17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲਿਬਰੇਸ਼ਨ ਦੇ ਸੱਦੇ ਤੇ 'ਹਿਸਾਬ ਦਿਓ ਜਵਾਬ ਦਿਓ' ਦੇ ਨਾਅਰੇ ਤਹਿਤ ਡੇਢ...

ਲਿਬਰੇਸ਼ਨ ਦੇ ਸੱਦੇ ਤੇ ‘ਹਿਸਾਬ ਦਿਓ ਜਵਾਬ ਦਿਓ’ ਦੇ ਨਾਅਰੇ ਤਹਿਤ ਡੇਢ ਦਰਜਨ ਤੋਂ ਵਧੇਰੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਜਨਤਕ ਧਰਨੇ

ਚੁਣੇ ਪ੍ਰਤੀਨਿਧਾਂ ਤੋਂ ਮੰਗਿਆ ਉਨ੍ਹਾਂ ਦੀ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਦਾ ਹਿਸਾਬ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕਾਰਕੁਨਾਂ ਵੱਲੋਂ “ਹਿਸਾਬ ਦਿਓ – ਜਵਾਬ ਦਿਓ” ਦੇ ਨਾਅਰੇ ਤਹਿਤ ਸੂਬੇ ਵਿੱਚ ਬੀਤੇ ਕੱਲ੍ਹ ਤੇ ਅੱਜ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅਤੇ ਦਫਤਰਾਂ ਸਾਹਮਣੇ ਜਨਤਕ ਧਰਨੇ ਦਿੱਤੇ ਗਏ। ਲਿਬਰੇਸ਼ਨ ਪਾਰਟੀ ਨੇ ਚੁਣੇ ਜਨਤਕ ਪ੍ਰਤੀਨਿਧਾਂ ਤੋਂ ਉਨ੍ਹਾਂ ਦੀ ਵਿਧਾਨ ਸਭਾ ਦੇ ਅੰਦਰਲੀ ਅਤੇ ਬਾਹਰਲੀ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਦਾ ਹਿਸਾਬ ਮੰਗਣ ਲਈ 7 ਤੇ 8 ਜੂਨ ਨੂੰ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦੇਣ ਦਾ ਐਲਾਨ ਕੀਤਾ ਸੀ ।
ਇਨ੍ਹਾਂ ਦੋ ਦਿਨਾਂ ਵਿੱਚ ਸੂਬੇ ਦੇ ਚਾਰ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ, ਗੁਰਮੀਤ ਸਿੰਘ ਰਾਣਾ ਸੋਢੀ, ਵਿਜੈ ਸਿੰਗਲਾ ਅਤੇ ਰਜ਼ੀਆ ਸੁਲਤਾਨਾ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਕਰੀਬ ਪੰਦਰਾਂ ਵਿਧਾਇਕ ਵੀ ਇਨ੍ਹਾਂ ਧਰਨਿਆਂ ਦਾ ਨਿਸ਼ਾਨਾ ਬਣੇ । ਜਿੰਨ੍ਹਾਂ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਲੱਗੇ ਉਨ੍ਹਾਂ ਵਿੱਚੋਂ ਦਸ ਕਾਂਗਰਸ ਨਾਲ, ਸੱਤ ਆਮ ਆਦਮੀ ਪਾਰਟੀ ਨਾਲ, ਇਕ ਅਕਾਲੀ ਦਲ ਬਾਦਲ ਨਾਲ ਅਤੇ ਇੱਕ ਅਕਾਲੀ ਦਲ ਡੈਮੋਕਰੈਟਿਕ ਨਾਲ ਸਬੰਧਤ ਹੈ । ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਤੋਂ ਪੁੱਛੇ ਗਏ ਸਵਾਲਾਂ ਵਿੱਚ ਜਿਥੇ ਮੁੱਖ ਤੌਰ ‘ਤੇ ਫੈਡਰਲ ਢਾਂਚੇ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਦੀ ਜ਼ੀਰੋ ਕਾਰਗੁਜ਼ਾਰੀ ਅਤੇ ਕਾਂਗਰਸ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਜਿਵੇਂ ਹਰ ਪਰਿਵਾਰ ਲਈ ਇੱਕ ਸਰਕਾਰੀ ਨੌਕਰੀ, ਇਕ ਮਹੀਨੇ ਵਿਚ ਨਸ਼ਿਆਂ ਦਾ ਖ਼ਾਤਮਾ, ਰੇਤ ਬੱਜਰੀ ਮਾਫੀਏ ਦਾ ਖ਼ਾਤਮਾ, ਦਲਿਤ ਵਿਦਿਆਰਥੀਆਂ ਦੇ ਵਜ਼ੀਫਿਆਂ ਵਿਚ ਕਰੋੜਾਂ ਦੇ ਘਪਲੇ ਨੂੰ ਖੁਰਦ ਬੁਰਦ ਕਰਨਾ, ਦਲਿਤ ਲੜਕੀ ਲਈ ਇਕਵੰਜਾ ਹਜ਼ਾਰ ਰੁਪਏ ਸ਼ਗਨ ਸਕੀਮ ਅਤੇ ਬੇਜ਼ਮੀਨੇ ਗ਼ਰੀਬਾਂ ਨੂੰ ਮਕਾਨ ਉਸਾਰੀ ਲਈ ਮੁਫ਼ਤ ਪਲਾਟ ਤੇ ਸਬਸਿਡੀਆਂ ਦੇਣ ਵਰਗੇ ਵਾਅਦਿਆਂ ਬਾਰੇ ਸਨ। ਧਰਨਾਕਾਰੀ ਜਾਣਨਾ ਚਾਹੁੰਦੇ ਸਨ ਕਿ ਕਿਉਂ ਬੀਤੇ ਸਾਢੇ ਚਾਰ ਸਾਲ ਵਿੱਚ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਮਾਮਲੇ ਵਿਚ ਨਾ ਕੈਪਟਨ ਸਰਕਾਰ ਨੇ ਗੋਹੜੇ ਵਿੱਚੋਂ ਪੂਣੀ ਕੱਤੀ ਗਈ ਹੈ ਅਤੇ ਨਾ ਹੀ ਕਾਂਗਰਸੀ ਵਿਧਾਇਕਾ ਨੇ ਆਪਣਾ ਮੂੰਹ ਖੋਲ੍ਹਿਆ ਹੈ ?
ਧਰਨਾਕਾਰੀਆਂ ਵੱਲੋਂ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਤੋਂ ਪੁੱਛਿਆ ਗਿਆ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਰਪੋਰੇਟ ਪ੍ਰਸਤ ਖੇਤੀ ਕਾਨੂੰਨਾਂ , ਕਿਰਤ ਕਾਨੂੰਨਾਂ ਵਿਚ ਕੀਤੀਆਂ ਮਜ਼ਦੂਰ ਭਿਆਨਕ ਮਜ਼ਦੂਰ ਵਿਰੋਧੀ ਸੋਧਾਂ ਅਤੇ ਮਾਈਕ੍ਰੋਫਾਇਨਾਂਸ ਕੰਪਨੀਆਂ ਦੇ ਭਾਰੀ ਵਿਆਜ ਵਾਲੇ ਖੂਨ ਚੂਸ ਕਰਜ਼ਿਆਂ ਸਮੇਤ ਮਜ਼ਦੂਰਾਂ ਅਤੇ ਕਿਸਾਨਾਂ ਸਿਰ ਖੜ੍ਹੇ ਕਰਜ਼ੇ ਦੇ ਪਹਾੜ ਦੇ ਖਾਤਮੇ ਲਈ ਚੱਲ ਰਹੇ ਵੱਡੇ ਅੰਦੋਲਨਾਂ ਵਿੱਚ ਉਨ੍ਹਾਂ ਨੇ ਕੀ ਭੂਮਿਕਾ ਨਿਭਾਈ ਹੈ ?
ਇਨ੍ਹਾਂ ਧਰਨਿਆਂ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਅਤੇ ਬੀਜੇਪੀ ਉੱਪਰ ਵੀ ਤਿੱਖੇ ਸਵਾਲ ਉਠਾਏ ਗਏ। ਬੀਜੇਪੀ ਵੱਲੋਂ ਪੰਜਾਬ ਵਿੱਚ ਕਿਸੇ ਦਲਿਤ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਉਣ ਦੇ ਕੀਤੇ ਹਵਾਈ ਐਲਾਨ ਬਾਰੇ ਟਿੱਪਣੀ ਕਰਦਿਆਂ ਲਿਬਰੇਸ਼ਨ ਆਗੂਆਂ ਨੇ ਕਿਹਾ ਇਹ ਪੰਜਾਬ ਵਿੱਚ ਬੀ ਜੇ ਪੀ ਦੇ ਇਸ ਐਲਾਨ ਦਾ ਕੋਈ ਅਰਥ ਨਹੀਂ ਹੈ ਕਿਉਂਕਿ ਇੱਥੇ ਬੀਜੇਪੀ ਸੱਤਾ ‘ਚ ਪਹੁੰਚਣ ਦੇ ਨੇੜੇ ਤੇੜੇ ਵੀ ਨਹੀਂ ਹੈ । ਅਗਰ ਬੀਜੇਪੀ ਹਾਈ ਕਮਾਂਡ ਆਪਣੇ ਇਸ ਐਲਾਨ ਬਾਰੇ ਸੱਚਮੁੱਚ ਗੰਭੀਰ ਹੈ, ਤਾਂ ਉਸ ਵੱਲੋਂ ਕਿਸੇ ਦਲਿਤ ਨੂੰ ਪ੍ਰਧਾਨ ਮੰਤਰੀ ਜਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਠਾਇਆ ਜਾਣਾ ਬਣਦਾ ਹੈ ਜਿਸ ਦੇ ਕਿ ਉਹ ਹੁਣੇ ਹੀ ਪੂਰੀ ਤਰ੍ਹਾਂ ਸਮਰੱਥ ਹੈ। ਲਿਬਰੇਸ਼ਨ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਕੋਵਿੱਡ ਦੇ ਫੈਲਾਅ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹਿਣ ; ਲੋੜੀਂਦੀਆਂ ਮੈਡੀਕਲ ਸਹੂਲਤਾਂ, ਆਕਸੀਜਨ, ਵੈਂਟੀਲੇਟਰਜ ਅਤੇ ਵੈਕਸੀਨ ਦੇ ਸਮੇਂ ਸਿਰ ਲੋੜੀਂਦੇ ਪ੍ਰਬੰਧ ਨਾ ਕਰਨ ਦੇ ਨਤੀਜੇ ਵਜੋਂ ਲੱਖਾਂ ਦੇਸ਼ ਵਾਸੀਆਂ ਨੂੰ ਮੌਤ ਦੇ ਮੂੰਹ ਵਿੱਚ ਧੱਕਣ ਅਤੇ ਮੂਰਖਤਾਪੂਰਨ ਲੌਕ ਡਾਊਨ ਨਾਲ ਕਰੋੜਾਂ ਮਜ਼ਦੂਰਾਂ, ਛੋਟੇ ਕਾਰੋਬਾਰੀਆਂ, ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਬਰਬਾਦ ਕਰਨ ਅਤੇ ਸੱਤ ਮਹੀਨਿਆਂ ਤੋਂ ਦਿੱਲੀ ਨੂੰ ਘੇਰੀ ਬੈਠੇ ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਵੱਲ ਸਿਰ ਦਾ ਗੈਰ ਜ਼ਿੰਮੇਵਾਰ ਰਵੱਈਆ ਅਪਨਾਉਣ ਬਦਲੇ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ।
ਗੁਰਦਾਸਪੁਰ, ਹੁਸ਼ਿਆਰਪੁਰ, ਗੁਰੂ ਹਰਸਹਾਏ ਫ਼ਰੀਦਕੋਟ, ਮਲੇਰਕੋਟਲਾ, ਸੰਗਰੂਰ, ਸੁਨਾਮ, ਦਿੜ੍ਹਬਾ, ਮੂਨਕ (ਲਹਿਰਾਗਾਗਾ), ਰਾਏਕੋਟ, ਬਰਨਾਲਾ, ਮਹਿਲ ਕਲਾਂ, ਤਪਾ (ਭਦੌੜ), ਮੌੜ, ਬਠਿੰਡਾ (ਦਿਹਾਤੀ), ਬਠਿੰਡਾ, ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿਧਾਨ ਸਭਾ ਹਲਕਿਆਂ ਵਿਚ ਦਿੱਤੇ ਗਏ ਇਨ੍ਹਾਂ ਧਰਨਿਆਂ ਨੂੰ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ , ਕਾਮਰੇਡ ਭਗਵੰਤ ਸਿੰਘ ਸਮਾਓ , ਗੁਰਪ੍ਰੀਤ ਸਿੰਘ ਰੂੜੇਕੇ, ਗੋਬਿੰਦ ਸਿੰਘ ਛਾਜਲੀ ਗੋਬਿੰਦ ਸਿੰਘ ਛਾਜਲੀ, ਹਰਬਿੰਦਰ ਸਿੰਘ ਸੇਮਾ, ਗੁਰਜੰਟ ਸਿੰਘ ਮਾਨਸਾ, ਵਿਜੇ ਕੁਮਾਰ ਸੋਹਲ, ਗੁਲਜ਼ਾਰ ਸਿੰਘ ਬਟਾਲਾ, ਗੁਰਮੀਤ ਸਿੰਘ ਨੰਦਗਡ਼੍ਹ, ਹਰਮਨਦੀਪ ਸਿੰਘ ਹਿੰਮਤਪੁਰਾ, ਮੱਖਣ ਸਿੰਘ ਰਾਮਗਡ਼੍ਹ, ਵਿੰਦਰ ਸਿੰਘ ਅਲਖ, ਨਰਿੰਦਰ ਕੌਰ ਬੁਰਜ ਹਮੀਰਾ, ਪ੍ਰਦੀਪ ਗੁਰੂ ਵਿਜੇ ਕੁਮਾਰ ਭੀਖੀ, ਪਰਮਜੀਤ ਕੌਰ ਮੁੱਦਕੀ, ਸਤਨਾਮ ਸਿੰਘ ਪੱਖੀ ਕਲਾਂ, ਛਿੰਦਰ ਕੌਰ ਹਰੀਗੜ੍ਹ, ਕਾਮਰੇਡ ਘੁਮੰਡ ਸਿੰਘ ਖ਼ਾਲਸਾ, ਕੁਲਵਿੰਦਰ ਕੌਰ ਰੇਤਗਡ਼੍ਹ, ਨਿੱਕਾ ਸਿੰਘ ਬਹਾਦਰਪੁਰ, ਸੁਰਜੀਤ ਸਿੰਘ ਹੈਪੀ, ਕੁਲਵਿੰਦਰ ਕੌਰ ਗੱਗ ਸੁਲਤਾਨ, ਗੁਰਸੇਵਕ ਸਿੰਘ ਮਾਨ, ਜਸਵੰਤ ਸਿੰਘ ਪੂਹਲੀ, ਭੋਲਾ ਸਿੰਘ ਸਮਾਓਂ, ਪ੍ਰਿਤਪਾਲ ਸਿੰਘ ਪੀਕਾ, ਜੀਤ ਸਿੰਘ ਬੋਹਾ, ਤਾਈਬਾ ਬੇਗ਼ਮ ਮਲੇਰਕੋਟਲਾ, ਹਰਦੀਪ ਕੌਰ ਕੁਠਾਲਾ, ਜਗੀਰ ਕੌਰ ਬੰਬੇਲੀ, ਰਾਜਦੀਪ ਕੌਰ ਬਠਿੰਡਾ, ਕ੍ਰਿਸ਼ਨਾ ਕੌਰ ਮਾਨਸਾ, ਰਾਣੀ ਕੌਰ ਸਵਰਨ ਸਿੰਘ ਜੰਗੀਆਣਾ, ਮੇਲਾ ਸਿੰਘ ਉਗਰਾਹਾਂ, ਹਰਚਰਨ ਸਿੰਘ ਰੂੜੇਕੇ, ਜਸਵੰਤ ਸਿੰਘ ਗੁੰਮਟੀ, ਗੁਰਵਿੰਦਰ ਸਿੰਘ ਨੰਦਗਡ਼੍ਹ ਸਮੇਤ ਉਹ ਸਾਰੇ ਪਾਰਟੀ ਆਗੂਆਂ ਅਤੇ ਮਜ਼ਦੂਰ ਕਿਸਾਨ ਔਰਤਾਂ ਨੇਤਾਵਾਂ ਨੇ ਸੰਬੋਧਨ ਕੀਤਾ।

Today Now News

RELATED ARTICLES
- Advertisment -

POPULAR POSTS