ਭਾਰਤ ਬੰਦ ਦੇ ਸੱਦੇ ਤੇ ਮਾਨਸਾ-ਸਰਸਾ ਰੋਡ ਸਰਦੂਲਗੜ੍ਹ ,ਝੁਨੀਰ,ਮਾਨਸਾ ਵਿਖੇ ਧਰਨਾ ਦਿੱਤਾ ਗਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਕਿਸਾਨ ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ ਦੇ ਕੀਤੇ ਹੋਏ ਅੈਲਾਨ ਨੂੰ ਜਿਲ੍ਹੇ ਚ ਪੂਰਨ ਸਹਿਯੋਗ ਮਿਲਿਆ ਇਸ ਭਾਰਤ ਬੰਦ ਦੇ ਸੱਦੇ ਤੇ ਮਾਨਸਾ ਸਰਸਾ ਰੋਡ ਸਰਦੂਲਗੜ੍ਹ ,ਝੁਨੀਰ,ਮਾਨਸਾ ਵਿਖੇ ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਅੱਜ 26 ਮਾਰਚ ਨੂੰ ਦਿੱਲੀ ਦੇ ਬਾਰਡਰਾ ਤੇ ਧਰਨਾ ਲੱਗੇ ਨੂੰ ਚਾਰ ਮਹੀਨੇ ਹੋ ਗਏ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਕੋਈ ਗੰਭੀਰਤਾ ਨਹੀਂ ਦਿਖਾ ਰਹੀ ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਹੈ ਅਤੇ ਆਮ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਤੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਹੱਥ ਦੇਣਾ ਚਾਹੁੰਦੀ ਹੈ ।ਪਰ ਮੋਦੀ ਦੀ ਇਹ ਚਾਲ ਕਦੇ ਵੀ ਕਾਮਯਾਬ ਹੋਣ ਨਹੀਂ ਦਿੱਤੀ ਜਾਵੇਗੀ ਭਾਵੇਂ ਸਰਕਾਰਾਂ ਨੇ ਅੰਦੋਲਨ ਨੂੰ ਢਾਹ ਲਾਉਣ ਵਾਸਤੇ ਕਾਫ਼ੀ ਚਾਲਾਂ ਚੱਲੀਆਂ ਸਨ ਪਰ ਉਨ੍ਹਾਂ ਦੀਆਂ ਇਹ ਚਾਲਾਂ ਉਨ੍ਹਾਂ ਦੇ ਹੀ ਉਲਟ ਪੈ ਗਈਆਂ ਹਨ ਹੁਣ ਇਹ ਅੰਦੋਲਨ ਸਗੋਂ ਸਾਰੇ ਭਾਰਤ ਵਿੱਚ ਪੂਰੀ ਤਰ੍ਹਾਂ ਫੈਲ ਚੁੱਕਿਆ ਹੈ ਅਤੇ ਇਹ ਉਨ੍ਹਾਂ ਚਿਰ ਖ਼ਤਮ ਨਹੀਂ ਹੋਵੇਗਾ ਜਿੰਨਾ ਚਿਰ ਤਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਣਗੇ। ਇਸ ਧਰਨੇ ਵਿੱਚ ਜਿੱਥੇ ਪਿੰਡਾਂ ਤੋਂ ਕਿਸਾਨ ਵੱਡੀ ਗਿਣਤੀ ਚ ਪਹੁੰਚੇ ਉਥੇ ਬੀਬੀਆਂ ਭੈਣਾਂ ਅਤੇ ਬੱਸ ਸਟੈਂਡ ਦੇ ਵਪਾਰੀ ਦੁਕਾਨਦਾਰ ਭਰਾਵਾਂ ਨੇ ਸਵੇਰ 6 ਵਜੇ ਤੋਂ ਸ਼ਾਮ 6 ਵਜੇ ਤੱਕ ਭਾਰਤ ਬੰਦ ਦੇ ਸੱਦੇ ਦਾ ਪੂਰਨ ਸਹਿਯੋਗ ਦੇ ਕੇ ਆਪਣੀਆਂ ਦੁਕਾਨਾਂ ਨੂੰ ਮੁਕੰਮਲ ਬੰਦ ਰੱਖਿਆ। ਇਸ ਧਰਨੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਕੋਟ ਧਰਮੂ ਨੇ ਸਬ ਤਹਿਸੀਲ ਝੁਨੀਰ ਦੇ ਨਾਇਬ ਤਹਿਸੀਲਦਾਰ ਤੇ ਮੋਟੇ ਪੈਸੇ ਲੈ ਕੇ ਰਜਿਸਟਰੀਆਂ ਕਰਨ ਦੇ ਦੋਸ਼ ਲਾਏ ਅਤੇ ਉਨ੍ਹਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਬੀ. ਕੇ .ਯੂ .ਕਾਦੀਆਂ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਦੇਵ ਸਿੰਘ ਕੋਟ ਧਰਮੂ, ਪਰਮਪ੍ਰੀਤ ਸਿੰਘ ਮਾਖੇਵਾਲਾ, ਬੀਕੇਯੂ ਰਾਜੇਵਾਲ ਦੇ ਹਰਜਿੰਦਰ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਮਾਨਸਾ, ਪੰਜਾਬ ਕਿਸਾਨ ਯੂਨੀਅਨ ਦੇ ਅਮਰੀਕ ਸਿੰਘ ਕੋਟ ਧਰਮੂ ,ਹਾਕਮ ਸਿੰਘ ਝੁਨੀਰ, ਬੀ ਕੇ ਯੂ ਲੱਖੋਵਾਲ ਦੇ ਮਾਸਟਰ ਗੁਰਜੰਟ ਸਿੰਘ ਝੁਨੀਰ , ਤੋਤਾ ਸਿੰਘ ਹੀਰਕੇ ਜ਼ਿਲ੍ਹਾ ਧਾਰਮਕ ਵਿੰਗ ਪ੍ਰਧਾਨ, ਕੁੱਲ ਹਿੰਦ ਕਿਸਾਨ ਸਭਾ ਦੇ ਮੈਂਬਰ ਜਗਰਾਜ ਸਿੰਘ ਹੀਰਕੇ, ਮਜ਼ਦੂਰ ਮੁਕਤੀ ਮੋਰਚਾ ਦੇ ਦਰਸ਼ਨ ਸਿੰਘ ਦਾਨੇਵਾਲਾ, ਬੀ ਕੇ ਯੂ ਡਕੌਂਦਾ ਦੇ ਮਨਜੀਤ ਸਿੰਘ ਉਲਕ , ਬੀਕੇਯੂ ਸਿੱਧੂਪੁਰ ਦੇ ਮਲਕੀਤ ਸਿੰਘ ਜੌੜਕੀਆਂ, ਤਰਸੇਮ ਸਿੰਘ ਹੀਰਕੇ ਜ਼ਿਲਾ ਆਗੂ, ਜਸਵਿੰਦਰ ਸਿੰਘ ਜੌੜਕੀਆਂ, ਬੀਕੇਯੂ ਮਾਨਸਾ ਦੇ ਅਜੈਬ ਸਿੰਘ ਝੰਡੂਕੇ , ਬਾਰ ਐਸੋਸੀਏਸ਼ਨ ਸਰਦੂਲਗੜ੍ਹ ਦੇ ਵਾਈਸ ਪ੍ਰਧਾਨ ਗੁਰਵਿੰਦਰ ਸਿੰਘ ਐਡਵੋਕੇਟ ,ਸਾਬਕਾ ਸਰਪੰਚ ਗੁਰਸੇਵਕ ਸਿੰਘ ਖਹਿਰਾ, ਨਾਇਬ ਸਿੰਘ ਝੁਨੀਰ , ਬਲਜਿੰਦਰ ਸਿੰਘ ਖਿਆਲੀ ਚਹਿਲਾਂਵਾਲੀ ਆਦਿ ਤੋਂ ਇਲਾਵਾ ਹਲਕੇ ਦੇ ਵੱਡੀ ਗਿਣਤੀ ਵਿਚ ਕਿਸਾਨ ਅਤੇ ਬੀਬੀਆਂ ਅਤੇ ਦੁਕਾਨਦਾਰ ਹਾਜ਼ਰ ਸਨ ।






