17.1 C
Chandigarh

TODAY NOW NEWS

Thursday, March 19, 2026

ਬਾਜ਼

Nasir Ali ਪਾਕਿਸਤਾਨ

ਇਸ ਨੂੰ ਸ਼ਾਹੀਨ, ਉਕਾਬ ,ਸ਼ਾਹਬਾਜ਼ ਅਤੇ ਫ਼ੈਲਕਨ ਵੀ ਕਿਹਾ ਜਾਂਦਾ ਹੈ | ਜਿਸ ਤਰ੍ਹਾਂ ਸ਼ੇਰ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਬਾਜ਼ ਨੂੰ ਪੰਛੀਆਂ ਦਾ ਰਾਜਾ ਅਤੇ ਪਹਾੜਾਂ ਦਾ ਰਾਜਕੁਮਾਰ ਕਿਹਾ ਜਾਂਦਾ ਹੈ । ਅੱਜ ਅਸੀਂ ਵੇਖਾਂਗੇ ਕਿ ਬਾਜ਼ ਦੇ ਉਹ ਕਿਹੜੇ ਗੁਣ ਹਨ ਜਿਹਨਾਂ ਕਾਰਨ ਉਸਨੂੰ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਅਸੀਂ ਉਸਦੇ ਗੁਣਾਂ ਤੋਂ ਕੀ ਸਬਕ ਸਿੱਖ ਸਕਦੇ ਹਾਂ । ਬਾਜ਼ ਦੇ ਇਹ ਅਣਮੁੱਲੇ ਗੁਣ , ਗੁਰੂ ਗੋਬਿੰਦ ਸਾਹਿਬ ਜੀ ਸਿੱਖ ਨੌਜਵਾਨਾਂ ਵਿੱਚ ਅਤੇ ਅੱਲਾਮਾ ਮੁਹੱਮਦ ਇਕਬਾਲ ਮੁਸਲਿਮ ਨੌਜਵਾਨਾਂ ਵਿਚ ਦੇਖਣਾ ਚਾਹੁੰਦੇ ਸਨ |

  1. ਬਾਜ਼ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਆਸਾਨੀ ਨਾਲ 15,000 ਫੁੱਟ ਦੀ ਉਚਾਈ ਤੇ ਉਡ ਸਕਦਾ ਹੈ ਇਹ ਉਚਾਈ ਅਜਿਹੀ ਹੈ ਕਿ ਜਿੱਥੇ ਸਿਰਫ਼ ਇੱਕ ਜੰਗੀ ਜਹਾਜ਼ ਹੀ ਉਡਾਨ ਭਰ ਸਕਦਾ ਹੈ ,ਇਸ ਗੁਣ ਵਿੱਚ ਸਾਡੇ ਲਈ ਇਹ ਸੰਦੇਸ਼ ਹੈ ਕਿ ਇਨਸਾਨ ਨੂੰ ਆਪਣੀ ਸੋਚ ਬਹੁਤ ਉੱਚਾ ਰੱਖਣੀ ਚਾਹੀਦੀ ਹੈ ਉਸਨੂੰ ਜ਼ਿੰਦਗੀ ਵਿੱਚ ਹਮੇਸ਼ਾ ਆਪਣੇ ਟੀਚੇ ਨੂੰ ਵੱਡਾ ਰੱਖਣਾ ਚਾਹੀਦਾ ਹੈ ਅਤੇ ਇਸ ਟੀਚੇ ‘ਤੇ ਪਹੁੰਚਣ ਲਈ ਉਸਨੂੰ ਆਪਣੀ ਸੋਚ ਨੂੰ ਵੱਡਾ ਰੱਖਣਾ ਚਾਹੀਦਾ ਹੈ ।
  2. ਬਾਜ਼ ਦਾ ਇੱਕ ਹੋਰ ਗੁਣ ਇਹ ਹੈ ਕਿ ਉਹ ਇਕੱਲਾ ਉੱਡਣਾ ਪਸੰਦ ਕਰਦਾ ਹੈ ਜਾਂ ਉਸ ਵਰਗੇ ਹੋਰ ਪੰਛੀਆਂ ਨਾਲ ਹੀ ਉੱਡਣਾ ਚਾਹੁੰਦਾ ਹੈ । ਇਸ ਦਾ ਕਾਰਨ ਇਹ ਨਹੀਂ ਹੈ ਕਿ ਉਹ ਆਪਣੇ ਆਪ ਨੂੰ ਉੱਤਮ ਸਮਝਦਾ ਹੈ, ਬਲਕਿ ਇਸਦਾ ਕਾਰਨ ਇਹ ਹੈ ਕਿ ਭੈੜੀ ਸੰਗਤ ਤੋਂ ਬਚਣਾ । ਬਾਜ਼ ਦੇ ਇਸ ਗੁਣ ਵਿੱਚ ਸਾਡੇ ਲਈ ਇੱਕ ਬਹੁਤ ਵੱਡਾ ਸਬਕ ਹੈ ਕਿ ਇੱਕ ਵਿਅਕਤੀ ਨੂੰ ਹਰ ਤਰ੍ਹਾਂ ਦੇ ਲੋਕਾਂ ਵਿੱਚ ਉੱਠਣਾ ਬੈਠਣਾ ਨਹੀਂ ਚਾਹੀਦਾ ਬਲਕਿ ਪਵਿੱਤਰ ਅਤੇ ਗਿਆਨੀ ਲੋਕਾਂ ਦੀ ਸੰਗਤ ਢੂੰਢਣੀ ਚਾਹੀਦੀ ਹੈ , ਉਹਨਾਂ ਵਿੱਚ ਬੈਠਣਾ ਉਸਨੂੰ ਨੁਕਸਾਨ ਨਹੀਂ ਪਹੁੰਚਾਏਗਾ ।
  3. ਬਾਜ਼ ਦਾ ਤੀਜਾ ਵੱਡਾ ਗੁਣ ਇਹ ਹੈ ਕਿ ਉਸਦੀ ਨਜ਼ਰ ਬਹੁਤ ਤਿੱਖੀ ਹੁੰਦੀ ਹੈ ਇਹ ਕਿਹਾ ਜਾਂਦਾ ਹੈ ਕਿ ਬਾਜ਼ ਦੀ ਅੱਖ ਮਨੁੱਖੀ ਅੱਖ ਨਾਲੋਂ ਦਸ ਗੁਣਾ ਜ਼ਿਆਦਾ ਦੂਰ ਤੱਕ ਵੇਖ ਸਕਦੀ ਹੈ | ਇਸ ਲਈ ਬਾਜ਼ ਤਿੰਨ ਕਿਲੋਮੀਟਰ ਦੀ ਉਚਾਈ ਤੋਂ ਹੀ ਆਪਣੇ ਸ਼ਿਕਾਰ ਨੂੰ ਵੇਖਦਾ ਹੈ ਅਤੇ ਉਸ ਨੂੰ ਸ਼ਿਕਾਰ ਕਰਨ ਲਈ ਝਪਟਦਾ ਹੈ ਸ਼ਿਕਾਰ ਤੱਕ ਪਹੁੰਚਣ ਦਾ ਤਰੀਕਾ ਭਾਵੇਂ ਕਿੰਨਾ ਵੀ ਮੁਸ਼ਕਲ ਹੋਵੇ, ਉਹ ਉਸੇ ਵੇਲੇ ਆਪਣਾ ਸ਼ਿਕਾਰ ਹਾਸਿਲ ਕਰ ਲੈਂਦਾ ਹੈ ।
    ਬਾਜ਼ ਦੇ ਇਸ ਗੁਣ ਵਿਚ ਸਾਡੇ ਲਈ ਇਕ ਮਹੱਤਵਪੂਰਣ ਸਬਕ ਹੈ ਕਿ ਸਫਲਤਾ ਦੀ ਰਾਹ ਵਿਚ ਜਿੰਨੀਆਂ ਵੀ ਮੁਸ਼ਕਲਾਂ ਆਉਂਦੀਆਂ ਹਨ, ਸਾਨੂੰ ਉਹਨਾਂ ਦਾ ਦ੍ਰਿੜਤਾ ਨਾਲ ਸਾਹਮਣਾ ਕਰਨਾ ਚਾਹੀਦਾ ਹੈ, ਇਸ ਲਈ, ਸੋਚ ਦੀ ਦਿਸ਼ਾ ਨੂੰ ਸਹੀ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਅਤੇ ਉਹਨਾਂ ਤੋਂ ਬਚਣ ਲਈ ਤਿਆਰ ਰਹੀਏ ।
  1. ਬਾਜ਼ ਦਾ ਚੌਥਾ ਗੁਣ ਇਹ ਹੈ ਕਿ ਉਹ ਹਮੇਸ਼ਾਂ ਤਾਜ਼ਾ ਸ਼ਿਕਾਰ ਖਾਣਾ ਪਸੰਦ ਕਰਦਾ ਹੈ ਅਤੇ ਇਕ ਗਿਰਝ ਵਾਂਗ ਮਰੇ ਹੋਏ ਜਾਨਵਰਾਂ ਨੂੰ ਖਾਣਾ ਪਸੰਦ ਨਹੀਂ ਕਰਦਾ ਹੈ | ਬਾਜ਼ ਕਦੀ ਵੀ ਕਿਸੇ ਦਾ ਮਾਰਿਆ ਹੋਇਆ ਸ਼ਿਕਾਰ ਨਹੀਂ ਖਾਂਦਾ ਭਾਵੇਂ ਭੁੱਖਾ ਮਰ ਜਾਵੇ, ਹਮੇਸ਼ਾ ਆਪਣਾ ਸ਼ਿਕਾਰ ਕਰਕੇ ਹੀ ਖਾਂਦਾ ਹੈ ।ਅੱਲਾਮਾ ਮੁਹੱਮਦ ਇਕਬਾਲ ( ਸਾਡੇ ਰਾਸ਼ਟਰੀ ਕਵੀ ) ਦਾ ਇਕ ਸ਼ਿਅਰ ਹੈ ਕਿ
    “ਪਰਵਾਜ਼ ਹੈ ਦੋਨੋਂ ਕੀ ਇਸੀ ਏਕ ਫ਼ਿਜ਼ਾ ਮੈਂ
    ਕਰਗਸ ਕਾ ਜਹਾਂ ਔਰ ਹੈ ਸ਼ਾਹੀਂ ਕਾ ਜਹਾਂ ਔਰ”
    (ਕਰਗਸ : ਗਿਰਝ ਅਤੇ ਸ਼ਾਹੀਂ : ਬਾਜ਼)
    ਕਰਗਿਸ ਗਿਰਝ ਨੂੰ ਕਹਿੰਦੇ ਹਨ ਇਹ ਇਕ ਪੰਛੀ ਹੈ ਜੋ ਕਿ ਦਿੱਖ ਵਿੱਚ ਬਾਜ਼ ਵਰਗਾ ਹੀ ਹੁੰਦਾ ਹੈ ਪਰ ਗਿਰਝ ਦਾ ਸੁਭਾਅ ਇਹ ਹੈ ਕਿ ਜਦੋਂ ਉਹ ਕਿਸੇ ਜਾਨਵਰ ਦਾ ਸ਼ਿਕਾਰ ਵੇਖਦਾ ਹੈ, ਤਾਂ ਉਹ ਇੱਕ ਰੁੱਖ ‘ਤੇ ਬੈਠ ਕੇ ਆਰਾਮ ਨਾਲ ਉਡੀਕਦਾ ਹੈ ਜਦੋਂ ਉਹ ਜਾਨਵਰ ਆਪਣਾ ਢਿੱਡ ਭਰਕੇ ਬਾਕੀ ਸ਼ਿਕਾਰ ਛੱਡਕੇ ਚਲਾ ਜਾਂਦਾ ਹੈ ਤੇ ਉਹ ਇਸਦਾ ਬਚਿਆ ਹੋਇਆ ਸ਼ਿਕਾਰ ਖਾ ਲੈਂਦਾ ਹੈ । ਇਸ ਸ਼ਿਅਰ ਰਾਹੀਂ “ਇਕ਼ਬਾਲ” ਨੇ ਇਹ ਦੱਸਿਆ ਹੈ ਕਿ ਗਿਰਝ ਦੀ ਤਰ੍ਹਾਂ ਮੁਰਦਾਰ ਜਾਂ ਕਿਸੇ ਦੀ ਰਹਿੰਦ ਖੂੰਦ ਖਾਣ ਦੀ ਬਜਾਏ ਆਪਣੀ ਮਿਹਨਤ ਕਰਕੇ ਖਾਣਾ ਚਾਹੀਦਾ ਹੈ |
  2. ਬਾਜ਼ ਦਾ ਪੰਜਵਾਂ ਗੁਣ ਇਹ ਹੈ ਕਿ ਜਦੋਂ ਹਨੇਰੀ ਤੂਫ਼ਾਨ ਆਉਦਾ ਹੈ ਅਤੇ ਤੇਜ਼ ਬਾਰਸ਼ ਹੋਣ ਲੱਗਦੀ ਹੈ, ਤਾਂ ਬਾਜ਼ ਹੋਰ ਪੰਛੀਆਂ ਵਾਂਗ ਆਲ੍ਹਣੇ ਵਿੱਚ ਛੁਪਣ ਦੀ ਬਜਾਏ ਤੂਫ਼ਾਨ ਦਾ ਅਨੰਦ ਲੈਣਾ ਪਸੰਦ ਕਰਦਾ ਹੈ ਅਤੇ ਕਾਲੇ ਬੱਦਲਾਂ ਤੋਂ ਵੀ ਉੱਤੇ ਜਾਕੇ ਉਡਦਾ ਹੈ।| ਬਾਜ਼ ਤੂਫ਼ਾਨ ਦੇ ਉਲਟ ਦਿਸ਼ਾ ਨੂੰ ਉੱਚੀ ਉਡਾਨ ਲਈ ਵਰਤਦਾ ਹੈ ਇਹ ਤੂਫਾਨੀ ਹਵਾ ਬਾਜ਼ ਨੂੰ ਘੱਟ ਤਾਕਤ ਨਾਲ ਜ਼ਿਆਦਾ ਉਚਾਈ ‘ਤੇ ਲੈ ਜਾਂਦੀ ਹੈ ਬਾਜ਼ ਦੇ ਇਸ ਗੁਣ ਨੂੰ ਵੇਖਦਿਆਂ, ਅਲਾਮਾ ਇਕਬਾਲ ਨੇ ਇਕ ਜਗ੍ਹਾ ‘ਤੇ ਕਿਹਾ ਹੈ ਕਿ
    “ਤੁੰਦੀਏ ਬਾਦੇ ਮੁਖ਼ਾਲਿਫ਼ ਸੇ ਨਾ ਘਬਰਾ ਐ ਉਕਾਬ ਯਿਹ ਤੋ ਚਲਤੀ ਹੈ ਤੁਝੇ ਉਂਚਾ ਉੜਾਨੇ ਕੇ ਲੀਏ “
    ਇਸ ਸ਼ਿਅਰ ਵਿੱਚ ਵੀ, ਅੱਲਾਮਾ ਮੁਹੱਮਦ ਇਕਬਾਲ ਅਸਲ ਵਿੱਚ ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਹਿ ਰਹੇ ਹਨ ਕਿ ਉੱਚਾ ਉੱਡਣ ਲਈ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਹਨ ਪਰ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਬਲਕਿ ਬਾਜ਼ ਦੀ ਤਰ੍ਹਾਂ ਬਹਾਦਰੀ ਅਤੇ ਖ਼ੁਸ਼ੀ ਨਾਲ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ |
  3. ਬਾਜ਼ ਕਦੀ ਪਿੰਜਰੇ ਵਿੱਚ ਨਹੀਂ ਰਹਿੰਦਾ ਜੇ ਬਾਜ਼ ਨੂੰ ਪਿੰਜਰੇ ਵਿੱਚ ਰੱਖੀਏ ਤਾਂ ਬਾਜ਼ ਮਰ ਜਾਂਦਾ ਹੈ ,ਬਾਜ਼ ਅਜ਼ਾਦ ਰਹਿਣਾ ਪਸੰਦ ਕਰਦਾ ਹੈ | ਇਸੇ ਤਰ੍ਹਾਂ ਸਾਨੂੰ ਕਦੀ ਵੀ ਗੁਲਾਮੀ ਨੂੰ ਕਬੂਲ ਨਹੀਂ ਕਰਨਾ ਚਾਹੀਦਾ ਭਾਵੇਂ ਸਾਡੀ ਜਾਨ ਹੀ ਚਲੀ ਜਾਵੇ |
  4. ਬਾਜ਼ ਕਦੀ ਆਪਣੀ ਜਿੰਦਗੀ ਵਿੱਚ ਆਲਸ ਨਹੀਂ ਆਉਣ ਦਿੰਦਾ ਅਤੇ ਚੁਸਤ ਰਹਿੰਦਾ ਹੈ |
  5. ਬਾਜ ਕਦੀ ਵੀ ਆਲ੍ਹਣਿਆ ਵਿੱਚ ਨਹੀਂ ਰਹਿੰਦਾ ਉਹ ਆਪਣਾ ਆਲ੍ਹਣਾ ਬਣਾ ਕੇ ਦੂਜਿਆਂ ਲਈ ਛੱਡ ਦਿੰਦਾ ਹੈ |
    Nasir Ali Pakistan
Today Now News

RELATED ARTICLES
- Advertisment -

POPULAR POSTS