ਆਦੇਸ਼ ਪ੍ਰਤਾਪ ਕੈਰੋਂ ਨੇ ਆਪਣਾ ਹਲਕਾ ਛੱਡ ਵਲਟੋਹਾ ਦੇ ਖੇਮਕਰਨ ਹਲਕੇ ਚ ਵਧਾਈਆਂ ਸਰਗਰਮੀਆਂ

ਤਰਨਤਾਰਨ (ਰਿੰਪਲ ਗੋਲਣ) : ਲੰਬੇ ਸਮੇਂ ਤੋਂ ਸਿਆਸੀ ਫੁੱਟ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਇਕ ਹੋਰ ਵੱਡੀ ਚੁਣੌਤੀ ਸਾਹਮਣੇ ਆ ਗਈ ਹੈ। ਇਹ ਚੁਣੌਤੀ ਅਕਾਲੀ ਦਲ ਦੇ ਦੋ ਦਿੱਗਜ ਪਰਿਵਾਰਾਂ ਦਰਮਿਆਨ ਇਕ ਵਾਰ ਚੋਣਾਂ ਤੋਂ ਪਹਿਲਾਂ ਉੱਭਰ ਗਈ ਹੈ। ਦਰਾਅਸਲ ਪੰਜਾਬ ਦੀ ਸਿਆਸਤ ਵਿਚ ਵੱਡਾ ਰਸੂਖ ਰੱਖਣ ਵਾਲੇ ਅਕਾਲੀ ਦਲ ਦੇ ਦੋ ਚੋਟੀ ਦੇ ਪਰਿਵਾਰ ਆਹਮੋ-ਸਾਹਮਣੇ ਹੋ ਗਏ ਹਨ। ਸਾਬਕਾ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ (ਜੋ ਕਿ ਬਾਦਲ ਪਰਿਵਾਰ ਦੇ ਜਵਾਈ ਵੀ ਹਨ) ਨੇ ਆਪਣਾ ਹਲਕਾ ਛੱਡ ਖੇਮਕਰਨ ਹਲਕੇ ਵਿਚ ਸਰਗਰਮੀਆਂ ਵਧਾ ਦਿੱਤੀਆਂ ਹਨ ਅਤੇ ਵੱਖ-ਵੱਖ ਪਿੰਡਾਂ ‘ਚ ਮੀਟਿੰਗਾ ਦਾ ਸਿਲਸਿਲਾ ਵੀ ਆਰੰਭ ਦਿੱਤਾ ਹੈ। ਇਥੇ ਹੀ ਨਹੀ ਬਸ ਬਕਾਇਦਾ ਇਹ ਐਲਾਨ ਵੀ ਕੀਤਾ ਗਿਆ ਹੈ ਕਿ ਕੈਰੋਂ ਪਰਿਵਾਰ ਦਾ ਕੋਈ ਮੈਂਬਰ ਹਲਕਾ ਖੇਮਕਰਨ ਤੋਂ ਹੀ ਚੋਣ ਲੜੇਗਾ ਜਿਸ ਨਾਲ ਇਲਾਕੇ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਕੈਰੋਂ ਪਰਿਵਾਰ ਦੇ ਇਸ ਐਲਾਨ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਦੋ ਫਾੜ ਹੁੰਦਾ ਨਜ਼ਰ ਆ ਰਿਹਾ ਹੈ। ਉਧਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਬਿਆਨ ਤੋਂ ਬਾਅਦ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਵੀ ਤਿੱਖੇ ਤੇਵਰ ਵਿਖਾਉਂਦੇ ਹੋਏ ਆਖਿਆ ਹੈ ਕਿ ਟਿਕਟ ਦਾ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਮੈਂ 2007 ਤੋਂ ਇਸ ਹਲਕੇ ਤੋਂ ਚੋਣਾਂ ਲੜਦਾ ਆ ਰਿਹਾ ਹਾਂ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਮੈਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਹੀ ਲੜਾਂਗਾ। ਵਲਟੋਹਾ ਨੇ ਕਿਹਾ ਕਿ ਕੈਰੋਂ ਪਰਿਵਾਰ ਦਾ ਪੰਜਾਬ ਦੀ ਸਿਆਸਤ ਵਿਚ ਕੁਝ ਬਹੁਤਾ ਰਸੂਖ ਨਹੀਂ ਹੈ, ਸਿਰਫ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਹੋਣ ਕਰਕੇ ਇਨ੍ਹਾਂ ਨੂੰ ਮਾਣ-ਸਨਮਾਨ ਮਿਲਿਆ ਹੈ।ਵਲਟੋਹਾ ਨੇ ਕਿਹਾ ਕਿ ਚੋਣ ਲੜਨ ‘ਤੇ ਕਿਸੇ ਨੂੰ ਪਾਬੰਦੀ ਨਹੀਂ ਹੈ। ਕੈਰੋਂ ਖੇਮਕਰਨ ਹਲਕੇ ਤੋਂ ਜਿਸ ਮਰਜ਼ੀ ਪਾਰਟੀ ਤੋਂ ਚੋਣ ਲੜ ਸਕਦੇ ਹਨ। ਉਨ੍ਹਾਂ ਆਖਿਆ ਕਿ 15 ਮਾਰਚ ਨੂੰ ਭਿੱਖੀਵਿੰਡ ਵਿਖੇ ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਰੈਲੀ ‘ਚ ਰੈਲੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੇਰੀ ਖੇਮਕਰਨ ਹਲਕੇ ਤੋਂ ਉਮੀਦਵਾਰੀ ਦਾ ਐਲਾਨ ਕਰਨਗੇ ਅਤੇ ਇਹ ਐਲਾਨ 2022 ਚੋਣਾਂ ਸਬੰਧੀ ਪਹਿਲੇ ਉਮੀਦਵਾਰ ਦਾ ਐਲਾਨ ਹੋਵੇਗਾ।ਉਧਰ ਅੱਜ ਦਿਨ ਬੁੱਧਵਾਰ ਨੂੰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪਿੰਡ ਮੁਗਲਚੱਕ ਦੇ ਸਾਬਕਾ ਚੇਅਰਮੈਨ ਸੁਖਵੰਤ ਸਿੰਘ ਗ੍ਰਹਿ ਵਿਖੇ ਪਹੁੰਚੇ ਜਿੱਥੇ ਕਿ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਕਿ ਹਲਕਾ ਖੇਮਕਰਨ ਦੇ ਵਾਸੀਆਂ ਵੱਲੋਂ ਜ਼ੋਰ ਪਾਉਣ ਤੇ ਉਹ ਟਿਕਟ ਲੜ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਹਲਕਾ ਵਾਸੀਆਂ ਦੇ ਕੰਮ ਨੂੰ ਪਹਿਲ ਦੇਣਗੇ । ਕੈਰੋਂ ਸਾਹਿਬ ਵੱਲੋਂ ਵਲਟੋਹਾ ਸਾਹਿਬ ਵੱਲੋਂ ਕੀਤੇ ਗਏ ਸ਼ਬਦੀ ਵਾਰ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਦੀ ਹਾਈ ਕਮਾਂਡ ਇਨ੍ਹਾਂ ਦੋਨਾਂ ਉਮੀਦਵਾਰਾਂ ਵਿੱਚੋਂ ਕਿਸ ਨੂੰ ਟਿਕਟ ਐਲਾਨਦੀ ਹੈ






