ਖੂਨਦਾਨੀ ਮਰੀਜਾਂ ਨੂੰ ਜਿੰਦਗੀ ਪ੍ਰਦਾਨ ਕਰਨ ਵਾਲੇ ਫਰਿਸ਼ਤੇ ਹਨ : ਬਾਬਾ ਗੁਰਮੀਤ ਸਿੰਘ।
ਵਿਸ਼ਵ ਖੂਨਦਾਤਾ ਦਿਵਸ ਮੌਕੇ ਲੱਗੇ ਕੈਂਪ ਵਿੱਚ ਪਹੁੰਚ ਕੇ ਵਿਧਾਇਕ ਹਰਜੋਤ ਕਮਲ ਨੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ । ਕੈਂਪ ਵਿੱਚ ਹੋਇਆ 57 ਯੂਨਿਟ ਖੂਨਦਾਨ ।

ਮੋਗਾ (ਹੈਪੀ – ਹਰਪਾਲ) : ਵਿਸ਼ਵ ਖੂਨਦਾਤਾ ਦਿਵਸ ਮੌਕੇ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ ਬਲੱਡ ਬੈਂਕ ਮੋਗਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਮੋਗਾ ਵਿਖੇ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਮੋਗਾ, ਡੇਰਾ ਸੱਚਾ ਸੌਦਾ ਮੋਗਾ ਅਤੇ ਸਹਾਰਾ ਕਲੱਬ ਜੀਰਾ ਦੇ ਮੈਂਬਰਾਂ ਨੇ ਵੀ ਖੂਨਦਾਨ ਕੀਤਾ । ਇਸ ਕੈਂਪ ਦਾ ਉਦਘਾਟਨ ਬਾਬਾ ਗੁਰਮੀਤ ਸਿੰਘ ਖੋਸਾ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਖੁਦ ਖੂਨ ਦੇ ਕੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ । ਇਸ ਮੌਕੇ ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੂਨਦਾਨ ਕਰਨ ਵਾਲੇ ਲੋਕ ਪ੍ਰਮਾਤਮਾ ਵੱਲੋਂ ਭੇਜੇ ਗਏ ਜਿੰਦਗੀ ਦੇਣ ਵਾਲੇ ਫਰਿਸ਼ਤੇ ਹੁੰਦੇ ਹਨ, ਜੋ ਆਪਣੇ ਸਰੀਰ ਵਿੱਚੋਂ ਖੂਨਦਾਨ ਕਰਕੇ ਲੋੜਵੰਦ ਮਰੀਜਾਂ ਦੀ ਜਿੰਦਗੀ ਨੂੰ ਬਚਾਉਂਦੇ ਹਨ, ਇਸ ਲਈ ਖੂਨਦਾਨੀਆਂ ਦਾ ਜਿੰਨਾਂ ਸਤਿਕਾਰ ਕੀਤਾ ਜਾਵੇ ਥੋੜ੍ਹਾ ਹੈ । ਉਹਨਾਂ ਖੂਨਦਾਨੀਆਂ ਨੂੰ ਫਲ ਵੀ ਵੰਡੇ । ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰੋਨਾ ਕਾਰਨ ਖੂਨਦਾਨ ਕਰਨ ਦੇ ਰੁਝਾਨ ਵਿੱਚ ਕਮੀ ਆਈ ਹੈ, ਜਿਸ ਕਾਰਨ ਬਲੱਡ ਬੈਂਕ ਖਾਲੀ ਪਏ ਹਨ ਤੇ ਲੋੜ ਵੇਲੇ ਡੋਨਰ ਦਾ ਪ੍ਰਬੰਧ ਕਰਨਾ ਪੈਂਦਾ ਹੈ, ਜਿਸ ਤੇ ਕਾਫੀ ਸਮਾਂ ਬਰਬਾਦ ਹੋ ਜਾਂਦਾ ਹੈ ਜੋ ਕਈ ਵਾਰ ਮਰੀਜ ਲਈ ਘਾਤਕ ਸਿੱਧ ਹੋ ਜਾਂਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਖੂਨਦਾਨ ਕੈਂਪਾਂ ਦਾ ਆਯੋਜਨ ਕਰਨਾ ਚਾਹੀਦਾ ਹੈ ਜਾਂ ਸਿੱਧੇ ਸਿਵਲ ਹਸਪਤਾਲ ਮੋਗਾ ਦੇ ਬਲੱਡ ਬੈਂਕ ਵਿੱਚ ਪਹੁੰਚ ਕੇ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਐਨ.ਜੀ.ਓ. ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ ਅਤੇ ਸ਼ਹਿਰੀ ਪ੍ਰਧਾਨ ਸੁਖਦੇਵ ਸਿੰਘ ਬਰਾੜ ਨੇ ਕੈਂਪ ਨੂੰ ਕਾਮਯਾਬ ਬਨਾਉਣ ਲਈ ਸਮੂਹ ਖੂਨਦਾਨੀਆਂ ਅਤੇ ਸਹਿਯੋਗੀ ਸੰਸਥਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ 18 ਤੋਂ 65 ਸਾਲ ਦੀ ਉਮਰ ਦਾ ਹਰ ਤੰਦਰਸੁਤ ਵਿਅਕਤੀ ਜਿਸ ਦਾ ਭਾਰ 45 ਕਿਲੋ ਤੋਂ ਉਪਰ ਹੈ, ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਇਸ ਨਾਲ ਸਰੀਰ ਵਿੱਚ ਕੋਈ ਕਮਜੋਰੀ ਨਹੀਂ ਆਉਦੀ ਬਲਕਿ ਸਰੀਰ ਚੁਸਤ ਅਤੇ ਤੰਦਰੁਸਤ ਰਹਿੰਦਾ ਹੈ, ਇਸ ਲਈ ਸਾਨੂੰ ਕਦੇ ਵੀ ਲੋੜ ਪੈਣ ਤੇ ਖੂਨਦਾਨ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ । ਚਲਦੇ ਕੈਂਪ ਵਿੱਚ ਖੂਨਦਾਨੀਆਂ ਦੀ ਹੋਸਲਾ ਅਫਜਾਈ ਕਰਨ ਲਈ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਵਿਸੇਸ ਤੌਰ ਤੇ ਪਹੁੰਚੇ । ਉਹਨਾਂ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ, ਜੋ ਕਿਸੇ ਦੀ ਕੀਮਤੀ ਜਿੰਦਗੀ ਨੂੰ ਬਚਾ ਸਕਦਾ ਹੈ। ਉਹਨਾਂ ਇਸ ਮੌਕੇ 52ਵੀਂ ਵਾਰ ਖੂਨਦਾਨ ਕਰਨ ਵਾਲੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ, 46ਵੀਂ ਵਾਰ ਖੂਨਦਾਨ ਕਰਨ ਵਾਲੇ ਸਮਾਜ ਸੇਵੀ ਹਰਭਜਨ ਸਿੰਘ ਬਹੋਨਾ, 11ਵੀਂ ਵਾਰ ਖੂਨਦਾਨ ਕਰਨ ਤੇ ਸਟੇਟ ਐਵਾਰਡੀ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ, ਗੁਰਨਾਮ ਸਿੰਘ ਲਵਲੀ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ । ਇਸ ਮੌਕੇ ਮਹਿੰਦਰ ਪਾਲ ਲੂੰਬਾ ਨੇ ਵਿਧਾਇਕ ਹਰਜੋਤ ਕਮਲ ਤੋਂ ਬਲੱਡ ਬੈਂਕ ਦੀ ਇਮਾਰਤ ਦਾ ਨਵੀਨੀਕਰਨ ਕਰਨ ਅਤੇ ਪਿਛਲੇ ਚਾਰ ਸਾਲ ਤੋਂ ਸਟੇਟ ਪੱਧਰ ਤੇ ਖੂਨਦਾਨੀ ਸੰਸਥਾਵਾਂ ਅਤੇ ਖੂਨਦਾਨੀਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਨਾ ਕੀਤੇ ਜਾਣ ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ । ਇਸ ਮੌਕੇ ਉਕਤ ਤੋਂ ਇਲਾਵਾ ਗੁਰਸੇਵਕ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਭਵਨਦੀਪ ਸਿੰਘ ਪੁਰਬਾ, ਦਵਿੰਦਰ ਰੱਤੀਆਂ, ਗੁਰਨਾਮ ਸਿੰਘ ਲਵਲੀ, ਮਨਮੋਹਨ ਚੀਮਾ, ਹਰਭਜਨ ਸਿੰਘ ਬਹੋਨਾ, ਵਿੱਕੀ ਕੁਮਾਰ, ਲਛਮਣ ਇੰਸਾਂ, ਸਹਾਰਾ ਕਲੱਬ ਜੀਰਾ ਦੇ ਪ੍ਰਧਾਨ ਨਛੱਤਰ ਸਿੰਘ, ਡਾ. ਸਤਨਾਮ ਸਿੰਘ, ਪ੍ਰੋ. ਕੁਲਵੰਤ ਸਿੰਘ, ਬਲਦੇਵ ਰਾਜ, ਅਕਬਰ, ਹਰੀਸ਼ ਕੁਮਾਰ, ਸੋਨੂੰ ਕੁਮਾਰ, ਬਲਕਰਨ ਸਿੰਘ, ਬਲੱਡ ਬੈਂਕ ਮੋਗਾ ਦੇ ਇੰਚ: ਡਾ. ਸੁਮੀ ਗੁਪਤਾ, ਮੈਡਮ ਨਰਿੰਦਰ ਕੌਰ, ਸੰਗੀਤ ਕੁਮਾਰ, ਲਵਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੂਨਦਾਨੀ ਹਾਜਰ ਸਨ ।





