March 19, 2026
Homeਲਾਈਫ ਸਟਾਈਲਸੈਰ ਸਪਾਟਾ‘ਬਾਰਡਰ ਰੋਡਜ਼ ਆਰਗੇਨਾਈਜੇਸ਼ਨ’

‘ਬਾਰਡਰ ਰੋਡਜ਼ ਆਰਗੇਨਾਈਜੇਸ਼ਨ’

ਭੁਪਿੰਦਰ ਸਿੰਘ ਬਰਗਾੜੀ

ਕੱਲ੍ਹ ਅਸੀਂ ਸੋਨਮਾਰਗ ਤੋਂ ਜੋਜ਼ਿਲਾ ਦੱਰੇ ਨੂੰ ਜਾ ਰਹੇ ਸੀ ਤਾਂ ਰਾਸਤੇ ਵਿੱਚ ਕਈ ਥਾਵਾਂ ਤੇ ਟਰੈਫਿਕ ਨੂੰ ਰੋਕ ਕੇ ਰਾਸਤੇ ਨੂੰ ਸਹੀ ਤਰੀਕੇ ਨਾਲ ਚੱਲਦਾ ਰੱਖਣ ਲਈ ਚੱਟਾਨਾਂ ਦੀ ਕਟਾਈ ਦਾ ਕੰਮ ਹੋ ਰਿਹਾ ਸੀ । ਇਸ ਕੰਮ ਲਈ ਸਰਕਾਰ ਵੱਲੋਂ ਇੱਕ ਵੱਖਰੀ ਫੋਰਸ ਬਣਾਈ ਗਈ ਹੈ ਜਿਸਨੂੰ ‘ਬਾਰਡਰ ਰੋਡਜ਼ ਆਰਗੇਨਾਈਜੇਸ਼ਨ’ ਦਾ ਨਾਂ ਦਿੱਤਾ ਗਿਆ ਹੈ । ਇਸਨੂੰ ਆਮ ਬੋਲਚਾਲ ਵਿੱਚ ਬੀ.ਆਰ.ਓ ਕਿਹਾ ਜਾਂਦਾ ਹੈ ਅਤੇ ਇਹ ਸਿਰਫ ਬਾਰਡਰ ਦੇ ਇਲਾਕਿਆਂ ਵਿੱਚ ਹੀ ਕਾਰਜਸ਼ੀਲ ਰਹਿੰਦੀ ਹੈ । ਬੀ.ਆਰ.ਓ ਬਾਰੇ ਸਾਡੇ ਬਹੁਤੇ ਜਿਆਦਾ ਲੋਕ ਨਹੀਂ ਜਾਣਦੇ, ਕਿਉਂਕਿ ਬਹੁਤੇ ਲੋਕਾਂ ਦਾ ਸਿੱਧੇ ਤੌਰ ਤੇ ਵਾਹ ਨਹੀਂ ਪੈਂਦਾ ।ਸਿਰਫ ਉੱਚੇ ਪਹਾੜਾਂ ਤੇ ਰਹਿਣ ਵਾਲੇ ਜਾਂ ਫਿਰ ਘੁੰਮਣ ਜਾਣ ਵਾਲੇ ਲੋਕ ਹੀ ਇਸ ਸੰਸਥਾ ਤੇ ਇਸਦੇ ਕੰਮਾਂ ਬਾਰੇ ਜਾਣਦੇ ਹਨ।ਬੀ.ਆਰ.ਓ ਦਾ ਗਠਨ 7 ਮਈ 1960 ਨੂੰ ਕੀਤਾ ਗਿਆ ਸੀ ਤੇ ਇਹ ਹਥਿਆਰਬੰਦ ਫੌਜਾਂ ਦੇ ਇੱਕ ਹਿੱਸੇ ਵਜੋਂ ਕੰਮ ਕਰਦਾ ਹੈ ।ਸਿੱਧੇ ਤੌਰ ਕੇ ਭਾਰਤੀ ਰੱਖਿਆ ਮੰਤਰਾਲੇ ਦੇ ਅਥੀਨ ਬੀ.ਆਰ.ਓ ਦੇ ਉੱਪਰਲੇ ਕਾਡਰ ਦੀ ਭਰਤੀ ‘ਭਾਰਤੀ ਇੰਜਨੀਅਰ ਸਰਵਿਸ’ ਅਧੀਨ ਯੂ.ਪੀ.ਐਸ.ਸੀ ਵੱਲੋਂ ਕੀਤੀ ਜਾਂਦੀ ਹੈ ਜਦਕਿ ਹੇਠਲੇ ਕਾਡਰ ਲਈ ਕਰਮਚਾਰੀ ਫੌਜ ਵੱਲੋਂ ਭਰਤੀ ਕੀਤੇ ਜਾਂਦੇ ਹਨ ।ਫੌਜ ਵਾਂਗ ਹੀ ਇਨਾਂ ਯੋਧਿਆਂ ਦੀ ਲੜਾਈ ਬੇਰਹਿਮ ਮੌਸਮ ਦੇ ਨਾਲ ਨਾਲ ਵੱਡੇ ਵੱਡੇ ਪਥਰੀਲੇ ਪਹਾੜਾਂ ਨਾਲ ਹੁੰਦੀ ਹੈ ਜਿਨਾਂ ਨੂੰ ਡਰਿਲਿੰਗ ਨਾਲ ਤੋੜ ਕੇ ਰਾਸਤੇ ਬਣਾਉਂਦੇ ਹਨ ਅਤੇ ਬਰਫ਼ਾਂ ਜਾਂ ਢਿੱਗਾਂ ਡਿੱਗਣ ਦੌਰਾਨ ਹੋਏ ਨੁਕਸਾਨ ਦੀ ਪੂਰਤੀ ਕਰਦੇ ਹਨ ।ਜੰਮੂ ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਲਗਦੀਆਂ ਅੰਤਰਰਾਸ਼ਟਰੀ ਹੱਦਾਂ ਨੂੰ ਜਾਂਦੇ ਬਹੁਤੇ ਦੁਰਗਮ ਰਾਸਤਿਆਂ ਦੀ ਸਾਂਭ ਸੰਭਲ ਬੀ.ਆਰ.ਓ ਆਪਨੇ ਵੱਖਰੇ ਵੱਖਰੇ ਪ੍ਰੋਜੈਕਟਾਂ ਰਾਹੀਂ ਕਰਦਾ ਹੈ ।ਹਜਾਰਾਂ ਫੁੱਟ ਦੀ ਉਚਾਈ ਤੇ ਸਥਿਤ ਦੱਰਿਆਂ ਤੋਂ ਲਗਾਤਾਰ ਬਰਫ਼ ਹਟਾ ਕੇ ਉਨਾਂ ਨੂੰ ਫੌਜ ਲਈ ਚੱਲਦੇ ਰੱਖਣਾ ਇੱਕ ਬਹੁਤ ਵੱਡਾ ਚੁਣੌਤੀਪੂਰਨ ਕਾਰਜ ਹੈ ।
ਅੱਜ ਬੀ.ਆਰ.ਓ ਭਾਰਤ ਦੇ 18 ਰਾਜਾਂ ਵਿੱਚ ਅਤੇ ਪੰਜ ਕੇਂਦਰ ਸ਼ਾਸਤ ਪਰਦੇਸ਼ਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਅਤੇ ਪੰਜ ਦੇਸ਼ ਅਫਗਾਨਿਸਤਾਨ, ਸ੍ਰੀ ਲੰਕਾ, ਭੂਟਾਨ, ਬਰ੍ਹਮਾਂ ਅਤੇ ਤਜ਼ਾਕਿਸਤਾਨ ਵਿੱਚ ਵੀ ਕੰਮ ਕਰ ਰਿਹਾ ਹੈ ।ਭਾਵੇਂ ਅੱਜਕੱਲ੍ਹ ਵੱਡੀਆਂ ਵੱਡੀਆਂ ਪ੍ਰੋਕਲੇਨ ਮਸ਼ੀਨਾਂ, ਅਰਥ ਮੂਵਰ ਕਰੇਨਾਂ , ਡੋਜਰ ਅਤੇ ਬਰਫ਼ਾਂ ਸਾਫ਼ ਕਰਨ ਲਈ ਬਥੇਰੇ ਸਾਧਨ ਆ ਗਏ ਹਨ ਪਰ ਦਹਾਕਿਆਂ ਪਹਿਲਾਂ ਗੈਂਤੀਆਂ ਅਤੇ ਕੁਦਾਲਾਂ ਬੇਲਚਿਆਂ ਆਦਿ ਨਾਲ ਪੱਥਰਾਂ ਨੂੰ ਤੋੜ ਕੇ ਬਣਾਏ ਰਾਸਤਿਆਂ ਤੇ ਚੱਲਦਿਆਂ ਉਨਾਂ ਸੈਂਕੜੇ ਜਾਂਬਾਜ ਯੋਧਿਆਂ ਦੀ ਸੇਵਾ ਤੇ ਬਲਿਹਾਰ ਜਾਣ ਨੂੰ ਦਿਲ ਕਰਦਾ ਹੈ ।ਇਨਾਂ ਪ੍ਰੋਜੈਕਟਾਂ ਨੂੰ ਪੂਰਾ ਕਰਦਿਆਂ ਲੱਖਾਂ ਜਾਨਾਂ ਗਈਆਂ ਜਿਨਾਂ ਦੀ ਸਿਰਫ਼ ਗਿਣਤੀ ਯਾਦ ਰੱਖੀ ਜਾਂਦੀ ਹੈ ,ਸ਼ਹੀਦਾਂ ਚ ਨਹੀਂ । ਬੀ. ਆਰ.ਓ ਦੇ ਫੌਜੀਆਂ ਨੂੰ ਵੀ ਭਾਰਤੀ ਫੌਜ ਵਾਂਗ ਹੀ ਸੇਵਾ ਮੈਡਲ, ਸ਼ੌਰਿਆ ਚੱਕਰ, ਪਰਮ ਵਿਸ਼ਿਸ਼ਟ ਸੇਵਾ ਮੈਡਲ ਆਦਿ ਮਿਲਦੇ ਹਨ, ਅਤੇ ਇਸ ਤੋਂ ਇਲਾਵਾ ਦੋ ‘ਪਦਮ ਸ਼੍ਰੀ’ ਵੀ ਸੰਸਥਾ ਦੇ ਖਾਤੇ ਹਨ । ਜੂਨ 2013 ‘ਚ ਲਾਹੌਲ ਸਪਿਤੀ ਆਪਣੇ ਸਾਥੀਆਂ ਨਾਲ ‘ਲਾਹੌਲ ਸਪਿਤੀ’ ਦੇ ਮੋਟਰ ਸਾਇਕਲ ਟੂਰ ਤੇ ਗਿਆ ਸਾਂ ਤਾਂ ਵੇਖਿਆ ਕਿ ਸ਼ਿਮਲੇ ਤੋਂ ਤਕਰੀਬਨ ਪੌਣੇ ਚਾਰ ਸੌ ਕਿਲੋਮੀਟਰਾਂ ਦੇ ਦੁਨੀਆਂ ਦੇ ਸਭ ਤੋਂ ਦੁਰਗਮ ਰਾਸਤੇ ਨੂੰ ਪ੍ਰੋਜੈਕਟ ‘ਦੀਪਕ’ ਰਾਹੀਂ ਬੀ.ਆਰ.ਓ ਵੱਲੋਂ ਬਨਾਇਆ ਗਿਆ ਹੈ ਤੇ ਲਗਾਤਾਰ ਇਸਦੀ ਮੁਰੰਮਤ ਕੀਤੀ ਜਾ ਰਹੀ ਹੈ ਕਿਉਂਕਿ ਲੈਂਡ ਸਲਾਇਡ ਦੌਰਾਨ ਇਹ ਰਾਸਤਾ ਟੁੱਟਦਾ ਭੱਜਦਾ ਰਹਿੰਦਾ ਹੈ ।ਸਾਰੇ ਟੂਰ ਦੌਰਾਨ ਮੈਨੂੰ ਇਹ ਲੱਗਦਾ ਰਿਹਾ ਕਿ ਤਕਰੀਬਨ ਵੀਹ ਵਰ੍ਹੇ ਪਹਿਲਾਂ ਪੜ੍ਹੇ ਮੋਹਨ ਕਾਹਲੋਂ ਦੇ ਨਾਵਲ ‘ ਉਹਦੇ ਮਰਨ ਤੋਂ ਮਗਰੋਂ’ ਦਾ ਮੁੱਖ ਪਾਤਰ ਪਾਤਰ ‘ਡੁੱਡਾ’ ਜੋ ਕਿ ‘ਗਰੈਫ’ ਵਿੱਚ ਕੰਮ ਕਰਦਾ ਸੀ ਮੈਨੂੰ ਕਿਤੇ ਨਾ ਕਿਤੇ ਗੈਂਤੀ ਚਲਾਉਂਦਾ ਜਰੂਰ ਟੱਕਰੇਗਾ ….. ਤੇ ਇਸ ਸਾਰੇ ਰਾਸਤੇ ਮੇਰੀਆਂ ਅੱਖਾਂ ਖੁਸ਼ਕ ਬੇਆਬਾਦ ਤੇ ਧੂੜ ਭਰੇ ਪਹਾੜਾਂ ਵਿੱਚ ‘ਡੁੱਡੇ’ ਨੂੰ ਤਲਾਸ਼ਦੀਆਂ ਰਹੀਆਂ । ਅੱਜ ਫੇਰ ਦੋ ਦਹਾਕਿਆਂ ਬਾਅਦ ਜਦ ਮੈਂ ‘ਸਿਆਚਨ ਗਲੇਸ਼ੀਅਰ’ ਤੇ ਤੈਨਾਤ ਭਾਰਤੀ ਫੌਜ ਦੀ ਲਾਈਫ ਲਾਈਨ ਮੰਨੀ ਜਾਂਦੀ ‘ਸ੍ਰੀਨਗਰ ਲੇਹ ਰੋਡ’ ਦੀ ਸਾਂਭ ਸੰਭਾਲ ਲਈ ਅਪਰੇਸ਼ਨ ‘ਵਿਜੇਯਕ’ ਦੇ ਨਾਂ ਹੇਠ ਬੀ.ਆਰ.ਓ ਦੇ ਜਾਂਬਾਜ ਕਾਮਿਆਂ ਨੂੰ ਡਟੇ ਦੇਖਿਆ ਤਾਂ ਨਜ਼ਰਾਂ ਨੂੰ ਝਾਉਲਾ ਪਿਆ ਕਿ ਔਹ ਪਹਾੜੀ ਤੇ ਗੈਂਤੀ ਚਲਾ ਰਿਹਾ ਕਾਹਲੋਂ ਦਾ ਪਾਤਰ ‘ਡੁੱਡਾ’ ਹੈ …. ਪਰ ਇਹ ਮਹਿਜ਼ ਖਿਆਲ ਹੀ ਸੀ ।
ਮੇਰਾ ਇਸ ਲੰਬੇ ਪੋਸਟ ਨੂੰ ਲਿਖਣ ਦਾ ਮਕਸਦ ਇਹ ਸੀ ਕਿ ਅਸੀਂ ਸਰਹੱਦਾਂ ਤੇ ਬੇਰਹਿਮ ਮੌਸਮ ਵਿੱਚ ਡਟੀ ਫੌਜ ਦੇ ਗੁਣ ਤਾਂ ਗਾਉਂਦੇ ਹਾਂ, ਕਿਉਂਕਿ ਅਸੀਂ ਸਾਡੇ ਫੌਜੀਆਂ ਦੇ ਉਥੇ ਡਟੇ ਹੋਣ ਕਰਕੇ ਘਰਾਂ ਵਿੱਚ ਚੈਨ ਦੀ ਨੀਂਦ ਸੌਂਦੇ ਹਾਂ ਪਰ ਫੌਜ ਲਈ ‘ਲਾਈਫ਼ ਲਾਈਨ ਮੰਨੀਆਂ ਜਾਂਦੀਆਂ ਪਥਰੀਲੀਆਂ ਸੜਕਾਂ ਨੂੰ ਬਣਾਉਣ ਤੇ ਚੱਲਦੀਆਂ ਰੱਖਣ ਲਈ ਡਟੇ ਬੀ.ਆਰ. ਓ ਦੇ ਜਾਂਬਾਜ ਯੋਧਿਆਂ ਨੂੰ ਵੀ ਯਾਦ ਰੱਖੀਏ ਅਤੇ ਨਾਲ ਹੀ ਉਨਾਂ ਨੂੰ ਜੋ ਸੜਕਾਂ ਰਾਸਤਿਆਂ ਦੇ ਨਿਰਮਾਣ ਸਮੇਂ ਅਣਆਈ ਮੌਤੇ ਮਾਰੇ ਗਏ ….. ਜਿਨਾਂ ਦਾ ਨਾਂ ‘ਸ਼ਹੀਦਾਂ’ ਦੀ ਕਿਸੇ ਵੀ ਸੂਚੀ ਵਿੱਚ ਨਹੀਂ ਹੈ …..।
ਦੇਸ਼ ਅਤੇ ਲੋਕਾਂ ਲਈ ਕੰਮ ਕਰਦੇ ‘ਬੀ.ਆਰ.ਓ ਦੇ ਯੋਧਿਆਂ ਲਈ ਸਲਾਮ
ਭੁਪਿੰਦਰ ਸਿੰਘ ਬਰਗਾੜੀ

Today Now News

RELATED ARTICLES
- Advertisment -

POPULAR POSTS