ਜਾਨਵਰ ਦੀਆਂ ਉਲਟੀਆਂ ਸੋਨੇ ਤੋਂ ਵੀ ਕੀਮਤੀ ਹੋ ਸਕਦੀਆਂ ਹਨ

ਸਰੋਤ ਸੋਸ਼ਲ ਮੀਡਿਆ : ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿਸੇ ਜਾਨਵਰ ਦੀਆਂ ਉਲਟੀਆਂ ਸੋਨੇ ਤੋਂ ਵੀ ਕੀਮਤੀ ਹੋ ਸਕਦੀਆਂ ਹਨ। ਇਹ ਇੱਕ ਕਰੋੜ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੀ ਵਿਕ ਸਕਦੀ ਹੈ?
ਜੀ ਹਾਂ, ਅਜਿਹਾ ਹੋ ਸਕਦਾ ਹੈ, ਜੇਕਰ ਇਹ ਉਲਟੀ ਸਪਰਮ ਵ੍ਹੇਲ ਦੀ ਹੋਵੇ। ਅਹਿਮਦਾਬਾਦ ਦੀ ਪੁਲਿਸ ਨੇ ਹਾਲ ਹੀ ਵਿੱਚ ਸਪਰਮ ਵ੍ਹੇਲ ਦੀ ਸਾਢੇ ਪੰਜ ਕਿਲੋ ਉਲਟੀ (ਐਮਬਗਰਿਸ) ਨਾਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਅਨੁਮਾਨਤ ਕੀਮਤ ਲਗਭਗ ਸੱਤ ਕਰੋੜ ਰੁਪਏ ਹੈ।
ਪੁਲਿਸ ਅਤੇ ਵਣ ਵਿਭਾਗ ਨੂੰ ਉਮੀਦ ਹੈ ਕਿ ਤਿੰਨੋਂ ਗ੍ਰਿਫ਼ਤਾਰ ਮੁਲਜ਼ਮਾਂ ਦੀ ਜਾਣਕਾਰੀ ਦੇ ਆਧਾਰ ‘ਤੇ ਗੁਜਰਾਤ ਵਿੱਚ ਸਮੁੰਦਰੀ ਜੀਵਾਂ ਅਤੇ ਉਨ੍ਹਾਂ ਦੇ ਅੰਗਾਂ ਦੇ ਗੈਰ ਕਾਨੂੰਨੀ ਕਾਰੋਬਾਰ ਬਾਰੇ ਹੋਰ ਜਾਣਕਾਰੀ ਸਾਹਮਣੇ ਆ ਸਕੇਗੀ।
ਗੁਜਰਾਤ ਵਿੱਚ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਪਹਿਲਾਂ ਮੁੰਬਈ ਅਤੇ ਚੇਨਈ ਵਿੱਚ ਵੱਡੀ ਮਾਤਰਾ ਵਿੱਚ ਐਮਬਗਰਿਸ ਬਰਾਮਦ ਹੋਇਆ ਸੀ। ਉੱਥੋਂ ਹੀ ਪਤਾ ਲੱਗਿਆ ਕਿ ਇਸ ਧੰਦੇ ਵਿੱਚ ਗੁਜਰਾਤ ਦੇ ਵੀ ਕੁਝ ਲੋਕ ਸ਼ਾਮਲ ਹਨ।
ਚੀਨ ਵਿੱਚ ਐਮਬੇਗ੍ਰਸ ਦੀ ਵਰਤੋਂ ਕਾਮ ਸਮਰੱਥਾਂ ਵਧਾਉਣ ਵਾਲੀਆਂ ਦਵਾਈਆਂ ਬਣਾਉਣ ਵਿੱਚ ਹੁੰਦੀ ਹੈ, ਜਦੋਂਕਿ ਅਰਬ ਦੇਸ਼ਾਂ ਵਿੱਚ ਇਸ ਨਾਲ ਆਲ੍ਹਾ ਦਰਜੇ ਦਾ (ਪਰਫਿਊਮ) ਤਿਆਰ ਕੀਤਾ ਜਾਂਦਾ ਹੈ।
ਸਪਰਮ ਵ੍ਹੇਲ ਅਤੇ ਐਮਬਗਰਿਸ
ਜਦੋਂ ਸਪਰਮ ਵ੍ਹੇਲ ਕਿਸੇ ਕਟਲਫਿਸ਼, ਔਕਟੋਪਸ ਅਤੇ ਜਾਂ ਕਿਸੇ ਦੂਜੇ ਸਮੁੰਦਰੀ ਜੀਵ ਨੂੰ ਖਾਂਦੀ ਹੈ ਤਾਂ ਇਸ ਦੇ ਪਾਚਨਤੰਤਰ ਤੋਂ ਇੱਕ ਖਾਸ ਤਰ੍ਹਾਂ ਦਾ ਰਿਸਾਅ ਹੁੰਦਾ ਹੈ ਤਾਂ ਕਿ ਸ਼ਿਕਾਰ ਦੇ ਨੋਕੀਲੇ ਅੰਗ ਅਤੇ ਦੰਦ ਉਸ ਦੇ ਸਰੀਰ ਨੂੰ ਨੁਕਸਾਨ ਨਾ ਪਹੁੰਚਾ ਸਕਣ।
ਮੰਨਿਆ ਜਾਂਦਾ ਹੈ ਕਿ ਸਪਰਮ ਵ੍ਹੇਲ ਦੇ ਸਿਰ ‘ਤੇ ਇੱਕ ਅਜਿਹਾ ਅੰਗ ਹੁੰਦਾ ਹੈ ਜਿਸ ਨੂੰ ਸਪਰਮਸੇਟੀ ਕਹਿੰਦੇ ਹਨ
ਇਸ ਦੇ ਬਾਅਦ ਸਪਰਮ ਵ੍ਹੇਲ ਇਸ ਅਣਚਾਹੇ ਰਿਸਾਅ ਨੂੰ ਉਲਟੀ ਜ਼ਰੀਏ ਆਪਣੇ ਸਰੀਰ ਤੋਂ ਬਾਹਰ ਕੱਢ ਦਿੰਦੀ ਹੈ। ਕੁਝ ਰਿਸਰਚਰਾਂ ਮੁਤਾਬਿਕ ਸਪਰਮ ਵ੍ਹੇਲ ਮਲ ਜ਼ਰੀਏ ਵੀ ਐਮਬਗਰਿਸ ਨੂੰ ਕੱਢਦੀ ਹੈ।
ਇਹੀ ਵਜ੍ਹਾ ਹੈ ਕਿ ਇਸ ਦੇ ਮਲ ਵਿੱਚ ਵ੍ਹੇਲ ਦੇ ਸ਼ਿਕਾਰ ਦੇ ਨੋਕੀਲੇ ਅੰਗ ਵੀ ਮਿਲ ਜਾਂਦੇ ਹਨ। ਵ੍ਹੇਲ ਦੇ ਸਰੀਰ ਤੋਂ ਨਿਕਲਣ ਵਾਲਾ ਇਹ ਰਿਸਾਅ ਸਮੁੰਦਰ ਦੇ ਪਾਣੀ ਵਿੱਚ ਤੈਰਦਾ ਹੈ।
ਸੂਰਜ ਦੀ ਰੌਸ਼ਨੀ ਅਤੇ ਸਮੁੰਦਰ ਦਾ ਖਾਰਾ ਮਿਲਣ ਦੇ ਬਾਅਦ ਐਮਬਗਰਿਸ ਬਣਦਾ ਹੈ। ਸੁਗੰਧਿਤ ਚੀਜ਼ਾਂ ਬਣਾਉਣ ਲਈ ਐਮਬਗਰਿਸ ਕਾਫ਼ੀ ਉਪਯੋਗੀ ਹੁੰਦਾ ਹੈ।
ਐਮਬਗਰਿਸ ਕਾਲੇ, ਸਫ਼ੈਦ ਅਤੇ ਸਲੇਟੀ ਰੰਗ ਦਾ ਤੇਲ ਵਾਲਾ ਪਦਾਰਥ ਹੁੰਦਾ ਹੈ। ਇਹ ਅੰਡਾਕਾਰ ਜਾਂ ਗੋਲਾ ਹੁੰਦਾ ਹੈ। ਸਮੁੰਦਰ ਵਿੱਚ ਤੈਰਦੇ ਰਹਿਣ ਦੌਰਾਨ ਇਹ ਇਸ ਤਰ੍ਹਾਂ ਦਾ ਆਕਾਰ ਲੈ ਲੈਂਦਾ ਹੈ। ਇਹ ਜਲਣਸ਼ੀਲ ਪਦਾਰਥ ਹੈ। ਇਸ ਦੀ ਵਰਤੋਂ ਲਈ ਅਲਕੋਹਲ ਜਾਂ ਈਥਰ ਦੀ ਜ਼ਰੂਰਤ ਹੁੰਦੀ ਹੈ।
ਸਪਰਮ ਵ੍ਹੇਲ ਇਸ ਦੁਨੀਆ ਵਿੱਚ ਦੰਦਾ ਵਾਲਾਂ ਸਭ ਤੋਂ ਵੱਡਾ ਜੀਵ ਹੈ। ਛੋਟੀ ‘ਪਿੱਗੀ ਸਪਰਮ ਵ੍ਹੇਲ’ ਅਤੇ ਬੇਹੱਦ ਛੋਟੀ ‘ਬੌਨੀ ਸਪਰਮ ਵ੍ਹੇਲ’ ਵੀ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਸਪਰਮ ਵ੍ਹੇਲ ਦੇ ਸਿਰ ‘ਤੇ ਇੱਕ ਅਜਿਹਾ ਅੰਗ ਹੁੰਦਾ ਹੈ ਜਿਸ ਨੂੰ ਸਪਰਮਸੇਟੀ ਕਹਿੰਦੇ ਹਨ। ਇਸ ਵਿੱਚ ਤੇਲ ਭਰਿਆ ਹੁੰਦਾ ਹੈ।
ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਵ੍ਹੇਲ ਦਾ ਵੀਰਜ ਜਾਂ ਸਪਰਮ ਹੁੰਦਾ ਹੈ। ਇਸ ਲਈ ਇਸ ਵ੍ਹੇਲ ਨੂੰ ‘ਸਪਰਮ ਵ੍ਹੇਲ’ ਕਹਿੰਦੇ ਹਨ। ਇਹ ਅੰਗ ਆਵਾਜ਼ ਦੇ ਸੰਕੇਤਾਂ ‘ਤੇ ਧਿਆਨ ਕੇਂਦਰਿਤ ਕਰਦਾ ਹੈ ਜੋ ਸਮੁੰਦਰ ਵਿੱਚ ਉਛਾਲ ਦੌਰਾਨ ਵ੍ਹੇਲ ਦੀ ਮਦਦ ਕਰਦਾ ਹੈ।
ਮਾਹਿਰਾਂ ਮੁਤਾਬਿਕ ਸ਼ੁਰੂਆਤ ਵਿੱਚ ਐਮਬਗਰਿਸ ਦੀ ਗੰਧ ਚੰਗੀ ਨਹੀਂ ਹੁੰਦੀ, ਪਰ ਜਿਵੇਂ-ਜਿਵੇਂ ਇਸ ਦਾ ਹਵਾ ਨਾਲ ਸੰਪਰਕ ਵਧਦਾ ਹੈ, ਇਸ ਦੀ ਗੰਧ ਮਿੱਠੀ ਹੁੰਦੀ ਜਾਂਦੀ ਹੈ। ਐਮਬਗਰਿਸ ਪਰਫਿਊਮ ਦੀ ਸੁੰਗਧ ਨੂੰ ਹਵਾ ਵਿੱਚ ਉੱਡਣ ਤੋਂ ਰੋਕਦਾ ਹੈ। ਇੱਕ ਤਰ੍ਹਾਂ ਨਾਲ ਇਹ ਸਟੈਬਲਾਈਜ਼ਰ ਦਾ ਕੰਮ ਕਰਦਾ ਹੈ ਤਾਂ ਕਿ ਗੰਧ ਹਵਾ ਵਿੱਚ ਉੱਡ ਕੇ ਖਤਮ ਨਾ ਹੋ ਜਾਵੇ।
ਐਮਬਗਰਿਸ ਦੁਰਲੱਭ ਹੈ ਅਤੇ ਇਸ ਲਈ ਇਸ ਦੀ ਕੀਮਤ ਵੀ ਬੇਹੱਦ ਉੱਚੀ ਹੁੰਦੀ ਹੈ। ਇਸ ਨੂੰ ਸਮੁੰਦਰ ਦਾ ਸੋਨਾ ਜਾਂ ਤੈਰਦਾ ਹੋਇਆ ਸੋਨਾ ਵੀ ਕਹਿੰਦੇ ਹਨ। ਇਸ ਦੀ ਕੀਮਤ ਸੋਨੇ ਤੋਂ ਵੀ ਜ਼ਿਆਦਾ ਹੁੰਦੀ ਹੈ। ਅੰਤਰਰਾਸ਼ਟਰੀ ਮਾਰਕੀਟ ਵਿੱਚ ਇਸ ਦੀ ਕੀਮਤ ਡੇਢ ਕਰੋੜ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦਾ ਹੈ।
ਜਾਮਨਗਰ ਮਰੀਨ ਨੈਸ਼ਨਲ ਪਾਰਕ ਦੇ ਜੀਫ ਕੰਜ਼ਰਵੇਸ਼ਨ ਅਫ਼ਸਰ ਡੀ. ਟੀ. ਵਾਸਵਦਾ ਕਹਿੰਦੇ ਹਨ, ”ਵਣਜੀਵ ਸੁਰੱਖਿਆ ਕਾਨੂੰਨ ਦੇ ਪ੍ਰਾਵਧਾਨਾਂ ਤਹਿਤ ਸਪਰਮ ਵ੍ਹੇਲ ਸੁਰੱਖਿਅਤ ਜੀਵ ਹੈ।”
“ਲਿਹਾਜਾ ਇਸ ਦਾ ਸ਼ਿਕਾਰ ਜਾਂ ਵਪਾਰ ਕਰਨਾ ਅਪਰਾਧ ਹੈ। ਇਸ ਦੇ ਕਾਨੂੰਨੀ ਕਾਰੋਬਾਰ ਲਈ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ। ਹਾਲ ਹੀ ਵਿੱਚ ਫੜੀ ਗਈ ਐਮਬਗਰਿਸ ਦੀ ਖੇਪ ਕਿੱਥੋਂ ਆਈ ਸੀ, ਇਹ ਪਤਾ ਨਹੀਂ, ਪਰ ਅਰਬ ਦੇਸ਼ਾਂ ਵਿੱਚ ਇਸ ਦੀ ਕਾਫ਼ੀ ਮੰਗ ਰਹਿੰਦੀ ਹੈ। ਅਰਬ ਦੇਸ਼ਾਂ ਵਿੱਚ ਲੋਕ ਇਸ ਦੀ ਉੱਚੀ ਤੋਂ ਉੱਚੀ ਕੀਮਤ ਅਦਾ ਕਰਨ ਲਈ ਤਿਆਰ ਰਹਿੰਦੇ ਹਨ।”
ਹੱਡੀਆਂ, ਤੇਲ ਅਤੇ ਐਮਬਗਰਿਸ ਲਈ ਵ੍ਹੇਲ ਦਾ ਵੱਡੇ ਪੈਮਾਨੇ ‘ਤੇ ਸ਼ਿਕਾਰ ਹੁੰਦਾ ਹੈ। ਇਹੀ ਵਜ੍ਹਾ ਹੈ ਕਿ 1970 ਤੋਂ ਹੀ ਯੂਰੋਪ, ਅਮਰੀਕਾ ਅਤੇ ਦੂਜੇ ਪੱਛਮੀ ਦੇਸ਼ਾਂ ਵਿੱਚ ਇਸ ਦੇ ਕਾਰੋਬਾਰ ‘ਤੇ ਪਾਬੰਦੀ ਹੈ।
ਗੁਜਰਾਤ ਵਿੱਚ 1,600 ਕਿਲੋਮੀਟਰ ਲੰਬਾ ਸਮੁੰਦਰੀ ਤੱਟ ਹੈ। ਇਹ ਦੇਸ਼ ਦਾ ਸਭ ਤੋਂ ਲੰਬਾ ਸਮੁੰਦਰੀ ਤੱਟ ਹੈ। ਇਹੀ ਵਜ੍ਹਾ ਹੈ ਕਿ ਸਮੁੰਦਰੀ ਜੀਵਾਂ ਅਤੇ ਉਨ੍ਹਾਂ ਦੇ ਅੰਗਾਂ ਦਾ ਗੈਰ ਕਾਨੂੰਨੀ ਕਾਰੋਬਾਰ ਕਰਨ ਵਾਲੇ ਇਨ੍ਹਾਂ ਸਮੁੰਦਰੀ ਤੱਟਾਂ ਦੇ ਇਲਾਕਿਆਂ ਵਿੱਚ ਸਰਗਰਮ ਹਨ।
ਗੁਜਰਾਤ ਦੇ ਇਲਾਵਾ ਐਮਬਗਰਿਸ ਕਦੇ-ਕਦੇ ਉੜੀਸਾ ਅਤੇ ਕੇਰਲ ਦੇ ਸਮੁੰਦਰੀ ਤੱਟਾਂ ‘ਤੇ ਵੀ ਮਿਲ ਜਾਂਦਾ ਹੈ।
ਭਾਰਤ ਵਿੱਚ ਵਣ ਸੰਭਾਲ ਕਾਨੂੰਨ ਤਹਿਤ 1986 ਤੋਂ ਹੀ ਸਪਰਮ ਵ੍ਹੇਲ ਇੱਕ ਸੁਰੱਖਿਅਤ ਜੀਵ ਹੈ। ਲਿਹਾਜਾ ਸਪਰਮ ਵ੍ਹੇਲ ਅਤੇ ਇਸ ਦੇ ਅੰਗਾਂ ਦਾ ਕਾਰੋਬਾਰ ਗੈਰ ਕਾਨੂੰਨੀ ਹੈ।
ਕਾਮ ਵਧਾਊ ਦਵਾਈ ਵਿੱਚ ਹੁੰਦਾ ਹੈ ਉਪਯੋਗ
ਐਮਬਗਰਿਸ ਸਦੀਆਂ ਤੋਂ ਨਾ ਸਿਰਫ਼ ਭਾਰਤ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਪਰਫਿਊਮ ਅਤੇ ਦਵਾਈਆਂ ਦੇ ਤੌਰ ‘ਤੇ ਉਪਯੋਗ ਹੋ ਰਿਹਾ ਹੈ।
ਦੁਨੀਆ ਦੇ ਕਈ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਇਬਨ ਬਤੂਤਾ ਅਤੇ ਮਾਰਕੋ ਪੋਲੋ ਨੇ ਵੀ ਆਪਣੇ ਯਾਤਰਾ ਬਿਰਤਾਂਤਾਂ ਵਿੱਚ ਐਮਬਗਰਿਸ ਦਾ ਜ਼ਿਕਰ ਕੀਤਾ ਹੈ। ਆਯੁਰਵੇਦ ਦੇ ਇਲਾਵਾ ਯੂਨਾਨੀ ਦਵਾਈਆਂ ਵਿੱਚ ਵੀ ਐਮਬਗਰਿਸ ਦਾ ਉਪਯੋਗ ਹੁੰਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ‘ਤੇ ਇੰਝ ਲੈ ਕੇ ਆਓ
ਲਖਨਊ ਸਥਿਤ ਇੰਟੀਗ੍ਰਲ ਯੂਨੀਵਰਸਿਟੀ ਵਿੱਚ ਔਸ਼ਧੀ ਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਬਦਰੂਦੀਨ ਨੇ ਬੀਬੀਸੀ ਨੂੰ ਦੱਸਿਆ, ”ਯੂਨਾਨੀ ਦਵਾਈਆਂ ਵਿੱਚ ਐਮਬਗਰਿਸ ਦੀ ਵਰਤੋਂ ਸਦੀਆਂ ਤੋਂ ਹੋ ਰਹੀ ਹੈ। ਕਈ ਜੜ੍ਹੀਆਂ ਬੂਟੀਆਂ ਨਾਲ ਮਿਲਾ ਕੇ ਇਸ ਦਾ ਉਪਯੋਗ ਸਰੀਰਿਕ, ਮਾਨਸਿਕ ਅਤੇ ਮਾਸਪੇਸ਼ੀਆਂ ਅਤੇ ਯੋਨ ਰੋਗਾਂ ਦੇ ਇਲਾਜ ਵਿੱਚ ਹੁੰਦਾ ਹੈ।”
ਉਹ ਕਹਿੰਦੇ ਹਨ, ”ਐਮਬਗਰਿਸ ਚੀਨੀ ਦੀ ਚਾਸ਼ਨੀ ਅਤੇ ਦੂਜੀਆਂ ਜੜ੍ਹੀਆਂ ਬੂਟੀਆਂ ਨਾਲ ਮਿਲਾ ਕੇ ਉਪਯੋਗ ਕੀਤਾ ਜਾਂਦਾ ਹੈ। ਇਸ ਤੋਂ ਬਣੀ ਦਵਾਈ ਨੂੰ ‘ਮਾਜੁਨ ਮੁਮਸਿਕ ਮੁੱਕਾਵੀ’ ਕਿਹਾ ਜਾਂਦਾ ਹੈ। ਯੋਨ ਸਮਰੱਥਾ ਘਟਣ ‘ਤੇ ਇਸ ਦਾ ਪੇਸਟ ਬਣਾ ਕੇ ਦਵਾਈ ਦੇ ਤੌਰ ‘ਤੇ ਦਿੱਤਾ ਜਾਂਦਾ ਹੈ। ਇਹ ਯੋਨ ਸਮਰੱਥਾ ਵਧਾਉਂਦਾ ਹੈ। ਇਸ ਦੇ ਇਲਾਵਾ ‘ਹੱਬੇ ਨਿਸ਼ਾਤ’ ਦਵਾਈ ਵਿੱਚ ਵੀ ਇਸ ਦੀ ਵਰਤੋਂ ਹੁੰਦੀ ਹੈ। ਇਹ ਕਈ ਮਾਨਤਾ ਪ੍ਰਾਪਤ ਫਾਰਮੇਸੀਆਂ ਦੇ ਇਲਾਵਾ ਔਨਲਾਈਨ ਮੈਡੀਕਲ ਸਟੋਰਜ਼ ਵਿੱਚ ਵੀ ਉਪਲੱਬਧ ਹੈ।”
ਡੀਟੀ ਵਾਸਵਦਾ ਕਹਿੰਦੇ ਹਨ, ”ਮੰਨਿਆ ਜਾਂਦਾ ਹੈ ਕਿ ਐਮਬਗਰਿਸ ਯੋਨ ਉਤੇਜਨਾ ਵਧਾਉਂਦਾ ਹੈ, ਪਰ ਇਸ ਦਾ ਕੋਈ ਵਿਗਿਆਨਕ ਜਾਂ ਠੋਸ ਪ੍ਰਮਾਣ ਨਹੀਂ ਹੈ।”






