ਆਰ ਐਸ ਐਸ, ਦੀਆਂ ਹਦਾਇਤਾਂ ਅਨੁਸਾਰ ਮੋਦੀ-ਸ਼ਾਹ ਦੇਸ਼ ਦੀ ਸਰਕਾਰ ਚਲਾ ਰਹੇ : ਪਾਸਲਾ

ਤਰਨਤਾਰਨ (ਜਸਬੀਰ ਸਿੰਘ) : “ਸਾਮਰਾਜੀ ਅਤੇ ਕਾਰਪੋਰੇਟ ਲੋਟੂਆਂ ਵੱਲੋਂ, ਭਾਰਤ ਦੇ ਕੌਮੀ ਵਸੀਲੇ ਹੜੱਪ ਕਰ ਜਾਣ ਦੀ ਸਾਜ਼ਿਸ਼ ਤਹਿਤ ਘੜੀਆਂ ਗਈਆਂ ਅਤੇ ਮੋਦੀ ਸਰਕਾਰ ਵੱਲੋਂ ਤਤਪਰਤਾ ਨਾਲ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ, ਸੈਂਕੜੇ ਕਰੋੜ ਦੇਸ਼ ਵਾਸੀਆਂ ਨੂੰ ਤੇਜੀ ਨਾਲ, ਸਿਰੇ ਦੀ ਕੰਗਾਲੀ ਅਤੇ ਭੁੱਖਮਰੀ ਦੀ ਅਵਸਥਾ ਵੱਲ ਧੱਕਦੀਆਂ ਜਾ ਰਹੀਆਂ ਹਨ।” ਉਕਤ ਸ਼ਬਦ ਮਿਸਾਲੀ ਕਮਿਊਨਿਸਟ ਆਗੂ, ਸਾਬਕਾ ਵਿਧਾਇਕ ਸਾਥੀ ਦਰਸ਼ਨ ਸਿੰਘ ਝਬਾਲ ਦੀ ਯਾਦ ਵਿੱਚ, ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਸੱਦੀ ਗਈ ਮਜ਼ਦੂਰ-ਕਿਸਾਨ ਕਾਨਫਰੰਸ ਕਸਬਾ ਝਬਾਲ ਨੂੰ ਸੰਬੋਧਨ ਕਰਦਿਆਂ ਦੇਸ਼ ਦੀ ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਕਹੇ। ਕਾਨਫਰੰਸ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਦੇ ਆਗੂ ਮੁਖਤਾਰ ਸਿੰਘ ਮੱਲਾ ਹਰਦੀਪ ਸਿੰਘ ਰਸੂਲਪੁਰ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਲਦੇਵ ਸਿੰਘ ਭੈਲ ਨੇ ਕੀਤੀ ।
ਸਾਥੀ ਪਾਸਲਾ ਨੇ ਕਿਹਾ ਕਿ ਉਕਤ ਨੀਤੀਆਂ ‘ਤੇ ਅੰਨ੍ਹੇਵਾਹ ਅਮਲ ਸਦਕਾ ਦੇਸ਼ ਦੀ ਸਵੈਨਿਰਭਰਤਾ ਅਤੇ ਪ੍ਰਭੂਸੱਤਾ ਸਾਮਰਾਜੀ ਦੇਸ਼ਾਂ ਦੇ ਹਵਾਲੇ ਹੋ ਜਾਵੇਗੀ ਅਤੇ ਉਹ ਦਿਨ ਦੂਰ ਨਹੀਂ ਜਦੋਂ ਲੱਖਾਂ ਸ਼ਹਾਦਤਾਂ ਅਤੇ ਲਾਸਾਨੀ ਕੁਰਬਾਨੀਆਂ ਸਦਕਾ ਹਾਸਲ ਕੀਤੀ ਆਜ਼ਾਦੀ ਵੀ ਪਰਾਧੀਨਤਾ ਵਿੱਚ ਤਬਦੀਲ ਹੋ ਜਾਵੇਗੀ।
ਸਾਥੀ ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਇਸ ਦੇ ਆਕਾ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਆਗੂ ਆਪਣੀਆਂ ਉਕਤ ਰਾਸ਼ਟਰ ਵਿਰੋਧੀ ਕਰਤੂਤਾਂ ਅਤੇ ਜਨਮਜਾਤ ਸਾਮਰਾਜ ਭਗਤੀ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਹੀ ਉਲਟਾ ਸਗੋਂ ਦੇਸ਼ ਧਰੋਹੀ ਸਾਬਤ ਕਰਨ ‘ਤੇ ਤੁਲੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੰਘ-ਭਾਜਪਾ ਅਤੇ ਹੋਰ ਹਿੰਦੂਤਵੀ ਸੰਗਠਨ, ਸੁਤੰਤਰਤਾ ਸੰਗਰਾਮੀਆਂ ਅਤੇ ਸਾਥੀ ਦਰਸ਼ਨ ਸਿੰਘ ਝਬਾਲ ਜਿਹੇ ਆਪਾ ਵਾਰੂ ਯੋਧਿਆਂ ਦੀਆਂ ਘਾਲਣਾਵਾਂ ਸਦਕਾ ਹੋਂਦ ਵਿੱਚ ਆਏ ਭਾਰਤੀ ਸੰਵਿਧਾਨ ਵਿਚਲੀਆਂ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ ਧਾਰਾਵਾਂ ਅਤੇ ਕਦਰਾਂ ਕੀਮਤਾਂ ਦੇ ਨਾਲ-ਨਾਲ ਲੋਕਾਂ ਨੂੰ ਹਾਸਿਲ ਹੋਏ ਸੀਮਤ ਅਧਿਕਾਰਾਂ ਅਤੇ ਸਹੂਲਤਾਂ ਨੂੰ ਮਟੀਆਮੇਟ ਕਰਨ ਦੇ ਹਿਟਲਰੀ ਰਾਹ ਤੇ ਤੁਰੀ ਹੋਈ ਹੈ।
ਸਾਥੀ ਪਾਸਲਾ ਨੇ ਲੋਕਾਈ ਨੂੰ ਚੌਕਸ ਕਰਦਿਆਂ ਆਰ ਐਸ ਐਸ, ਜਿਸ ਦੀਆਂ ਹਦਾਇਤਾਂ ਅਨੁਸਾਰ ਮੋਦੀ-ਸ਼ਾਹ ਲਾਣਾ ਦੇਸ਼ ਦੀ ਸਰਕਾਰ ਚਲਾ ਰਿਹਾ ਹੈ, ਦੇਸ਼ ਨੂੰ ਇੱਕ ਕਟੜ ਧਰਮ ਆਧਾਰਤ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨਾ ਚਾਹੁੰਦਾ ਹੈ, ਜਿਸ ਵਿੱਚ ਘੱਟ ਗਿਣਤੀਆਂ, ਅਗਾਂਹਵਧੂ ਸੋਚ ਅਤੇ ਸਮਾਨਤਾ ਦੇ ਹਾਮੀਆਂ ਲਈ ਕੋਈ ਥਾਂ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਸੰਘ ਦੇ ਕਾਲਪਨਿਕ ਹਿੰਦੂ ਰਾਸ਼ਟਰ ਦਾ ਮੂਲ ਆਧਾਰ ਇਸਤਰੀਆਂ ਅਤੇ ਦਲਿਤਾਂ ਨੂੰ ਗੁਲਾਮ ਬਣਾਈ ਰੱਖਣ ਵਾਲੀ ਮਨੂੰ ਸਿਮਰਤੀ ਨੂੰ ਦੇਸ਼ ਦੀ ਸ਼ਾਸ਼ਨ ਪੱਧਤੀ ਵਜੋਂ ਮੁੜ ਸਥਾਪਿਤ ਕਰਨਾ ਹੈ।
ਕਾਨਫਰੰਸ ਵਿੱਚ ਹਾਜਰ ਜਨ ਸਮੂਹ ਵੱਲੋਂ ਦੋਵੇਂ ਹੱਥ ਖੜ੍ਹੇ ਕਰਕੇ ਪਾਸ ਕੀਤੇ ਮਤੇ ਰਾਹੀਂ ਦਿੱਲੀ ਦੀਆਂ ਜੂਹਾਂ ਤੇ ਜਾਰੀ ਮਜ਼ਦੂਰ-ਕਿਸਾਨ ਮੋਰਚੇ ਦੀਆਂ ਹੱਕੀ ਮੰਗਾਂ ਮੰਨੇ ਜਾਣ ਦੀ ਮੰਗ ਕਰਦਿਆਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ 26 ਮਾਰਚ ਦੇ ਭਾਰਤ ਬੰਦ ਸਮੇਤ ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਸੱਦੇ ਤਨਦੇਹੀ ਨਾਲ ਲਾਗੂ ਕੀਤੇ ਜਾਣ। ਇਸ ਮੌਕੇ
ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਲੋਕਾਈ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਅਤੇ ਸਵੈਮਾਣ ਨਾਲ ਜੀਉਣ ਦੇ ਅਧਿਕਾਰ ਦੀ ਰਾਖੀ ਲਈ ਸੰਘਰਸ਼ਾਂ ਦੇ ਪਿੜ ਮੱਲਣ। ਉਨ੍ਹਾਂ ਕਿਹਾ ਕਿ ਦਲਿਤਾਂ, ਇਸਤਰੀਆਂ, ਘੱਟ ਗਿਣਤੀਆਂ ਦੇ ਕਤਲੇਆਮ ਦੇ ਤਬਾਹਕੁੰਨ ਸੰਘੀ ਮਨਸੂਬਿਆਂ ਨੂੰ ਫੇਲ੍ਹ ਕੀਤੇ ਬਣੇ ਰੋਜ਼ੀ-ਰੋਟੀ ਦਾ ਸੰਘਰਸ਼ ਵੀ ਸਿਰੇ ਨਹੀਂ ਚੜ੍ਹ ਸਕਣਾ।
ਇਸ ਮੌਕੇ ਕਿਸਾਨ ਆਗੂ ਮੁਖਤਾਰ ਸਿੰਘ ਮੱਲ੍ਹਾ, ਜਸਪਾਲ ਸਿੰਘ ਝਬਾਲ, ਮਜ਼ਦੂਰਾ ਦੇ ਆਗੂ ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ ਮੁਲਾਜ਼ਮ ਆਗੂ ਮੰਗਲ ਸਿੰਘ ਟਾਡਾਂ ਨੇ ਵੀ ਵਿਚਾਰ ਰੱਖੇ। ਇਸ ਮੌਕੇ ਗੁਰਭੇਜ ਸਿੰਘ ਐਮਾ ਜਰਨੈਲ ਸਿੰਘ ਰਸੂਲਪੁਰ , ਬਚਿੱਤਰ ਸਿੰਘ ਸਰਾ, ਮਲਕੀਤ ਸਿੰਘ ਬਗਿਆੜੀ,ਗੁਰਚਰਨ ਸਿੰਘ ਸਵਰਗਾਪੁਰੀ,ਮੰਗਲ ਸਿੰਘ ਸ਼ਾਗਣਾ,ਮੱਖਣ ਸਿੰਘ ਖੈਰਦੀ,ਕੁਲਦੀਪ ਸਿੰਘ ਮਾਣੋਚਾਹਲ ਕਰਮ ਸਿੰਘ ਫਤਿਆਬਾਦ ਧਰਮ ਸਿੰਘ ਪੱਟੀ ਆਦਿ ਹਾਜ਼ਰ ਸਨ






