ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਦਾ ਜਵਾਬ ਮੰਗਣ ਲਈ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਸੱਤ ਤੇ ਅੱਠ ਜੂਨ ਨੂੰ ਇਨ੍ਹਾਂ ਚੁਣੇ ਪ੍ਰਤੀਨਿਧਤਾ ਦੇ ਘਰਾਂ ਮੂਹਰੇ ਧਰਨੇ ਲਾਏ ਜਾਣਗੇ
ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀ ਦੀ ਤੁਰੰਤ ਰਿਹਾਈ ਅਤੇ ਬਿਨਾਂ ਵਿਤਕਰੇ ਸਾਰੇ ਜੇਲ੍ਹ ਬੰਦੀਆਂ ਨੂੰ ਪਰੋਲ ਅਤੇ ਛੁੱਟੀਆਂ ਦਿੱਤੇ ਜਾਣ ਦੀ ਮੰਗ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮੋਦੀ ਸਰਕਾਰ ਦੇ ਹੰਕਾਰੀ ਤੇ ਅੜੀਅਲ ਰਵੱਈਏ, ਇਸ ਦੀਆਂ ਘੋਰ ਲੋਕ ਦੋਖੀ ਤੇ ਕਾਰਪੋਰੇਟਪ੍ਰਸਤ ਫਿਰਕੂ ਨੀਤੀਆਂ ਅਤੇ ਹਰ ਖੇਤਰ ਵਿਚ ਇਸ ਦੀ ਮੁਕੰਮਲ ਨਾਕਾਮੀ ਕਾਰਨ ਪ੍ਰਧਾਨ ਮੰਤਰੀ ਮੋਦੀ ਦੇ ਅਸਤੀਫੇ ਦੀ ਮੰਗ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ 30 ਮਈ ਨੂੰ ਸੂਬੇ ਵਿਚ ਪ੍ਰਧਾਨ ਮੰਤਰੀ ਮੋਦੀ ਦੀਆਂ ਅਰਥੀਆਂ ਸਾੜਨ ਦਾ ਐਲਾਨ ਕੀਤਾ ਹੈ। ਚੇਤੇ ਰਹੇ ਕਿ ਇਸ ਦਿਨ ਮੋਦੀ ਸਰਕਾਰ ਵਲੋਂ ਸਤਾ ਸੰਭਾਲਣ ਦੇ ਸੱਤ ਸਾਲ ਪੂਰੇ ਹੋ ਰਹੇ ਹਨ।
ਕਾਮਰੇਡ ਭਗਵੰਤ ਸਿੰਘ ਸਮਾਓਂ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਪਾਰਟੀ ਦੀ ਪੰਜਾਬ ਸੂਬਾ ਕਮੇਟੀ ਦੀ ਇਕ ਦੋ ਰੋਜ਼ਾ ਮੀਟਿੰਗ ਤੋਂ ਬਾਅਦ ਪ੍ਰੈੱਸ ਨਾਲ ਗੱਲ ਕਰਦਿਆਂ ਸੀਪੀਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਪ੍ਰੈੱਸ ਨੂੰ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਕੋਰੋਨਾ ਲੌਕ ਡਾਊਨ ਦਾ ਲਾਹਾ ਲੈਂਦਿਆਂ ਬੀਤੇ ਵਰ੍ਹੇ ਵਿਚ ਜਿੱਥੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਮਾਰੂ ਸੋਧਾਂ ਕੀਤੀਆਂ ਹਨ, ਉਥੇ ਹਰ ਖੇਤਰ ਵਿੱਚ ਅੰਨ੍ਹੇਵਾਹ ਨਿੱਜੀਕਰਨ ਰਾਹੀਂ ਸਾਡੇ ਸਾਰੇ ਕੁਦਰਤੀ ਸੋਮੇ ਅਤੇ ਪਬਲਿਕ ਸੈਕਟਰ ਅਦਾਰੇ ਕਾਰਪੋਰੇਟ ਕੰਪਨੀਆਂ ਦੀ ਝੋਲੀ ਪਾ ਦਿੱਤੇ ਹਨ । ਇਸ ਦੇ ਨਾਲ ਨਾਲ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਕਰਕੇ ਦੇਸ਼ ਦੇ ਸਮੁੱਚੇ ਖੇਤੀ ਖੇਤਰ ਉੱਤੇ ਵੀ ਕਾਰਪੋਰੇਟ ਕੰਪਨੀਆਂ ਦਾ ਮੁਕੰਮਲ ਕਬਜ਼ਾ ਕਰਵਾਉਣ ਦੀ ਖ਼ਤਰਨਾਕ ਸਾਜਿਸ਼ ਅਮਲ ਵਿੱਚ ਲਿਆਂਦੀ ਹੈ। ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ 100% ਐਫਡੀਆਈ, ਨੋਟਬੰਦੀ ਅਤੇ ਜੀਐੱਸਟੀ ਲਾਗੂ ਕਰਕੇ ਸਮੁੱਚੇ ਛੋਟੇ ਵਪਾਰ ਤੇ ਕਾਰੋਬਾਰਾਂ ਨੂੰ ਖਾਤਮੇ ਦੀ ਕਾਗਾਰ ਉੱਤੇ ਧੱਕ ਦਿੱਤਾ ਹੈ । ਦੇਸ਼ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਸਿਖਰਾਂ ਨੂੰ ਛੂਹ ਰਹੀ ਹੈ । ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਉਣ ਦੇ ਬਾਵਜੂਦ ਦੇਸ਼ ਅੰਦਰ ਡੀਜ਼ਲ ਪੈਟਰੋਲ, ਰਸੋਈ ਗੈਸ ਅਤੇ ਬਿਜਲੀ ਦੀਆਂ ਦਰਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਮਨੁੱਖੀ ਹੱਕਾਂ , ਲਿਖਣ ਬੋਲਣ ਸੰਗਠਨ ਬਣਾਉਣ ਦੀ ਆਜ਼ਾਦੀ, ਤਮਾਮ ਸੰਵਿਧਾਨਕ ਸੰਸਥਾਵਾਂ ਅਤੇ ਸੂਬਿਆਂ ਦੇ ਅਧਿਕਾਰਾਂ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ । ਵਿੱਦਿਆ ਅਤੇ ਸਿਹਤ ਸੰਭਾਲ ਦਾ ਸਮੁੱਚਾ ਸਰਕਾਰੀ ਤੰਤਰ ਚਰਮਰਾ ਰਿਹਾ ਹੈ । ਪ੍ਰਧਾਨ ਮੰਤਰੀ ਮੋਦੀ ਦੇ ਨੌਟੰਕੀ ਐਲਾਨਾਂ ਅਤੇ ਬਿਆਨਾਂ ਦੇ ਉਲਟ ਕੋਰੋਨਾ ਮਹਾਂਮਾਰੀ ਬੇਕਾਬੂ ਹੋ ਕੇ ਵੱਡੀ ਪੱਧਰ ਉਤੇ ਮਨੁੱਖੀ ਜਾਨਾਂ ਨੂੰ ਲਗਾਤਾਰ ਹੜੱਪ ਰਹੀ ਹੈ । ਜਿੱਥੇ ਸੰਘ ਪਰਿਵਾਰ ਅਤੇ ਬੀਜੇਪੀ ਦੇ ਅਨੇਕਾਂ ਪ੍ਰਮੁੱਖ ਲੀਡਰ ਗਊ ਮੂਤਰ ਅਤੇ ਗੋਬਰ ਮਾਰਕਾ ਇਲਾਜ ਦੇ ਹਸਾਉਣੇ ਨੁਸਖੇ ਪੇਸ਼ ਕਰਕੇ ਦੇਸ਼ ਨੂੰ ਸੰਸਾਰ ਦੀਆਂ ਨਜ਼ਰਾਂ ਵਿੱਚ ਮਜ਼ਾਕ ਦਾ ਪਾਤਰ ਬਣਾ ਰਹੇ ਹਨ ਹਨ, ਉੱਥੇ ਬਹੁਗਿਣਤੀ ਛੋਟੇ ਵੱਡੇ ਪ੍ਰਾਈਵੇਟ ਹਸਪਤਾਲ ਇਲਾਜ ਦੇ ਨਾਂ ‘ਤੇ ਮਨਮਾਨੇ ਢੰਗ ਨਾਲ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਬੇਕਿਰਕੀ ਨਾਲ ਹੜੱਪ ਰਹੇ ਹਨ । ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦਾ ਹਸ਼ਰ ਇਹ ਹੈ ਕਿ ਭਾਰਤ ਦੇ ਆਪਣੇ ਸਾਰੇ ਗੁਆਂਢੀ ਦੇਸ਼ਾਂ ਨਾਲ ਸਬੰਧ ਅੱਜ ਬੁਰੀ ਤਰ੍ਹਾਂ ਵਿਗੜੇ ਹੋਏ ਹਨ । ਜਿਸ ਕਰਕੇ ਹੁਣ ਹਰ ਖੇਤਰ ਵਿੱਚ ਪੂਰੀ ਤਰ੍ਹਾਂ ਨਕਾਰਾ ਸਾਬਤ ਹੋ ਚੁੱਕੇ ਲੱਫ਼ਾਜ਼ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਚੱਲਦਾ ਕਰਨ ਦਾ ਵਕਤ ਆ ਪੁੱਜਾ ਹੈ ।
ਬਿਆਨ ਵਿੱਚ ਆਖਿਆ ਗਿਆ ਹੈ ਕਿ ਸੀਪੀਆਈ (ਐੱਮ ਐੱਲ) ਲਿਬਰੇਸ਼ਨ ਨੇ ਬੀਤੇ ਛੇ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਕਿਸਾਨ ਸੰਘਰਸ਼ ਦਾ ਆਰੰਭ ਤੋਂ ਪੁਰਜ਼ੋਰ ਸਮਰਥਨ ਕੀਤਾ ਹੈ ਅਤੇ ਇਸ ਸੰਘਰਸ਼ ਦੀ ਜਿੱਤ ਤਕ ਪਾਰਟੀ ਆਪਣੀ ਪੂਰੀ ਤਾਕਤ ਨਾਲ ਇਸ ਅੰਦੋਲਨ ਦੀ ਹਮਾਇਤ ਕਰਨ ਲਈ ਪ੍ਰਤੀਬੱਧ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਲਿਬਰੇਸ਼ਨ ਪਾਰਟੀ, ਬੀਜੇਪੀ ਵੱਲੋਂ ਆਪਣੇ ਸੌ੍ੜੇ ਸਿਆਸੀ ਸੁਆਰਥਾਂ ਤਹਿਤ ਪੰਜਾਬ ਵਿੱਚ ਫ਼ਿਰਕੂ ਅਤੇ ਜਾਤੀਵਾਦੀ ਵਿਵਾਦਾਂ ਨੂੰ ਹਵਾ ਦੇਣ ਦੀਆਂ ਸਾਜ਼ਿਸ਼ਾਂ ਦੀ ਸਖ਼ਤ ਵਿਰੋਧਤਾ ਕਰਦੀ ਹੈ । ਪਾਰਟੀ ਮੰਗ ਕਰਦੀ ਹੈ ਕਿ ਸਿਆਸੀ ਚਾਲਬਾਜ਼ੀ ਬੰਦ ਕਰ ਕੇ ਨਿਯਮਾਂ ਮੁਤਾਬਕ ਤਮਾਮ ਕੈਦੀਆਂ ਅਤੇ ਹਵਾਲਾਤੀਆਂ ਨੂੰ ਪਰੋਲ ਤੇ ਬਣਦੀਆਂ ਛੁੱਟੀਆਂ ਦਿੱਤੀਆਂ ਜਾਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਸਿਆਸੀ ਤੇ ਇਖ਼ਲਾਕੀ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਅਤੇ ਗੋਲੀ ਕਾਂਡਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਸਮੇਤ ਆਪਣੇ ਹਰ ਚੋਣ ਵਾਅਦੇ ਨੂੰ ਪੂਰਾ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਪੰਜਾਬ ਦੀ ਕੈਪਟਨ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਵੱਖ ਵੱਖ ਹਲਕਿਆਂ ਦੇ ਵਿਧਾਇਕਾਂ ਅਤੇ ਮੰਤਰੀਆਂ ਤੋਂ ਮਜ਼ਦੂਰਾਂ ਕਿਸਾਨਾਂ ਨੌਜਵਾਨਾਂ ਅਤੇ ਛੋਟੇ ਦੁਕਾਨਦਾਰਾਂ ਵਪਾਰੀਆਂ ਦੇ ਭਖਵੇਂ ਮੁੱਦਿਆਂ ਪ੍ਰਤੀ ਉਨ੍ਹਾਂ ਦੀ ਬੀਤੇ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਦਾ ਹਿਸਾਬ ਮੰਗਣ ਲਈ ਪਾਰਟੀ ਵੱਲੋਂ ਸਬੰਧਤ ਹਲਕੇ ਦੀ ਜਨਤਾ ਨੂੰ ਲਾਮਬੰਦ ਕਰਦਿਆਂ ਸੱਤ ਅਤੇ ਅੱਠ ਜੂਨ ਨੂੰ ਇਨ੍ਹਾਂ ਚੁਣੇ ਪ੍ਰਤੀਨਿਧਾਂ ਦੇ ਘਰਾਂ ਮੂਹਰੇ ਧਰਨੇ ਲਾਏ ਜਾਣਗੇ । ਪਾਰਟੀ ਨੇ ਸਮੂਹ ਹਮਖਿਆਲ ਤਾਕਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਸਹਿਯੋਗ ਅਤੇ ਸ਼ਮੂਲੀਅਤ ਕਰਨ ।






