ਗੰਦਗੀ ਦੁਆਲੇ ਫਿਰਦੇ ਅਵਾਰਾ ਪਸ਼ੂ ਸ਼ਰੇਆਮ ਕਿਸੇ ਅਣਸੁਖਾਵੀਂ ਘਟਨਾ ਨੂੰ ਸੱਦਾ ਦਿੰਦੇ ਦਿਸਦੇ ਹਨ

ਮੋਗਾ (ਹੈਪੀ ਢੰਡ) : ਮੋਗਾ ਸ਼ਹਿਰ ਦੀ ਆਨ ਬਾਨ ਸ਼ਾਨ ਰੱਖਣ ਵਾਲਾ ਗੀਤਾ ਭਵਨ ਦਾ ਪਾਰਕ ਜਿਸਦਾ ਨਾਮ ਸਵਾਮੀ ਵੇਦਾਂਤਾਨੰਦ ਜੀ ਦੇ ਨਾਮ ਤੇ ਰੱਖਿਆ ਗਿਆ ਹੈ ਉਸ ਪਾਰਕ ਦੇ ਕੋਲ ਬਣੀ ਪਾਰਕਿੰਗ ਦੀ ਦਸ਼ਾ ਹੁਣ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ । ਇਸ ਪਾਰਕ ਦੇ ਚਾਰੋ ਪਾਸੇ ਵਿਕਾਸ ਕਰਨ ਵਾਲੇ ਕੌਂਸਲਰ ਰਹਿੰਦੇ ਹਨ । ਗੀਤਾ ਭਵਨ ਸ਼ਹਿਰ ਦਾ ਬਹੁਤ ਪੁਰਣਾ ਮੰਦਿਰ ਹੈ । ਇੱਥੇ ਲੋਕਾਂ ਦੇ ਸੈਰ ਕਰਨ ਵਾਸਤੇ ਇੱਕ ਬਹੁਤ ਵੱਡਾ ਪਾਰਕ ਵੀ ਬਣਿਆ ਹੋਇਆ ਹੈ ਜਿਸ ਦਾ ਨਾਮ ਸਵਾਮੀ ਵੇਦਾਂਤਾਨੰਦ ਜੀ ਦੇ ਨਾਮ ਤੇ ਰੱਖਿਆ ਗਿਆ ਹੈ । ਜਿੱਥੇ ਸ਼ਹਿਰ ਵਿੱਚ ਇਸ ਵੇਲੇ ਮੇਯਰ ਦੀ ਕੁਰਸੀ ਲਈ ਖਿੱਚ ਧੁਹ ਚੱਲ ਰਹੀ ਹੈ ਅਤੇ ਕਾਂਗਰਸ ਆਪਣੀ ਦਾਅਵੇਦਾਰੀ ਵਿਖਾ ਰਹੀ ਹੈ ਪਰ ਇਸ ਪਾਰਕ ਦੀ ਸਾਫ ਸਫਾਈ ਵੱਲ ਕਿਸੇ ਦਾ ਧਿਆਨ ਨਹੀ ਜਾ ਰਿਹਾ । ਚਾਰੋਂ ਪਾਸੇ ਗੰਦਗੀ ਦੇ ਢੇਰ ਲੱਗੇ ਹਨ ਤੇ ਅਵਾਰਾ ਪਸ਼ੂ ਇੱਧਰ ਉੱਧਰ ਭੱਜੇ ਫਿਰਦੇ ਹਨ ਜਿਸ ਨਾਲ ਕਿਸੇ ਵਕਤ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ । ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਵੱਲੋਂ ਕੂੜਾ ਡੰਪ ਕਰਨ ਵਾਸਤੇ ਥਾਂ ਅਲਾਟ ਕਰਵਾਈ ਗਈ ਸੀ ਪਰ ਇਸ ਵਿੱਚ ਵੀ ਹੁਣ ਘਪਲੇਬਾਜੀ ਨਜ਼ਰ ਆ ਰਹੀ ਹੈ । ਸਥਾਨਕ ਪ੍ਰਸ਼ਾਸਨ ਹਰ ਵਕਤ ਸਵੱਛ ਭਾਰਤ ਮਿਸ਼ਨ ਦਾ ਰਾਗ ਅਲਾਪਦਾ ਰਹਿੰਦਾ ਹੈ ਪਰ ਇੱਥੇ ਵੇਖ ਕੇ ਲਗਦਾ ਹੈ ਕਿ ਸਵੱਛ ਭਾਰਤ ਮਿਸ਼ਨ ਦਾ ਮੋਗਾ ਸ਼ਹਿਰ ਵਿੱਚ ਕੋਈ ਨਾਮੋ ਨਿਸ਼ਾਨ ਨਹੀਂ ਹੈ । ਇਹ ਪਾਰਕ ਹੁਣ ਰਾਮ ਭਰੋਸੇ ਹੀ ਜਾਪਦਾ ਹੈ । ਭਾਰੀ ਗਿਣਤੀ ਵਿੱਚ ਲੋਕ ਸਵੇਰੇ ਇੱਥੇ ਸੈਰ ਕਰਨ ਆਉਂਦੇ ਹਨ ਪਰ ਗੰਦਗੀ ਦੇ ਢੇਰ ਅਤੇ ਆਲੇ ਦੁਆਲੇ ਫਿਰਦੇ ਅਵਾਰਾ ਜਾਨਵਰ ਲੋਕਾਂ ਲਈ ਪ੍ਰੇਸ਼ਾਨੀ ਦਾ ਸਬਬ ਬਣੇ ਹੋਏ ਹਨ । ਹੁਣ ਦੇਖਨਾ ਇਹ ਹੋਵੇਗਾ ਕਿ ਪ੍ਰਸ਼ਾਸਨ ਦਿਆਂ ਅੱਖਾਾਂ ਕਦੋ ਖੁਲਦੀਆਂ ਹਨ ਤੇ ਕਦੋ ਇਸ ਇਲਾਕੇ ਦੇ ਲੋਕਾਂ ਨੂੰ ਇਸ ਗੰਦਗੀ ਤੋ ਰਾਹਤ ਮਿਲਦੀ ਹੈ ।





