ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਇਸ ਕਾਰਵਾਈ ਨਾਲ ਪੰਜਾਬ ਦੀ ਕੈਪਟਨ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਜਿੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ ਉਥੇ ਹੀ ਪੰਜਾਬ ਦੀ ਕੈਪਟਨ ਸਰਕਾਰ ਨੇ ਪਾਵਰਕਾਮ ਨੂੰ ਜੀਓ ਸਿਮ ਵਰਤਣ ਦਾ ਫਰਮਾਨ ਜਾਰੀ ਕਰਕੇ ਕਿਸਾਨੀ ਘੋਲ ਦੇ ਪਿੱਠ ‘ਚ ਛੁਰਾ ਮਾਰਨ ਵਾਲੀ ਕਾਰਵਾਈ ਕੀਤੀ ਹੈ । ਪਾਵਰਕਾਮ ਦੇ ਦਫਤਰਾਂ ‘ਚ ਜੀਓ ਸਿੰਮ ਵਰਤਣ ਦੇ ਜਾਰੀ ਹੋਏ ਨੋਟਿਸ ਤੇ ਪ੍ਰਤੀਕਿਰਿਆ ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਇਸ ਕਾਰਵਾਈ ਨਾਲ ਪੰਜਾਬ ਦੀ ਕੈਪਟਨ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ਅਤੇ ਅੰਬਾਨੀਆਂ ਨਾਲ ਅੰਦਰਖਾਤੇ ਨਿਭਾਈ ਜਾ ਰਹੀ ਯਾਰੀ ਵੀ ਜੱਗ ਜਾਹਰ ਹੋ ਗਈ ਹੈ। ਕਿਸਾਨ ਆਗੂ ਨੇ ਕਿਹਾ ਕਿ ਇਕ ਪਾਸੇ ਦੇਸ਼ ਦਾ ਕਿਸਾਨ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆ ਨਾਲ ਲੜ ਰਿਹਾ ਹੈ ਜਿੰਨਾਂ ਦੇ ਕੜਾਕੇ ਦੀ ਠੰਢ ‘ਚ ਆਪਣੇ ਪਰਿਵਾਰਾਂ ਤੋਂ ਦੂਰ ਦਿਨ ਰਾਤਾਂ ਗੁਜਾਰੇ ਹਨ ਅਤੇ ਤਿੰਨ ਸੌ ਦੇ ਲਗਭਗ ਕਿਸਾਨ ਸ਼ਹੀਦੀਆਂ ਪਾ ਚੁੱਕਾ ਹੈ ਅਤੇ ਕਿਸਾਨ ਆਪਣਾ ਲੱਖਾਂ ਦਾ ਨੁਕਸਾਨ ਝੱਲ ਕੇ ਵੀ ਬਿਨਾਂ ਤਿੰਨੇ ਖੇਤੀ ਕਾਨੂੰਨ ਵਾਪਸ ਕਰਵਾਏ ਵਾਪਸ ਆਉਣ ਤੋਂ ਇਨਕਾਰੀ ਹਨ ਅਤੇ ਆਉਣ ਵਾਲੀ ਗਰਮੀ ਦਾ ਟਾਕਰਾ ਕਰਨ ਲੲੀ ਤਿਆਰੀਆ ਕਰ ਰਹੇ ਹਨ। ਪਰ ਕੈਪਟਨ ਸਰਕਾਰ ਨੇ ਜੀਓ ਨੂੰ ਸਰਕਾਰੀ ਮਹਿਕਮਿਆਂ ‘ਚ ਦਾਖਲਾ ਦੇਕੇ ਕਿਸਾਨੀ ਸੰਘਰਸ਼ ਦੇ ਸੱਦਿਆਂ ਨੂੰ ਮਿੱਟੀ ‘ਚ ਮਿਲਾਉਣ ਵਾਲਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਕੈਪਟਨ ਸਰਕਾਰ ਦੀ ਇਸ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਕੈਪਟਨ ਸਰਕਾਰ ਦੀ ਇਸ ਕਾਰਵਾਈ ਦਾ ਮੂੰਹ ਤੋੜ ਜਵਾਬ ਦੇਣਗੇ। ਉਹਨਾਂ ਮਹਿਕਮਿਆਂ ਦੇ ਮੁਲਾਜ਼ਲਾਂ ਨੂੰ ਵੀ ਇਸ ਕਾਰਵਾਈ ਤੇ ਜਾਰੀ ਕੀਤੇ ਨੋਟਿਸ ਦਾ ਵਿਰੋਧ ਕਰਨ ਦੀ ਅਪੀਲ ਕੀਤੀ।





