ਐਕਸ਼ਨ ਲੈਂਦਿਆਂ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਕੌਂਸਲ ਦੇ ਏ.ਐਮ.ਈ. ਅਤੇ ਜੇ.ਈ. ਨੂੰ ਕੀਤਾ ਮੁਅੱਤਲ

ਬਰਨਾਲਾ ( ਕਰਨਪਰੀਤ ਧੰਦਰਾਲ )-ਪਿਛਲੇ ਕੁਝ ਸਮੇਂ ਤੋਂ ਚਰਚਾ ਦਾ ਵਿਸਾ ਬਣੀ ਗਰਚਾ ਰੋਡ ਸੜਕ, ਜਿਸ ਉੱਪਰ ਪ੍ਰੀਮਿਕਸ ਪਾਉਣ ਸਬੰਧੀ ਘਪਲਾ ਉਜਾਗਰ ਹੋਇਆ ਸੀ ਉੱਪਰ ਕਾਰਵਾਈ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ ਨਗਰ ਕੌਂਸਲ ਬਰਨਾਲਾ ਦੇ ਏ.ਐਮ.ਈ. ਦਮਨ ਦਵਿੰਦਰ ਸਿੰਘ (ਹੁਣ ਨਗਰ ਕੌਂਸਲ ਜੀਰਕਪੁਰ) ਅਤੇ ਜੇ.ਈ. ਮੇਜਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ . ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਜਾਰੀ ਹੁਕਮਾਂ ਵਿਚ ਲਿਖਿਆ ਗਿਆ ਹੈ ਕਿ ਮੁੱਖ ਚੌਕਸੀ ਅਫਸਰ, ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ ਦੀ ਰਿਪੋਰਟ ਅਨੁਸਾਰ ਏ.ਐਮ.ਈ. ਦਮਨ ਦਵਿੰਦਰ ਸਿੰਘ (ਹੁਣ ਨਗਰ ਕੌਂਸਲ ਜੀਰਕਪੁਰ) ਅਤੇ ਜੇ.ਈ. ਮੇਜਰ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਨੌਕਰੀ ਤੋਂ ਮੁਅੱਤਲ ਕੀਤਾ ਜਾਂਦਾ ਹੈ . ਮੁਅੱਤਲੀ ਦੌਰਾਨ ਅਧਿਕਾਰੀਆਂ ਦਾ ਹੈੱਡ ਕੁਆਰਟਰ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਚੰਡੀਗੜ੍ਹ (ਸਦਰ ਦਫਤਰ) ਨਿਸਚਿਤ ਕੀਤਾ ਜਾਂਦਾ ਹੈ .
ਪ੍ਰੀਮਿਕਸ ਦੇ ਬਹੁਤੇ ਕੰਮ ਕਈ ਫੀਸਦੀ ਵਧਾ ਕੇ ਕੀਤੇ ਗਏ ਹਨ ਪਾਸ
ਇਹ ਵੀ ਪਤਾ ਲੱਗਾ ਹੈ ਕਿ ਉਕਤ ਏ.ਐਮ.ਈ. ਅਤੇ ਜੇ.ਈ. ਵਲੋਂ ਨਗਰ ਕੌਂਸਲ ਬਰਨਾਲਾ ਅਧੀਨ ਚੱਲ ਰਹੇ ਸਹਿਰ ਵਿਚਲੇ ਪ੍ਰੀਮਿਕਸ ਦੇ ਬਹੁਤੇ ਕੰਮ ਐਸਟੀਮੇਟ ਤੋਂ ਘਟਾਕੇ ਠੇਕੇਦਾਰਾਂ ਨੂੰ ਦੇਣ ਦੀ ਜਗ੍ਹਾ ਕਈ-ਕਈ ਫੀਸਦੀ ਵਧਾ ਕੇ ਪਾਸ ਕੀਤੇ ਗਏ ਹਨ, ਜੋ ਕਿ ਜਾਂਚ ਦਾ ਵਿਸਾ ਹੈ ਕਿਉਂਕਿ ਕੰਮ ਐਸਟੀਮੇਟ ਤੋਂ ਵਧਾ ਕੇ ਦੇਣ ਕਾਰਨ ਸਰਕਾਰ ਨੂੰ ਮੋਟਾ ਚੂਨਾ ਲੱਗ ਰਿਹਾ ਹੈ .
ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਗਰਚਾ ਰੋਡ (ਹੰਡਿਆਇਆ ਰੋਡ ਤੋਂ ਧਨੌਲਾ ਰੋਡ ਤੱਕ) ਉੱਪਰ ਸੀਵਰੇਜ ਬੋਰਡ ਵਲੋਂ ਸੀਵਰੇਜ ਪਾਇਆ ਗਿਆ ਸੀ ਅਤੇ ਸੜਕ ਨੂੰ ਦੁਬਾਰਾ ਬਣਾਉਣ ਲਈ ਸੀਵਰੇਜ ਬੋਰਡ ਵਲੋਂ 820.52 ਮੀਟਰ ਸੜਕ ‘ਤੇ ਪ੍ਰੀਮਿਕਸ ਪਾਇਆ ਗਿਆ ਸੀ . ਪਰ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਵਲੋਂ ਗਰਚਾ ਰੋਡ ਦੀ ਪੂਰੀ ਸੜਕ ਬਣਾਉਣ ਸਮੇਂ 820.52 ਮੀਟਰ ਸੜਕ ਜੋ ਸੀਵਰੇਜ ਬੋਰਡ ਵਲੋਂ ਬਣਾਈ ਗਈ ਸੀ ਦਾ ਬਿੱਲ ਬਿਨਾਂ ਕੰਮ ਕੀਤਿਆਂ ਸਬੰਧਤ ਠੇਕੇਦਾਰ ਨੂੰ ਅਦਾ ਕਰ ਦਿੱਤਾ ਗਿਆ . ਜਦੋਂ ਇਸ ਘਪਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਇਸ ਮਾਮਲੇ ਦੀ ਜਾਂਚ ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਵਿੰਗ ਵਲੋਂ ਕਰਵਾਈ ਗਈ ਅਤੇ ਪੰਜਾਬ ਵ/ਸ ਅਤੇ ਸੀਵਰੇਜ ਬੋਰਡ ਬਰਨਾਲਾ ਤੋਂ ਵੀ ਰਿਪੋਰਟ ਮੰਗੀ ਗਈ . ਜਿਸ ਵਿਚ ਵਿਭਾਗ ਵਲੋਂ ਦੱਸਿਆ ਗਿਆ ਕਿ ਗਰਚਾ ਰੋਡ (ਹੰਡਿਆਇਆ ਰੋਡ ਤੋਂ ਧਨੌਲਾ ਰੋਡ ਤੱਕ) ਹੰਡਿਆਇਆ ਰੋਡ ਵਾਲੇ ਪਾਸੇ ਤੋਂ 777.68 ਮੀਟਰ ਸੀਵਰ ਪਾਇਆ ਗਿਆ ਹੈ . ਸੀਵਰ ਪਾਉਣ ਤੋਂ ਬਾਅਦ ਇਸ ਦਫਤਰ ਵਲੋਂ ਮੌਕੇ ਉੱਪਰ ਪ੍ਰੀਮਿਕਸ ਦੀ 820.52 ਮੀਟਰ ਸੜਕ ਬਣਾਈ ਗਈ ਹੈ .ਇਸ ਸਬੰਧੀ ਜਿਲ੍ਹਾ ਸਿਕਾਇਤ ਨਿਵਾਰਨ ਕਮੇਟੀ ਮੈਂਬਰ ਬਲਦੇਵ ਸਿੰਘ ਭੁੱਚਰ ਨੇਂ ਕਿਹਾ ਕਿ ਜੇ ਛਾਣਬੀਣ ਕੀਤੀ ਜਾਵੇ ਤਾਂ ਪਤਾਂ ਨਹੀਂ ਅਜਿਹੇ ਕਿੰਨੇਂ ਕਰੋੜਾਂਦੇ ਕੀਤੇ ਘਪਲੇ ਜਨਤਾ ਦੀ ਕਚਿਹਰੀ ਚ ਨੰਗੇ ਹੋਣਗੇ।




