ਇੱਕ ਮੁਲਜ਼ਿਮ ਗੁਰਵਿੰਦਰ ਦੇ ਪਿਤਾ ਮਰਹੂਮ ਜੱਜ ਸਿੰਘ ਪੁਲਿਸ ਵਿਭਾਗ ਦੇ ਖੁਫੀ ਵਿਭਾਗ ਵਿੱਚ ਏ.ਐਸ.ਆਈ. ਦੇ ਅਹੁਦੇ ਤੋਂ ਸੇਵਾਮੁਕਤ

ਫਰੀਦਕੋਟ (ਬਿਊਰੋ) : ਪਿਛਲੇ ਦਿਨੀ ਫਰੀਦਕੋਟ ਵਿਖੇ ਯੂਥ ਕਾਂਗਰਸੀ ਆਗੂ ਗੁਰਲਾਲ ਪਹਿਲਵਾਨ ਦੀ ਹੱਤਿਆ ਦੀ ਗੁੱਥੀ ਹੁਣ ਸੁਲਝਦੀ ਦਿਖਾਈ ਦੇ ਰਹੀ ਹੈ। ਦਿੱਲੀ ਪੁਲਿਸ ਨੇ ਤਿੰਨ ਹਥਿਆਰਿਆਂ ਨੂੰ ਫਰੀਦਕੋਟ ਤੋਂ ਮਿਲੇ ਸੁਰਾਗ ਦੇ ਆਧਾਰ ’ਤੇ ਦਿੱਲੀ ਵਿੱਚ ਗਿ੍ਫ਼ਤਾਰ ਕੀਤਾ ਹੈ ਜਿੰਨਾਂ ਨੂੰ ਫਰੀਦਕੋਟ ਲਿਆਉਣ ਲਈ ਇੱਥੋਂ ਦੀ ਪੁਲਿਸ ਦੀ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਤਿੰਨਾ ਨੌਜਵਾਨਾ ਨੂੰ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਐਸਐਸਪੀ ਫਰੀਦਕੋਟ ਨੇ ਕੀਤੀ ਹੈ। ਕਾਬੂ ਕੀਤੇ ਗਏ ਤਿੰਨਾ ਮੁਲਜਮਾ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੈ। ਇਨਾ ਵਿੱਚੋਂ ਪਹਿਲਾ ਗੁਰਵਿੰਦਰ ਸਿੰਘ ਗੋਰਾ ਵਾਸੀ ਦੇਵੀਵਾਲਾ ਰੋਡ ਕੋਟਕਪੂਰਾ, ਦੂਜਾ ਸੁਖਵਿੰਦਰ ਸਿੰਘ ਵਾਸੀ ਭਾਨ ਸਿੰਘ ਕਲੋਨੀ ਫਰੀਦਕੋਟ ਅਤੇ ਤੀਜਾ ਸੋਰਭ ਵਰਮਾ ਵਾਸੀ ਮਾਈਖਾਨਾ ਮੁਹੱਲਾ ਫਰੀਦਕੋਟ ਦੇ ਹਨ। ਗੁਰਵਿੰਦਰ ਦੇ ਕਰੀਬੀ ਰਿਸ਼ਤੇਦਾਰ ਗੁਰਲਾਲ ਸਿੰਘ ਬਰਾੜ ਦਾ ਲਗਭਗ ਢਾਈ ਮਹੀਨੇ ਪਹਿਲਾਂ ਚੰਡੀਗੜ੍ਹ ਵਿੱਚ ਕਤਲ ਹੋ ਗਿਆ ਸੀ।
ਗੁਰਵਿੰਦਰ ਸਿੰਘ ਗੋਰਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਵਰਤਮਾਨ ਸਮੇ ਵਿੱਚ ਉਹ ਅਫੀਮ ਤਸਕਰੀ ਦੇ ਇਕ ਮਾਮਲੇ ’ਚ ਜੇਲ ਤੋਂ ਬਾਹਰ ਆਇਆ ਹੋਇਆ ਹੈ। ਗੁਰਵਿੰਦਰ ਦੇ ਪਿਤਾ ਮਰਹੂਮ ਜੱਜ ਸਿੰਘ ਪੁਲਿਸ ਵਿਭਾਗ ਦੇ ਖੁਫੀ ਵਿਭਾਗ ਵਿੱਚ ਏਐਸਆਈ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਗੁਰਵਿੰਦਰ ਦਾ ਦੂਜਾ ਭਰਾ ਵਿਦੇਸ਼ ਵਿੱਚ ਸੈਟਲ ਹੈ ਜਦਕਿ ਗੁਰਵਿੰਦਰ ਦਾ ਪਰਿਵਾਰ ਕੋਟਕਪੂਰੇ ਵਿੱਚ ਹੀ ਰਹਿੰਦਾ ਹੈ।
ਬੀ.ਏ. ਦਾ ਵਿਦਿਆਰਥੀ ਸੁਖਵਿੰਦਰ ਸਿੰਘ ਦੇ ਪਿਤਾ ਫਰੀਦਕੋਟ ਸਿਹਤ ਵਿਭਾਗ ਵਿੱਚ ਡਰਾਈਵਰ ਹਨ, ਸੁਖਵਿੰਦਰ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ। ਵਰਤਮਾਨ ਸਮੇਂ ਵਿੱਚ ਉਹ ਨਸ਼ੇ ਦਾ ਸੇਵਨ ਕਰਨ ਦੇ ਨਾਲ ਹੀ ਗੈਂਗਸਟਰਾਂ ਦੀ ਦੁਨੀਆ ਦੀ ਚਕਾਚੌਂਧ ਵਿੱਚ ਘਿਰਿਆ ਹੋਇਆ ਸੀ। ਘਟਨਾ ਵਾਲੇ ਦਿਨ ਉਹ ਆਪਣੇ ਘਰ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਗੱਲ ਕਹਿ ਕੇ ਗਿਆ ਸੀ ਤੇ ਉਸ ਤੋਂ ਬਾਅਦ ਘਰ ਵਾਪਸ ਨਾ ਪਰਤਿਆ।
ਉਸਦੇ ਮਾਪਿਆਂ ਨੂੰ ਘਟਨਾ ’ਤੇ ਵਿਸ਼ਵਾਸ਼ ਨਹੀਂ ਹੋ ਰਿਹਾ। ਸੌਰਭ ਵਰਮਾ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਦੇ ਨਾਲ ਹੀ ਨਸ਼ੇ ’ਚ ਗ੍ਰਸਤ ਸੀ, ਦੱਸਿਆ ਜਾ ਰਿਹਾ ਹੈ ਕਿ ਸੋਰਭ ਦੇ ਪਿਤਾ ਮਜਦੂਰੀ ਦਾ ਕੰਮ ਕਰਦੇ ਹਨ। ਬਾਰਵੀਂ ਪਾਸ ਸੋਰਭ ਵੀ ਪਿਛਲੇ ਕਈ ਸਾਲਾਂ ਤੋਂ ਬੇਰੁਜਗਾਰ ਹੀ ਸੀ। ਹਾਲਾਂਕਿ ਉਸਦਾ ਪੁਲਿਸ ਕੋਲ ਕੋਈ ਵੱਡਾ ਅਪਰਾਧਿਕ ਰਿਕਾਰਡ ਵੀ ਨਹੀਂ ਹੈ।




