ਭਾਰਤ ਮਾਤਾ ਦੇ 22 ਸਪੂਤ ਹੋਏ ਸ਼ਹੀਦ, 31 ਜਵਾਨ ਜ਼ਖਮੀ ਤੇ ਕਈਆਂ ਦੀ ਹਾਲਤ ਗੰਭੀਰ

ਛੱਤੀਸਗੜ੍ਹ (ਬਿਊਰੋ) : ਕੇੰਦਰ ਸਰਕਾਰ ਦੇ ਅੱਤਵਾਦੀਆਂ ਤੇ ਨਕਸਲੀਆਂ ਤੇ ਕਾਬੂ ਪਾਉਣ ਦੇ ਲਗਾਤਾਰ ਦਾਅਵੇ ਉਸ ਵਕ਼ਤ ਝੂਠੇ ਹੋ ਗਏ ਜਦੋਂ ਭਾਰਤ ਮਾਤਾ ਨੇ ਨਕਸਲੀਆਂ ਦੀ ਕਾਇਰਾਨਾ ਹਰਕਤ ਕਰਕੇ ਆਪਣੇ 22 ਸਪੂਤ ਗੁਆ ਦਿੱਤੇ ਤੇ ਹਜੇ ਇਸ ਨੁਕਸਾਨ ਦੀ ਗਿਣਤੀ ਜਾਰੀ ਹੈ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਤਰਰੇਮ ਥਾਣੇ ਦੇ ਟੇਕਲਗੁੜਾ ਦੇ ਜੰਗਲ ਵਿਚ ਸ਼ਨਿਚਰਵਾਰ ਨੂੰ ਨਕਸਲੀਆਂ ਨਾਲ ਹੋਏ ਮੁਕਾਬਲੇ ਵਿਚ ਸ਼ਹੀਦ ਜਵਾਨਾਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ। 21 ਜਵਾਨਾਂ ਦੀਆਂ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਇਕ ਦੀ ਭਾਲ ਜਾਰੀ ਹੈ।
ਸ਼ੁੱਕਰਵਾਰ ਰਾਤ ਨੂੰ ਬੀਜਾਪੁਰ ਤੇ ਸੁਕਮਾ ਜ਼ਿਲ੍ਹੇ ਦੇ ਵੱਖ-ਵੱਖ ਕੈਂਪਾਂ ਤੋਂ ਸੀਆਰਪੀਐੱਫ, ਕੋਬਰਾ, ਡੀਆਰਜੀ ਤੇ ਐੱਸਟੀਐੱਫ ਦੇ 2056 ਜਵਾਨਾਂ ਨੂੰ ਬੀਜਾਪੁਰ ਤੇ ਸੁਕਮਾ ਦੇ ਸਰਹੱਦੀ ਜੰਗਲ ਵਿਚ ਨਕਸਲੀਆਂ ਦੀ ਤਲਾਸ਼ ਵਿਚ ਉਤਾਰਿਆ ਗਿਆ ਸੀ। ਸ਼ਨਿਚਰਵਾਰ ਨੂੰ ਜਦੋਂ ਜਵਾਨ ਪਰਤ ਰਹੇ ਸਨ ਤਾਂ ਇਕ ਟੁਕੜੀ ’ਤੇ ਨਕਸਲੀਆਂ ਨੇ ਟੇਕਲਗੁੜਾ ਪਿੰਡ ਕੋਲ ਘਾਤ ਲਾ ਕੇ ਹਮਲਾ ਕਰ ਦਿੱਤਾ।ਨਕਸਲੀਆਂ ਨੇ ਯੂ ਆਕਾਰ ਵਿਚ ਇਕ ਕਿਲੋਮੀਟਰ ਦੇ ਦਾਇਰੇ ਵਿਚ ਤਿੰਨ ਥਾਂ ਘਾਤ ਲਾਏ ਹੋਏ ਸਨ। ਇਕ ਪਾਸੇ ਪਹਾੜੀ ਤੇ ਦੂਜੇ ਪਾਸੇ ਪਿੰਡ ਤੋਂ ਨਕਸਲੀ ਫਾਇਰਿੰਗ ਕਰ ਰਹੇ ਸਨ। ਜਵਾਨ ਪੁਜੀਸ਼ਨ ਲੈਂਦੇ ਇਸ ਤੋਂ ਪਹਿਲਾਂ ਹੀ ਪਿੱਛਿਓਂ ਫਾਇਰਿੰਗ ਹੋਣ ਲੱਗੀ।

ਮੁਕਾਬਲੇ ਵਾਲੀ ਥਾਂ ਤੋਂ ਦੂਜੇ ਦਿਨ ਐਤਵਾਰ ਨੂੰ ਸ਼ਹੀਦ ਜਵਾਨਾਂ ਦੀਆਂ ਦੇਹਾਂ ਕੱਢੀਆਂ ਗਈਆਂ। ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 31 ਜਵਾਨ ਜ਼ਖ਼ਮੀ ਹੋਏ ਹਨ।
ਗੰਭੀਰ ਰੂਪ ਵਿਚ ਜ਼ਖ਼ਮੀ 13 ਜਵਾਨਾਂ ਨੂੰ ਇਲਾਜ ਲਈ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਰਾਹੀਂ ਰਾਏਪੁਰ ਲਿਜਾਇਆ ਗਿਆ। ਸੁਰੱਖਿਆ ਬਲਾਂ ਦੇ ਜਵਾਨ ਹੁਣ ਵੀ ਇਲਾਕੇ ਵਿਚ ਤਲਾਸ਼ੀ ਮੁਹਿੰਮ ਵਿਚ ਲੱਗੇ ਹੋਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ ’ਤੇ ਸੀਆਰਪੀਐੱਫ ਦੇ ਡੀਜੀ ਕੁਲਦੀਪ ਸਿੰਘ ਛੱਤੀਸਗੜ੍ਹ ਪੁੱਜੇ। ਉਨ੍ਹਾਂ ਨੇ ਪਹਿਲਾਂ ਰਾਏਪੁਰ ’ਚ ਜ਼ਖ਼ਮੀ ਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਫਿਰ ਘਟਨਾਸਥਾਨ ਵੱਲ ਰਵਾਨਾ ਹੋ ਗਏ।






