17.4 C
Chandigarh

TODAY NOW NEWS

Friday, March 20, 2026
Homeਲਾਈਫ ਸਟਾਈਲਸਾਹਿਤ ਤੇ ਸੱਭਿਆਚਾਰਸ਼ਿਵ ਕੁਮਾਰ ਬਟਾਲਵੀ ਦੀ 48ਵੀਂ ਬਰਸੀ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ।

ਸ਼ਿਵ ਕੁਮਾਰ ਬਟਾਲਵੀ ਦੀ 48ਵੀਂ ਬਰਸੀ ‘ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ।

ਉਸਦੀਆਂ ਕਵਿਤਾਵਾਂ ਨੂੰ ਵੱਖ ਵੱਖ ਗਾਇਕਾਂ ਵੱਲੋਂ ਗਾ ਕੇ ਪੇਸ਼ ਕੀਤਾ ਗਿਆ।

ਨਕੋਦਰ (ਬਿਊਰੋ) : ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਅਤੇ ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ, ਨਕੋਦਰ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀ 48ਵੀਂ ਬਰਸੀ ਮੌਕੇ ਵਿਚਾਰ ਚਰਚਾ ਅਤੇ ਸੰਗੀਤ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ.ਸ.ਪ. ਸਿੰਘ ਦੀ ਪ੍ਰਧਾਨਗੀ ਹੇਠ ਸ਼ਿਵ ਕੁਮਾਰ ਬਟਾਲਵੀ ਨੂੰ ਚੇਤੇ ਕੀਤਾ ਗਿਆ ਅਤੇ ਉਸਦੀਆਂ ਕਵਿਤਾਵਾਂ ਨੂੰ ਵੱਖ ਵੱਖ ਗਾਇਕਾਂ ਵੱਲੋਂ ਗਾ ਕੇ ਪੇਸ਼ ਕੀਤਾ ਗਿਆ। ਡਾ.ਐੱਸ.ਪੀ. ਸਿੰਘ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੈਂ ਸ਼ਿਵ ਨੂੰ ਜਿੰਨੀ ਵਾਰ ਵੀ ਮਿਲਿਆਂ ਉਹ ਵਾਰ ਆਪਣੀਆਂ ਰਚਨਾਵਾਂ ਵਾਂਗ ਸੱਜਰਾ, ਹਮੇਸ਼ਾ ਹੀ ਨਵੇਂ ਅੰਦਾਜ਼ ਵਿੱਚ ਵੱਖਰੀਆਂ ਪਰਤਾਂ ਖੋਲ੍ਹਦਾ।ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੀ ਸ਼ਿਵ ਨੂੰ ਪੜ੍ਹਾਂਗੇ ਤਾਂ ਕੁਝ ਨਵਾਂ ਹੀ ਪਾਵਾਂਗੇ। ਉਨ੍ਹਾਂ ਕਿਹਾ ਕਿ ਲਾਇਲਪੁਰ ਖਾਲਸਾ ਕਾਲਿਜ ਚ ਪੜ੍ਹਦਿਆਂ ਮੈਂ ਤੇ ਸੁਰਿੰਦਰ ਗਿੱਲ ਨੇ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਦੀ ਸਾਹਿੱਤ ਸਭਾ ਵੱਲੋਂ 1967 ਚ ਸ਼ਿਵ ਕੁਮਾਰ ਨੂੰ ਵਿਦਿਆਰਥੀਆਂ ਦੇ ਰੂਬਰੂ ਕੀਤਾ। ਉਸ ਦੀ ਤਾਜ਼ਗੀ ਅਜੇ ਤੀਕ ਕਾਇਮ ਹੈ।
ਐੱਲ.ਡੀ.ਡੀ.ਟੀ.ਵੀ. ਦੇ ਫੇਸਬੁੱਕ ਲਾਈਵ ਟੈਲੀਕਾਸਟ ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦਿਆਂ ਪ੍ਰੋਗਰਾਮ ਦੇ ਉਦਘਾਟਨੀ ਬੋਲ ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਹੁਰਾਂ ਸਾਂਝੇ ਕੀਤੇ। ਉਨ੍ਹਾਂ ਨੇ ਸ਼ਿਵ ਕੁਮਾਰ ਦੇ ਜੀਵਨ, ਰਚਨਾ ਅਤੇ ਕਲਾਤਮਕ ਪੱਖਾਂ ‘ਤੇ ਗੱਲ ਕਰਦਿਆਂ ਦੱਸਿਓ ਕਿ ਨਕਸਲਬਾੜੀ ਲਹਿਰ ਵੇਲੇ ਬਾਬਾ ਬੂਝਾ ਸਿੰਘ ‘ਤੇ ਦੋ ਹੀ ਸ਼ਾਇਰਾਂ ਨੇ ਕਵਿਤਾਵਾਂ ਲਿਖੀਆਂ ਉਨ੍ਹਾਂ ਵਿੱਚ ਇਕ ਸੰਤ ਰਾਮ ਉਦਾਸੀ ਸੀ ਤੇ ਦੂਜਾ ਸ਼ਿਵ ਕੁਮਾਰ ਬਟਾਲਵੀ, ਸ਼ਿਵ ਦੀ ਕਵਿਤਾ ਕਮਾਲ ਦੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਪਾਕਿਸਤਾਨ ਵਿੱਚ ਸ਼ਿਵ ਕੁਮਾਰ ਦੀਆਂ ਕਿਤਾਬਾਂ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਪ੍ਰਸਿੱਧ ਚਿਤਰਕਾਰ ਮੁਹੰਮਦ ਆਸਿਫ਼ ਰਜ਼ਾ ਨੇ ਸ਼ਿਵ ਕੁਮਾਰ ਦੇ ਚਿਤਰ ਸੋਸ਼ਲ ਮੀਡੀਆ ਰਾਹੀਂ ਘਰ ਘਰ ਪਹੁੰਚਾਏ ਹਨ।
ਇਸ ਉਪਰੰਤ ਲੋਕ ਸੰਗੀਤ ਸੰਭਾਲਕਾਰ,ਮਾਨਸਾ ਤੋਂ ਅਸ਼ੋਕ ਬਾਂਸਲ ਹੁਰਾਂ ਸ਼ਿਵ ਕੁਮਾਰ ਦੇ ਗੀਤਾਂ ਦੀਆਂ ਰਿਕਾਰਡਿੰਗਜ਼ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸ਼ਿਵ ਕੁਮਾਰ ਦੇ ਲਿਖਿਆ ਗੀਤ ਆਸਾ ਸਿੰਘ ਮਸਤਾਨਾ ਨੇ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਗਾਇਆ। ਸੁਰਿੰਦਰ ਕੌਰ ਨੇ ਇੱਕ ਮੇਰੀ ਅੱਖ ਕਾਸ਼ਣੀ ਸ਼ਿਵ ਦਾ ਗੀਤ ਗਾਇਆ। ਜਿਨ੍ਹਾਂ ਬਾਬਤ ਪੂਰੀ ਜਾਣਕਾਰੀ ਲਫ਼ਜ਼ਾਂ ਦੀ ਦੁਨੀਆਂ – ਐੱਲ.ਡੀ.ਡੀ. ਟੀ.ਵੀ. ‘ਤੇ ਵੇਖੀ ਜਾ ਸਕਦੀ ਹੈ।
ਉਨ੍ਹਾਂ ਤੋਂ ਬਾਅਦ ਡਾ. ਨਰੇਸ਼ ਕੁਮਾਰ ਹੁਰਾਂ ਸ਼ਿਵ ਕੁਮਾਰ ਬਟਾਲਵੀ ਬਾਰੇ ਆਲੋਚਨਾਤਮਕ ਨਜ਼ਰੀਏ ਤੋਂ ਆਪਣੇ ਵਿਚਾਰ ਰੱਖੇ। ਉਨ੍ਹਾਂ ਦੱਸਿਆ ਕਿ ਸ਼ਿਵ ਕੁਮਾਰ ਪੰਜਾਬੀ ਹੀ ਨਹੀਂ ਸਗੋਂ ਫਾਰਸੀ ਤੇ ਮਿਆਰੀ ਅੰਗਰੇਜ਼ੀ ਵੀ ਜਾਣਦਾ ਸੀ। ਉਨ੍ਹਾਂ ਜ਼ਿਕਰ ਕੀਤਾ ਕਿ ਸ਼ਿਵ ਕੁਮਾਰ ਦੀ ਕਵਿਤਾ ਵਿੱਚ ਨਾ ਹੀ ਸ਼ਰਾਬ ਦਾ ਜ਼ਿਕਰ ਹੈ ਤੇ ਨਾ ਹੀ ਉਸ ਸ਼ਰਾਬ ਪੀ ਕੇ ਕਵਿਤਾ ਲਿਖੀ ਪਰ ਬਹੁਤੇ ਲੋਕ ਦੋਹਾਂ ਚੀਜ਼ਾਂ ਨੂੰ ਰਲਗੱਡ ਕਰਦੇ ਹਨ।
ਇਸ ਮਗਰੋਂ ਡਾ: ਸਤਨਾਮ ਸਿੰਘ ਨਿੱਜਰ ਹੁਰਾਂ ਬਟਾਲੇ ਤੋਂ ਸ਼ਿਵ ਕੁਮਾਰ ਦੇ ਵਿਆਹ ਵੇਲੇ ਰੈਣ ਬਸੇਰੇ ਦੇ ਹਵਾਲੇ ਨਾਲ ਦੱਸਿਆ ਕਿ ਉਹ ਘਰ ਹੁਣ ਮੇਰੇ ਕੋਲ ਹੈ। ਮੈਂ ਇਸ ਨੂੰ ਅਜਾਇਬ ਘਰ ਚ ਤਬਦੀਲ ਕਰਨਾ ਚਾਹੁੰਦਾ ਹਾਂ ਪਰ ਜੇਕਰ ਸਹਿਯੋਗ ਮਿਲੇ।
ਵਿਚਾਰ ਚਰਚਾ ਉਪਰੰਤ ਸੰਗੀਤ ਦਰਬਾਰ ਹੋਇਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਲੋਕ ਗਾਇਕ ਜਸਬੀਰ ਜੱਸੀ ਹੁਰਾਂ ਸ਼ਿਵ ਕੁਮਾਰ ਦੀਆਂ ਗ਼ਜ਼ਲਾਂ ਤੇ ਗੀਤਾਂ ਨੂੰ ਗਾ ਕੇ ਵਾਹ ਵਾਹ ਖੱਟੀ। ਉਨ੍ਹਾਂ ਤੋਂ ਮਗਰੋਂ ਤਰਲੋਚਨ ਲੋਚੀ,ਪ੍ਰੋ. ਜਸਵਿੰਦਰ ਧਨਾਨਸੂ,ਗੀਤ ਗੁਰਜੀਤ, ਅੰਮ੍ਰਿਤਪਾਲ ਸਿੰਘ ਤੇ ਰਣਜੀਤ ਕੌਰ ਨਜ਼ਮ ਨੇ ਸ਼ਿਵ ਕੁਮਾਰ ਦੀਆਂ ਕਵਿਤਾਵਾਂ ਨੂੰ ਗਾ ਕੇ ਪੇਸ਼ ਕੀਤਾ। ਆਖ਼ਰ ਵਿੱਚ ਡਾ. ਅਸ਼ਵਨੀ ਭੱਲਾ ਹੁਰਾਂ ਸ਼ਾਮਲ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਲਾਈਵ ਟੈਲੀਕਾਸਟ ਤੱਕ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਪਹੁੰਚ ਕੀਤੀ ਗਈ।

Today Now News

RELATED ARTICLES
- Advertisment -

POPULAR POSTS