7 ਹਜ਼ਾਰ ਟਰਾਮਾਡੋਲ ਗੋਲੀਆਂ ਬਰਾਮਦ : ਮੁਲਜ਼ਮ ਦਾ ਪਿਤਾ ਆਰ.ਐਮ.ਪੀ. ਡਾਕਟਰ ਹੈ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਨੂੰ ਠੱਲ੍ਹ ਪਾਉਣ ਲਈ ਪੁਲੀਸ ਵੱਲੋਂ ਭਾਵੇਂ ਪੂਰੀ ਤਰ੍ਹਾਂ ਸਖ਼ਤੀ ਕੀਤੀ ਗਈ ਹੈ। ਪਰ ਫੇਰ ਵੀ ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਜਿਸ ਦੇ ਤਹਿਤ ਨਾਭਾ ਸਦਰ ਪੁਲਸ ਵੱਲੋਂ ਇਕ ਝੋਲਾ ਛਾਪ ਡਾਕਟਰ ਅਖਵਾਉਣ ਵਾਲੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ। ਜਿਸ ਕੋਲੋਂ 7 ਹਜ਼ਾਰ ਟਰਾਮਾਡੋਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਨਸ਼ਾ ਤਸਕਰ ਦਾ ਪਿਤਾ ਨਾਭਾ ਬਲਾਕ ਦੇ ਪਿੰਡ ਮੈਂਹਸ ਵਿਖੇ ਆਰਐਮਪੀ ਡਾਕਟਰ ਹੈ ਅਤੇ ਉਸ ਦੀ ਆੜ ਵਿੱਚ ਹੀ ਉਸ ਦਾ ਲੜਕਾ ਜਸਵਿੰਦਰ ਸਿੰਘ ਧੜੱਲੇ ਨਾਲ ਨਸ਼ੇ ਦੀਆਂ ਗੋਲੀਆਂ ਵੇਚਦਾ ਸੀ। ਇਸ ਨਸ਼ਾ ਤਸਕਰ ਤੇ ਪਹਿਲਾਂ ਵੀ 6 ਅਪਰਾਧਿਕ ਮਾਮਲੇ ਦਰਜ ਹਨ। ਜਿਸ ਵਿੱਚ 2 ਮਾਮਲੇ ਐੱਨ.ਡੀ.ਪੀ.ਸੀ ਐਕਟ ਅਤੇ 4 ਹੋਰ ਮਾਮਲੇ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਹਨ। ਨਾਭਾ ਸਦਰ ਪੁਲਸ ਵੱਲੋਂ ਚਾਰ ਦਿਨ ਦਾ ਪੁਲਸ ਰਿਮਾਂਡ ਲੈ ਕੇ ਇਸ ਨਸ਼ਾ ਤਸਕਰ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਦੇ ਤਾਰ ਕਿਥੇ-ਕਿਥੇ ਜੁੜੇ ਹਨ।
ਇਸ ਮੌਕੇ ਤੇ ਨਾਭਾ ਦੇ ਡੀ.ਐਸ.ਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਇਹ ਨੌਜਵਾਨ ਐਕਟਿਵਾ ਤੇ ਸਵਾਰ ਹੋ ਕੇ ਟਰਾਮਾਡੋਲ ਦੀਆਂ ਗੋਲੀਆਂ ਵੇਚਦਾ ਹੋਇਆ ਮੌਕੇ ਤੇ ਕਾਬੂ ਕੀਤਾ ਗਿਆ ਹੈ। ਇਸ ਦੀ ਤਲਾਸ਼ੀ ਲੈਣ ਉਪਰੰਤ ਇਸ ਕੋਲੋਂ 7 ਹਜ਼ਾਰ ਨਸ਼ੀਲੀਆਂ ਟਰਾਮਾਡੋਲ ਦੀਆਂ ਗੋਲੀਆਂ ਮਿਲੀਆਂ ਹਨ। ਇਸ ਤੇ ਪਹਿਲਾਂ ਵੀ ਵੱਖ-ਵੱਖ ਧਰਾਵਾਂ ਦੇ ਤਹਿਤ ਕਈ ਮਾਮਲੇ ਦਰਜ ਹਨ। ਇਸ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਸੀਂ ਹੁਣ ਤਫ਼ਤੀਸ਼ ਕਰ ਰਿਹਾ ਹੈ ਕਿ ਇਹ ਗੋਲੀਆਂ ਕਿੱਥੋਂ ਲਿਆਉਂਦਾ ਸੀ ਅਤੇ ਕਿੱਥੇ-ਕਿੱਥੇ ਵੇਚਦਾ ਸੀ।






