ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਕਿਸਾਨ ਇਥੇ ਬਹੁਤ ਸਾਰੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਛੇ ਮਹੀਨੇ ਤੋਂ ਵੱਧ ਸਮੇਂ ਤੋ ਮੋਰਚਾ ਲਾਇਆ ਹੋਇਆ ਹੈ। ਇਹ ਖੇਤੀ ਕਾਨੂੰਨ 5 ਜੂਨ 2020 ਨੂੰ ਆਰਡੀਨੈਸ ਦੇ ਰੂਪ ‘ਚ ਆਏ ਸਨ ਅਤੇ ਬਾਦ ਵਿਚ ਕਾਨੂੰਨ ਬਣਾ ਦਿੱਤੇ ਗਏ । 5 ਜੂਨ ਨੂੰ ਇਹਨਾਂ ਆਰਡੀਨੈਸਾਂ ਨੂੰ ਆਇਆਂ ਨੂੰ ਇਕ ਸਾਲ ਹੋਣ ਜਾ ਰਿਹਾ ਹੈ ਅਤੇ ਪੰਜਾਬ ਦਾ ਕਿਸਾਨ ਉਸ ਸਮੇਂ ਤੋਂ ਹੀ ਇਹਨਾਂ ਖਿਲਾਫ ਸੰਘਰਸ਼ ‘ਚ ਕੁੱਦਿਆ ਹੋਇਆ ਹੈ। ਪਹਿਲਾਂ ਪੰਜਾਬ ‘ਚ ਇਹ ਸੰਘਰਸ਼ ਚੱਲਿਆ ਅਤੇ 26 ਨਵੰਬਰ 2020 ਨੂੰ ਕਿਸਾਨ ਇਸ ਸੰਘਰਸ਼ ਨੂੰ ਦਿੱਲੀ ਦੀਆਂ ਬਰੂਹਾਂ ਤੇ ਲੈ ਗਏ । ਇਸ ਅੰਦੋਲਨ ਵਿਚ ਇਕੱਲੇ ਕਿਸਾਨਾਂ ਨੇ ਹੀ ਆਪਣਾ ਯੋਗਦਾਨ ਨਹੀਂ ਪਾਇਆ ਸਗੋਂ ਹਰ ਤਬਕੇ ਨੇ ਇਸ ਦਾ ਸਾਥ ਦਿੱਤਾ ਜਿਸ ਨਾਲ ਇਹ ਸੰਘਰਸ਼ ਪੂਰੇ ਦੇਸ਼ ਦੇ ਨਾਲ ਨਾਲ ਪੂਰੀ ਦੁਨੀਆਂ ਵਿਚ ਫੈਲਿਆ ਅਤੇ ਵਿਦੇਸਾਂ ਤੋ ਹਮਾਇਤ ਹਾਸਲ ਕੀਤੀ। ਐਡਵੋਕੇਟ ਬਲਕਰਨ ਸਿੰਘ ਬੱਲੀ ਜੋ ਇਸ ਸੰਘਰਸ਼ ਨਾਲ ਬੜੀ ਨੇੜਿਓਂ ਜੁੜੇ ਹੋਏ ਹਨ ਅਤੇ ਲਗਾਤਾਰ ਸੰਘਰਸ਼ ‘ਚ ਜੁੜੇ ਹੋਏ ਹਨ ਨਾਲ ਗਲਬਾਤ ਕਰਨ ਤੇ ਕਿਹਾ ਕਿ ਕਿਸਾਨ ਇਥੇ ਬਹੁਤ ਸਾਰੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ । ਉਹ ਪਰਿਵਾਰਾਂ ਤੋਂ ਦੂਰ ਰਹਿ ਰਹੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਜਿਸ ਦਿਨ ਤੋਂ ਸੰਘਰਸ਼ ਦਿੱਲੀ ਦੀਆਂ ਬਰੂਹਾਂ ਆਇਆ ਹੈ ਉਸ ਦਿਨ ਤੋਂ ਮੋਰਚੇ ਵਿਚ ਡਟੇ ਹੋਏ ਹਨ ਅਤੇ ਇਕ ਵਾਰ ਵੀ ਘਰ ਨਹੀਂ ਗਏ । ਉਹਨਾਂ ਦਾ ਕਹਿਣਾ ਹੈ ਕਿ ਉਹ ਸੰਘਰਸ਼ ਜਿੱਤਣ ਤੋਂ ਬਾਦ ਹੀ ਘਰਾਂ ਨੂੰ ਮੁੜਨਗੇ। ਐਡਵੋਕੇਟ ਬੱਲੀ ਨੇ ਕਿਹਾ ਕਿ ਸੰਘਰਸ਼ ‘ਚ ਜੁੜੇ ਲੋਕਾਂ ਨੂੰ ਭਾਵੇਂ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਹ ਚੜਦੀ ਕਲਾ ਵਿਚ ਹਨ ਅਤੇ ਉਹਨਾਂ ਦੇ ਹੌਂਸਲੇ ਬੁਲੰਦ ਹਨ। ਉਹਨਾਂ ਕਿਹਾ ਕਿ ਜਿਵੇਂ ਠੰਡੀਆਂ ਰਾਤਾਂ ‘ਚ ਕਿਸਾਨ ਸੰਘਰਸ਼ ‘ਚ ਡਟੇ ਹੋਏ ਸਨ ਉਸੇ ਤਰਾਂ ਹੁਣ ੳੁਹ ਗਰਮੀ ਵਿਚ ਵੀ ਪੂਰੀ ਤਨਦੇਹੀ ਨਾਲ ਸੰਘਰਸ਼ ‘ਚ ਡਟੇ ਹੋਏ ਹਨ। ਉਹਨਾਂ ਕਿਹਾ ਉਸ ਸਮੇਤ ਸੰਘਰਸ਼ ਵਿਚ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿੰਨਾਂ ਨੇ ਘਰ ਕਦੇ ਪਾਣੀ ਦਾ ਗਲਾਸ ਆਪ ਭਰਕੇ ਨਹੀਂ ਪੀਤਾ ਪਰ ਸੰਘਰਸ਼ ‘ਚ ਉਹ ਲੋਕ ਜੂਠੇ ਭਾਂਡੇ ਮਾਂਜਣ ਅਤੇ ਕੱਪੜੇ ਧੋਣ ਤੋਂ ਵੀ ਝਿਜਕਦੇ ਨਹੀਂ ਹਨ ਅਤੇ ਆਪਣੇ ਕੈਂਪਾਂ ਦੀ ਸਾਫ ਸਫਾਈ ਆਪਣੇ ਹੱਥੀਂ ਕਰਦੇ ਹਨ। ਆਪਣੇ ਘਰਾਂ ‘ਚ ਏ. ਸੀ. ‘ਚ ਪੈਣ ਵਾਲੇ ਲੋਕ ਕਈ ਵਾਰ ਬਿਜਲੀ ਚਲੀ ਜਾਣ ਤੇ ਬਿਨਾਂ ਪੱਖੇ ਤੋਂ ਵੀ ਗੁਜ਼ਾਰਾ ਕਰਦੇ ਹਨ। ਮੱਛਰ ਮੱਖੀਆਂ ਹੋਣ ਦੇ ਬਾਵਜੂਦ ਵੀ ਲੋਕ ਆਪਣੇ ਓਹੜ ਪੋਹੜ ਕਰਕੇ ਕਿਸਾਨੀ ਸੰਘਰਸ਼ ਦਾ ਇਕ ਨਿਵੇੇਕਲਾ ਇਤਿਹਾਸ ਸਿਰਜ ਰਹੇ ਹਨ। ਐਡਵੋਕੇਟ ਬੱਲੀ ਨੇ ਦੱਸਿਆ ਕਿ ਕਈ ਰਾਤ ਨੂੰ ਲਾਇਟ ਚਲੀ ਜਾਂਦੀ ਹੈ ਅਤੇ ਲੋਕ ਆਪਣੇ ਪਲਾਸ ਪੇਚਕਸ ਲੈਕੇ ਟਰਾਂਸਫਾਰਮਾਂ ਦੇ ਦੁਆਲੇ ਹੋ ਜਾਂਦੇ ਹਨ ਅਤੇ ਲਾਇਟ ਠੀਕ ਕਰਨ ਲਈ ਬਿਜ਼ਲੀ ਮਕੈਨਿਕ ਬਣ ਜਾਂਦੇ ਹਨ। ਉਹਨਾਂ ਦੱਸਿਆ ਕਿ ਜਿੱਥੇ ਮੋਦੀ ਸਰਕਾਰ ਨੇ ਕਿਸਾਨਾਂ ਉਪਰ ਕਈ ਵਾਰ ਤਸੱਦਦ ਢਾਹਿਆ ਹੈ ਅਤੇ ਸੜਕਾਂ ਤੇ ਕਿਲ ਗੱਡਕੇ ਅਤੇ ਕੰਧਾਂ ਕੱਢ ਕੇ ਉਹਨਾਂ ਨੂੰ ਬਿਗਾਨੇਪਣ ਦਾ ਅਹਿਸਾਸ ਕਰਵਾਇਆ ਹੈ ਜਿਵੇਂ ਉਹ ਕਿਸੇ ਦੂਸਰੇ ਦੇਸ਼ ਦੇ ਨਾਗਰਿਕ ਹੋਣ ਉਸੇ ਤਰਾਂ ਕਿਸਾਨਾਂ ਤੇ ਕਈ ਵਾਰ ਕੁਦਰਤ ਵੀ ਕਹਿਰਵਾਨ ਹੋਈ ਹੈ ਜਿਸ ਦਾ ਕਿਸਾਨਾਂ ਨੇ ਡਟਕੇ ਸਾਹਮਣਾ ਕੀਤਾ ਹੈ। ਪਿਛਲੇ ਦਿਨਾਂ ‘ਚ ਕਈ ਵਾਰ ਆਏ ਝੱਖੜਾਂ ਤੇ ਬਾਰਸ਼ਾਂ ਨੇ ਕਿਸਾਨਾਂ ਦੇ ਤੰਬੂਆਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਅਤੇ ਕਈਆਂ ਦੇ ਤੰਬੂ ਪੱਟ ਦਿੱਤੇ ਗਏ ਅਤੇ ਉਹਨਾਂ ਦਾ ਰਾਸ਼ਣ ਪਾਣੀ ਤੇ ਪੈਣ ਵਾਲੇ ਬਿਸਤਰੇ ਵੀ ਭਿੱਜ ਗਏ ਪਰ ਕਿਸਾਨਾਂ ਵੱਲੋਂ ਮੀਂਹ ਝੱਖੜ ਹਟਣ ਤੋਂ ਬਾਦ ਆਪਣੇ ਟੈਂਟਾਂ ਨੂੰ ਦੁਬਾਰਾ ਠੀਕ ਕਰਕੇ ਗੱਡ ਲਿਆ ਜਾਂਦਾ ਹੈ ਅਤੇ ਆਪਣੇ ਰਾਸ਼ਣ ਬਿਸਤਰੇ ਸੁਕਾਉਣ ਦਾ ਬੰਦੋਬਸਤ ਕਰ ਲਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਭਾਵੇਂ ਕੁਝ ਕਿਸਾਨਾਂ ਨੇ ਆਪਣੀਆਂ ਟਰਾਲੀਆਂ ‘ਚ ਏ. ਸੀ. ਵਗੈਰਾ ਵੀ ਲਾਏ ਹੋਏ ਹਨ ਪਰ ਕੁਝ ਲੋਕ ਸੜਕ ਤੇ ਹੀ ਮੰਜੇ ਡਾਹਕੇ ਸੌਂ ਜਾਂਦੇ ਹਨ ਜਿਸ ਨਾਲ ਸੰਘਰਸ਼ ‘ਚ ਪਿੰਡਾਂ ਵਾਲੇ ਘਰਾਂ ਦੇ ਵਿਹੜਿਆਂ ਵਰਗਾ ਮਾਹੌਲ ਸਿਰਜਿਆ ਜਾਂਦਾ ਹੈ। ਉਹਨਾਂ ਕਿਹਾ ਕਿ ਮੋਦੀ ਹਕੂਮਤ ਬਹੁਤ ਵੱਡੇ ਭਰਮ ਭੁਲੇਖੇ ‘ਚ ਹੈ ਜੋ ਲੋਕ ਐਨਾਂ ਕੁਝ ਝੱਲ ਕੇ ਵੀ ਸੰਘਰਸ਼ ਦੇ ਮੈਦਾਨ ‘ਚ ਡਟੇ ਹੋਏ ਹਨ ਉਹ ਬਿਨਾਂ ਜਿੱਤ ਪ੍ਰਾਪਤ ਕੀਤਿਆ ਘਰਾਂ ਨੂੰ ਨਹੀਂ ਮੁੜਨਗੇ ਤੇ ਸੰਘਰਸ਼ ਜਿੰਨਾਂ ਲੰਬਾ ਚੱਲੇਗਾ ਓਨਾਂ ਹੀ ਦੇਸ਼ ਵਿੱਚੋਂ ਬੀ.ਜੇ.ਪੀ. ਦਾ ਸਫਾਇਆ ਹੁੰਦਾ ਜਾਵੇਗਾ ਅਤੇ ਬੀਂ ਜੇ.ਪੀ. ਜਿੱਥੋਂ ਤਿੰਨ ਸੀਟਾਂ ਤੋਂ ਤੁਰੀ ਸੀ ਲੋਕ ਉਸਨੂੰ ਉਸਤੋਂ ਵੀ ਹੇਠਾਂ ਧੱਕ ਦੇਣਗੇ।






