ਪਾਲੀ “ਗਿੱਦੜਬਾਹਾ”

ਮੈਂ ਬੁੱਢਾ ਪਿੱਪਲ ਬੋਲਦਾ
ਲੋਕੋ ਸੁਣੋ ਮੇਰੀ ਦਾਸਤਾਨ
ਮੈਨੂੰ ਲਾਇਆ ਇੱਕ ਫਕੀਰ ਨੇ
ਮੈਂ ਹੌਲੀ-ਹੌਲੀ ਹੋਇਆ ਜਵਾਨ
ਮੇਰੇ ਥੱਲੇ ਸੀ ਸਭ ਬੈਠਦੇ
ਹਿੰਦੂ,ਸਿੱਖ ਤੇ ਮੁਸਲਮਾਨ
ਸੰਨ 47 ਤੱਕਿਆ ਮੈਂ
ਹੋਇਆ ਬਹੁਤ ਹੈਰਾਨ
ਮੇਰੇ ਥੱਲੇ ਲਾਸ਼ਾ ਵਿਛੀਆ
ਤੇ ਲਹੂ ਦੇ ਵਹਿ ਗਏ ਘਾਣ
ਮੈਂ ਬੁੱਢਾ ਪਿੱਪਲ ਬੋਲਦਾ——
ਸੰਨ 84 ਵਿੱਚ ਵੀ ਮੈਂ
ਹੋਇਆ ਬਹੁਤ ਪਰੇਸ਼ਾਨ
ਮੇਰੇ ਥੱਲੇ ਬੇਦੋਸ਼ੇ ਮਾਰ ਕੇ
ਉਹ ਖੁਸ਼ ਸੀ ਹੋਈ ਜਾਣ
ਦੇ ਕੇ ਖਿਤਾਬ ਅੱਤਵਾਦ ਦਾ
ਝੂਠੇ ਮੁਕਾਬਲੇ ਬਣਾਈ ਜਾਣ
ਮੇਰੇ ਸੀਨੇ ਲੱਗੀਆਂ ਗੋਲੀਆਂ
ਤੇ ਅੱਜ ਵੀ ਹਨ ਨਿਸ਼ਾਨ
ਮੈਂ ਬੁੱਢਾ ਪਿੱਪਲ ਬੋਲਦਾ——
2010 ਵਿੱਚ ਮੇਰੇ ਕੋਲ
ਆਇਆ ਇੱਕ ਕਿਸਾਨ
ਉਹਨੇ ਹੱਥ ਸੀ ਫੜਿਆ ਰੱਸਾ
ਪਾ ਲਿਆ ਮੇਰੇ ਟਾਹਣ
ਉਸ ਗਲ ਪਾ ਫਾਹਾ ਲੈ ਲਿਆ
ਤੜਫ਼-ਤੜਫ਼ ਨਿਕਲੀ ਜਾਨ
ਮੈਂ ਵੇਖ ਕੇ ਭੁੱਬਾਂ ਮਾਰੀਆਂ
ਉਹ ਕਰਜ਼ੇ ਤੋਂ ਸੀ ਪਰੇਸ਼ਾਨ
ਮੈਂ ਬੁੱਢਾ ਪਿੱਪਲ ਬੋਲਦਾ——
ਅੱਜ ਵੀ ਮੇਰੇ ਥੱਲੇ ਬੈਠਦੇ
ਕਈ ਆ ਕੇ ਨੌਜਵਾਨ
ਉਹ ਪੀਂਦੇ ਨੇ ਸਮੈਕਾ
ਤੇ ਸੂਟੇ ਲਾਈ ਜਾਣ
ਕੋਈ ਹੋਰ ਅਣਹੋਣੀ ਨਾ ਵੇਖਾ
ਰੱਬਾ ਕੱਢ ਲੈ ਮੇਰੀ ਜਾਨ
ਮੈਨੂੰ ਜੜੋ ਉਖੇੜੇ
ਕੋਈ ਐਸਾ ਉਠੇ ਤੂਫਾਨ
ਮੈਂ ਬੁੱਢਾ ਪਿੱਪਲ ਬੋਲਦਾ
ਲੋਕੋ ਸੁਣੋ ਮੇਰੀ ਦਾਸਤਾਨ
ਅਗਿਆਤ… ਕਿਸਾਨ






