....ਗੁਰਸੇਵਕ ਲੰਬੀ

ਜੀਵਣ ਮਾਵਾਂ, ਜੀਵਣ ਛਾਵਾਂ
ਜੀਵਣ ਪਿੰਡ ਦੀਆਂ ਥਾਵਾਂ।
ਜੀਵਣ ਪਿੱਪਲ ਅਤੇ ਧਰੇਕਾਂ
ਜੀਵਣ ਮੱਝਾਂ ਗਾਵਾਂ।
ਜੀਵਣ ਟੱਪੇ ਅਤੇ ਛਡ਼ੱਪੇ
ਜੀਵਣ ਸਭ ਕਵਿਤਾਵਾਂ।
ਜੀਵੇ ਬੋਲੀ ਮਾਂ ਨੇ ਦਿੱਤੀ
ਜਿਸ ਵਿੱਚ ਨੱਚਾਂ ਗਾਵਾਂ।
ਜੀਵੇ ਮਿੱਟੀ, ਜੀਵੇ ਪਾਣੀ
ਜੀਵਣ ਸੋਹਣੀਆਂ ਰਾਹਵਾਂ।
ਜੀਵਣ ਉਹੋ ਖੇਤ ਵੀ ਸਾਰੇ
ਅੰਨ ਜਿਹਨਾਂ ਦਾ ਖਾਵਾਂ।
ਜੀਵੇ ਸੁਰਮਾ, ਜੀਵੇ ਬਿੰਦੀ
ਜੀਵਣ ਵੰਗਾਂ, ਬਾਹਵਾਂ।
ਜੀਵਣ ਪੱਗਾਂ,ਜੀਵਣ ਸ਼ਮਲੇ
ਜੀਵਣ ਸਭ ਦੀਆਂ ਲਾਵਾਂ।
ਜੀਵੇ ਟਹਿਲਾ, ਜੀਵੇ ਜੇਠੂ
ਲੰਮੀਆਂ ਉਮਰਾਂ ਚਾਹਵਾਂ।
ਜੀਵੇ ਕਨਸੋ, ਜੀਵੇ ਬੰਸੋ
ਠੰਡੀਆਂ ਵਗਣ ਹਵਾਵਾਂ।
ਜੀਵਣ ਗੱਡੇ ਅਤੇ ਟ੍ਰੈਕਟਰ
ਬੇਹੱਦ ਰੌਣਕ ਚਾਹਵਾਂ।
ਜੀਵੇ ਦਾਤੀ, ਜੀਵੇ ਤੇਸੀ
ਅਹਿਰਨ ਅੱਗ ਮਚਾਵਾਂ।
ਜੀਵੇ ਮੰਦਰ, ਜੀਵੇ ਮਸਜਿਦ
ਜੀਵਣ ਗੁਰ ਦੀਆਂ ਥਾਵਾਂ।
ਜੀਵੇ ਜੀਤਾ ਨਾਲ ਮੁਹੰਮਦ
ਇੱਕ ਦੂਜੇ ਦੀਆਂ ਬਾਹਵਾਂ।
ਜੀਵੇ ਗਿੱਧਾ, ਜੀਵੇ ਭੰਗੜਾ
ਨੱਚ ਨੱਚ ਧਰਤ ਹਿਲਾਵਾਂ।
ਜੀਵੇ ਦੁੱਲਾ, ਜੀਵੇ ਮਿਰਜ਼ਾ
ਹੇਕਾਂ ਲਾ ਲਾ ਗਾਵਾਂ।
ਜੀਵਣ ਕਲਮਾਂ,ਜੀਵਣ ਪੰਨੇ
ਜੀਵਣ ਸਭ ਧਾਰਾਵਾਂ।
ਜੀਵੇ ਤਾੜੀ, ਜੀਵੇ ਚੁਟਕੀ
ਮੁੜ ਮੁੜ ਫੇਰ ਵਜਾਵਾਂ।
ਜੀਵੇ ਅੰਬਰ, ਜੀਵੇ ਧਰਤੀ
ਜੀਵੇ ਹਰ ਸਿਰਨਾਵਾਂ।
ਜੀਵਣ ਚੁੱਲ੍ਹੇ, ਜੀਵਣ ਚਕਲੇ
ਚਾਅ ਦੀ ਰੋਟੀ ਲਾਹਵਾਂ।
ਜੀਵਣ ਸ਼ਾਮਾਂ ਅਤੇ ਸਵੇਰੇ
ਜੀਵਣ ਢਲਦੀਆਂ ਛਾਵਾਂ।
‘ਲੰਬੀ’ ਦੀ ਬਸ ਇਹੋ ਇੱਛਾ
ਸੰਗ ਤੇਰੇ ਮੁਸਕਾਵਾਂ।
…..ਗੁਰਸੇਵਕ ਲੰਬੀ..
ਪੰਜਾਬੀ ਯੂਨੀਵਰਸਿਟੀ ਪਟਿਆਲਾ
9914150353






