17.1 C
Chandigarh

TODAY NOW NEWS

Friday, March 20, 2026

07 ਜੂਨ 1984

ਹਰਪ੍ਰੀਤ ਸਿੰਘ ਜਵੰਦਾ

ਸੱਤ ਜੂਨ ਚੁਰਾਸੀ ਦੀ ਸੁਵੇਰ ਨੂੰ ਆਲ ਇੰਡੀਆ ਰੇਡੀਓ ਤੋਂ ਖਬਰ ਦੇ ਦਿੱਤੀ ਗਈ..
“ਸੰਤ ਜੀ” ਦੀ ਦੇਹ ਮਿਲ ਚੁੱਕੀ ਏ..
ਇੰਡੀਅਨ ਐਕਸਪ੍ਰੈੱਸ ਵਿਚ ਕੰਮ ਕਰਦੇ ਰਿਪੋਰਟਰ ਸੰਜੇ ਸੂਰੀ ਨੂੰ ਉਸ ਦਿਨ ਮੋਗੇ ਤੋਂ ਰੋਡੇ ਪਿੰਡ ਲਈ ਟੈਕਸੀ ਨਾ ਮਿਲ਼ੀ..!

ਉਸ ਦੇ ਦੱਸਣ ਮੁਤਾਬਿਕ ਸਬੱਬੀਂ ਹੀ ਮਿਲ ਗਈ ਇੱਕ ਸਵਾਰੀ ਤੇ ਫਰੀਦਕੋਟ ਤੱਕ ਆਇਆ..
ਅੱਗੋਂ ਟੈਂਪੂ ਫੜਿਆਂ..ਉਸ ਨੇ ਵੀ ਰੋਡੇ ਪਿੰਡ ਤੋਂ ਕਈ ਮੀਲ ਓਰਾਂ ਹੀ ਹੇਠਾਂ ਲਾਹ ਦਿੱਤਾ..ਅੱਗੋਂ ਪੈਦਲ ਹੀ ਤੁਰਨਾ ਸ਼ੁਰੂ ਕਰ ਦਿੱਤਾ..!
ਅੱਤ ਦੀ ਗਰਮੀ..ਕੱਚਾ ਰਾਹ..ਇੱਕ ਹੌਲੀ ਜਿਹੀ ਉਮਰ ਦਾ ਮੁੰਡਾ ਪਿੱਛਿਓਂ ਸਾਈਕਲ ਤੇ ਆਉਂਦਾ ਦਿਸਿਆ..ਉਸਨੂੰ ਸੰਤਾਂ ਦਾ ਪਿੰਡ ਪੁੱਛ ਲਿਆ..!

ਆਖਣ ਲੱਗਾ ਮਗਰ ਬੈਠ ਜਾਓ ਹੁਣੇ ਛੱਡ ਆਉਂਦਾ ਹਾਂ..ਮੈਂ ਵੀ ਓਧਰੋਂ ਹੀ ਲੰਗਣਾ ਏ..!
ਇਸ ਮਗਰੋਂ ਮੈਨੂੰ ਨਹੀਂ ਕੋਈ ਪਤਾ ਨਹੀਂ ਕੇ ਉਹ ਮੈਨੂੰ ਖੇਤਾਂ..ਪਗਡੰਡੀਆਂ..ਨਹਿਰਾਂ ਅਤੇ ਕੱਚਿਆ ਪਹਿਆਂ ਥਾਣੀ ਕਿੱਧਰ ਨੂੰ ਲਿਜਾ ਰਿਹਾ ਸੀ..!

ਉਸਦੇ ਵੱਜਦੇ ਹਰ ਪੈਡਲ ਨਾਲ ਉਸਦਾ ਕਿੰਨਾ ਸਾਰਾ ਮੁੜਕਾ ਚੋ ਕੇ ਭੋਏਂ ਤੇ ਜਾ ਡਿੱਗਦਾ..!
ਅਖੀਰ ਮੈਥੋਂ ਨਾ ਹੀ ਰਿਹਾ ਗਿਆ..ਆਖਿਆ ਯਾਰ ਹੁਣ ਤੂੰ ਮਗਰ ਬੈਠ ਮੈਂ ਚਲਾਉਂਦਾ ਹਾਂ..ਅੱਗੋਂ ਬੇਧਿਆਨੀ ਜਿਹੀ ਨਾਲ ਕਹਿੰਦਾ ਕੋਈ ਗੱਲ ਨੀ..ਬੱਸ ਬੈਠੇ ਰਹੋ!
ਕਾਫੀ ਚਿਰ ਮਗਰੋਂ ਪਿੰਡ ਦੇ ਇੱਕ ਕੱਚੇ ਜਿਹੇ ਘਰ ਅੱਗੇ ਜਾ ਬ੍ਰੇਕ ਮਾਰ ਦਿੱਤੀ..ਆਖਣ ਲੱਗਾ ਏਹੀ ਹੈ ਸੰਤ ਜੀ ਦਾ ਘਰ..!

ਏਨੀ ਗੱਲ ਆਖ ਜਦੋਂ ਉਹ ਵਾਪਿਸ ਮੁੜਿਆ ਤਾਂ ਮੈਨੂੰ ਇਹਸਾਸ ਹੋਇਆ ਕੇ ਉਸਨੇ ਏਧਰੋਂ ਨਹੀਂ ਸੀ ਲੰਘਣਾ ਸਗੋਂ ਉਹ ਮੈਨੂੰ ਉਚੇਚਾ ਇਥੇ ਛੱਡਣ ਹੀ ਆਇਆ ਸੀ..!

ਏਨੇ ਨੂੰ ਦੁਪਹਿਰ ਢਲਣ ਤੇ ਆ ਗਈ ਸੀ..ਅੱਗੇ ਕੱਚੇ ਜਿਹੇ ਵੇਹੜੇ ਵਿਚ ਕਿੰਨੇ ਸਾਰੇ ਲੋਕ ਖਲੋਤੇ ਸਨ..ਸਾਰੇ ਚੁੱਪ ਚਾਪ..ਕਿਸੇ ਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ..ਬੱਸ ਵੇਖਦੇ ਰਹੇ..!
ਫੇਰ ਮੈਂ ਝਕਦੇ ਝਕਦੇ ਨੇ ਪੁੱਛਿਆ ਜੀ ਸੰਤ ਜੀ ਦੇ ਪਰਿਵਾਰ ਨੂੰ ਮਿਲਣਾ ਏ..ਇੱਕ ਵਾਰ ਫੇਰ ਚਾਰੇ ਪਾਸੇ ਚੁੱਪ ਪੱਸਰ ਗਈ!

ਮੈਂ ਕਲੀਨ-ਸ਼ੇਵਡ ਕੱਲਮ-ਕੱਲਾ ਹਿੰਦੂ..ਏਨੇ ਸਾਰੇ ਸਿਖਾਂ ਵਿਚ ਘਿਰਿਆ..ਉਹ ਵੀ ਓਦੋਂ ਜਦੋਂ ਸੰਕੇਤਕ ਤੌਰ ਤੇ ਮੇਰੀ ਕੌਮ ਦੇ ਬੰਦਿਆਂ ਨੇ ਇਸ ਘਰ ਨਾਲ ਸਬੰਧਿਤ ਇੱਕ ਪ੍ਰਸਿੱਧ ਇਨਸਾਨ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਮਾਰ ਮੁਕਾਇਆ ਸੀ..!

ਚਹੁੰਦੇ ਤਾਂ ਉਹ ਕੁਝ ਵੀ ਕਰ ਸਕਦੇ ਸਨ..ਉਸ ਵੇਲੇ ਹਾਲਾਤਾਂ ਦੇ ਰਹਿਮੋ ਕਰਮ ਤੇ ਕੱਲੇ ਰਹਿ ਗਏ ਨੂੰ ਉਚੇ ਆਸਮਾਨ ਵਿਚ ਬਹੁਤ ਦੂਰ ਉੱਡਦੇ ਫੌਜ ਦੇ ਇੱਕ ਹੈਲੀਕਾਪਟਰ ਦੇ ਖੜਾਕ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਸੀ ਸੁਨ ਰਿਹਾ..!

ਅਜੇ ਇਸ ਸਾਰੇ ਕੁਝ ਬਾਰੇ ਸੋਚ ਹੀ ਰਿਹਾ ਸਾਂ ਕੇ ਇੱਕ ਮੁੰਡਾ ਆਇਆ..ਇਸ਼ਾਰੇ ਨਾਲ ਮੈਨੂੰ ਅੰਦਰ ਲੈ ਗਿਆ..ਮੰਜੀ ਤੇ ਬਿਠਾ ਦਿੱਤਾ ਫੇਰ ਪੁੱਛਣ ਲੱਗਾ ਸੁਵੇਰ ਦਾ ਕੁਝ ਖਾਦਾ ਨਹੀਂ ਹੋਣਾ..ਇਥੇ ਬੈਠੋ ਰੋਟੀ ਲੈ ਕੇ ਆਉਂਦਾ ਹਾਂ..ਉਹ ਛੱਕ ਲਵੋ..!

ਕੁਝ ਦੇਰ ਮਗਰੋਂ ਓਹੀ ਮੁੰਡਾ ਰੋਟੀ ਦੀ ਇੱਕ ਥਾਲੀ ਅਤੇ ਪਾਣੀ ਦਾ ਗਿਲਾਸ ਲੈ ਅੰਦਰ ਵੜਿਆ ਤੇ ਕੋਲ ਰੱਖ ਦਿੱਤੀ..ਦੋਬਾਰਾ ਆਖਿਆ ਦੂਰੋਂ ਆਏ ਲੱਗਦੇ ਹੋ ਪਹਿਲਾਂ ਕੁਝ ਖਾ ਲਵੋ..!
ਅਜੀਬ ਜਿਹੀ ਮਾਨਸਿਕਤਾ ਸੀ..ਵੱਖਰਾ ਜਿਹਾ ਮਾਹੌਲ ਸੀ..!
ਉਹ ਏਨੇ ਸਾਰੇ ਚਾਹੁੰਦੇ ਤਾਂ ਮੈਨੂੰ ਹਿੰਦੂ ਹੋਣ ਦੇ ਨਾਤੇ ਆਸਾਨੀ ਨਾਲ ਮਾਰ ਵੀ ਸਕਦੇ ਸਨ ਪਰ ਮੈਨੂੰ ਕੋਈ ਡਰ ਨਹੀਂ ਲੱਗਾ..
ਨਾ ਹੀ ਰੱਜ ਕੇ ਰੋਟੀ ਖਾਣ ਵਿਚ ਕੋਈ ਝਿਜਕ ਹੀ ਮਹਿਸੂਸ ਹੋਈ..ਫੇਰ ਮੈਂ ਢੇਰ ਸਾਰੇ ਸੁਆਲ ਪੁੱਛੇ ਓਹਨਾ ਵੀ ਅੱਗੋਂ ਠਰੰਮੇ ਨਾਲ ਸਾਰੇ ਜੁਆਬ ਦਿੱਤੇ..!

ਇਸ ਘਟਨਾ ਦੇ ਠੀਕ ਸਾਢੇ ਚਾਰ ਮਹੀਨਿਆਂ ਮਗਰੋਂ ਕੱਤੀ-ਅਕਤੂਬਰ ਚੁਰਾਸੀ ਨੂੰ ਦਿੱਲੀ ਵਿਚ ਇੰਦਰਾ ਗਾਂਧੀ ਆਪਣੇ ਦੋ ਅੰਗ ਰੱਖਿਅਕਾਂ ਦੁਆਰਾ ਮਾਰ ਦਿੱਤੀ ਗਈ..ਇੱਕ ਨਵੰਬਰ ਦੀ ਸੁਵੇਰ ਸਾਡੇ ਕੂ ਨੌਂ ਵਜੇ ਘਰੋਂ ਬਾਹਰ ਨਿੱਕਲਿਆ..!

ਕੀ ਵੇਖਿਆ ਚਾਰੇ ਪਾਸੇ ਅੱਗਾਂ ਲੱਗੀਆਂ ਪਈਆਂ ਨੇ..ਪਗੜੀ ਵਾਲਿਆਂ ਨੂੰ ਚੁਣ-ਚੁਣ ਕੇ ਬੱਸਾਂ ਗੱਡੀਆਂ ਸਕੂਟਰਾਂ ਤੋਂ ਲਾਹ ਲਾਹ ਕੇ ਬੁਰੀ ਤਰਾਂ ਕੁੱਟਿਆ ਮਾਰਿਆ ਜਾ ਰਿਹਾ ਸੀ..!
ਫੇਰ ਅਗਲੇ ਦੋ ਦਿਨ ਜਮਨਾ ਪਾਰ ਦੇ ਤ੍ਰਿਲੋਕ-ਪੂਰੀ ਇਲਾਕੇ ਅਤੇ ਹੋਰ ਕਿੰਨੇ ਇਲਾਕਿਆਂ ਵਿਚ ਸ਼ਾਇਦ ਹੀ ਕੋਈ ਐਸਾ ਘਰ ਬਚਿਆ ਹੋਵੇਗਾ ਜਿਥ੍ਹੇ ਇੱਕ ਵੀ ਇਨਸਾਨ ਸਿੱਖ ਹੋਣ ਦੀ ਸਜਾ ਭੁਗਤਣ ਤੋਂ ਵਾਂਝਿਆ ਰਹਿ ਗਿਆ ਹੋਵੇ..!

ਹਰੇਕ ਤੇ ਪਹਿਲਾਂ ਪਾਊਡਰ ਸਿੱਟਿਆ ਜਾਂਦਾ ਫੇਰ ਉਸਨੂੰ ਜਿਉਂਦੇ ਨੂੰ ਅੱਗ ਲਾ ਦਿੱਤੀ ਜਾਂਦੀ..ਸਿਖਾਂ ਦੇ ਕਾਰੋਬਾਰ ਗਿਣੇ ਮਿਥੇ ਤਰੀਕੇ ਨਾਲ ਤਬਾਹ ਕੀਤੇ ਜਾ ਰਹੇ ਸਨ..!

ਏਨੀ ਕਤਲੋਗਾਰਦ ਦੇਖ ਮੈਨੂੰ ਕੁਝ ਮਹੀਨੇ ਪਹਿਲਾਂ ਰੋਡੇ ਪਿੰਡ ਵਿਚ ਵਾਪਰੀ ਓਹੀ ਘਟਨਾ ਚੇਤੇ ਆ ਗਈ..
ਸੱਚੀ ਪੁੱਛੋਂ ਹਰ ਪਾਸੇ ਡਰਾਉਣਾ ਅਤੇ ਬੇਖੌਫ ਹਾਸਾ ਹੱਸਦੀਆਂ ਕਿੰਨੀਆਂ ਸਾਰੀਆਂ ਬੇਲਗਾਮ ਜਨੂੰਨੀ ਭੀੜਾਂ ਵੇਖ ਪੰਜਾਬ,ਪੰਜਾਬੀਅਤ ਅਤੇ ਪੰਜਾਬੀਆਂ ਤੇ ਬੜਾ ਹੀ ਜਿਆਦਾ ਮਾਣ ਮਹਿਸੂਸ ਹੋਇਆ ਅਤੇ ਦਿਲ ਵਾਲਿਆਂ ਦੀ ਆਖੀ ਜਾਂਦੀ ਦਿੱਲੀ ਤੇ ਬੜੀ ਹੀ ਜਿਆਦਾ ਸ਼ਰਮ ਆਈ!

ਹਰਪ੍ਰੀਤ ਸਿੰਘ ਜਵੰਦਾ

Today Now News

RELATED ARTICLES
- Advertisment -

POPULAR POSTS