ਵਿਆਹੁਤਾ ਭੈਣ ਦੀ ਕੁੱਟਮਾਰ ਤੋਂ ਦੁਖੀ ਹੋ ਛੋਟੀ ਭੈਣ ਨੇ ਚੁੱਕਿਆ ਇਹ ਕਦਮ

ਭਵਾਨੀਗੜ੍ਹ (ਬਿਊਰੋ) : ਚੰਨੋ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਜਗਮੀਤ ਸਿੰਘ ਵਾਸੀ ਕਾਲਾਝਾੜ ਨੇ ਬਿਆਨ ਦਰਜ ਕਰਵਾਏ ਹਨ ਕਿ ਵੱਡੀ ਧੀ ਮਨਪ੍ਰੀਤ ਕੌਰ, ਨਾਭਾ ਵਿਚ ਵਿਆਹੀ ਹੋਈ ਹੈ। ਉਸ ਦਾ ਪਤੀ ਲਖਵਿੰਦਰ ਤੇ ਸਹੁਰਾ ਬਾਲ ਸਿੰਘ ਅਕਸਰ ਉਨ੍ਹਾਂ ਦੀ ਧੀ ਦੀ ਕੁੱਟਮਾਰ ਕਰਦੇ ਸਨ। ਇਸ ਕਾਰਨ ਬੀਤੀ 13 ਫਰਵਰੀ ਨੂੰ ਜਦੋਂ ਉਹ ਆਪਣੀ ਧੀ ਮਨਪ੍ਰੀਤ ਕੌਰ ਨੂੰ ਲੈਣ ਲਈ ਨਾਭਾ ਸਥਿਤ ਸਹੁਰੇ ਘਰ ਗਿਆ ਤਾਂ ਉੱਥੇ ਲਖਵਿੰਦਰ ਤੇ ਉਸ ਦੇ ਬਾਪ ਬਾਲ ਸਿੰਘ ਨੇ ਮਨਪ੍ਰੀਤ ਤੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨਾਭਾ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ।
ਜਦੋਂ ਉਹ ਹਸਪਤਾਲ ਵਿੱਚੋਂ ਛੁੱਟੀ ਲੈ ਕੇ ਅਪਣੇ ਪਿੰਡ ਕਾਲਾਝਾੜ ਵਿਚ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਘਰ ਵਿਚ ਉਨ੍ਹਾਂ ਦੀ ਇਕੱਲੀ ਛੋਟੀ ਧੀ ਕੁਲਵਿੰਦਰ ਕੌਰ (23) ਨੇ ਚੁੰਨੀ ਨਾਲ ਗਲ ਫਾਹਾ ਲੈ ਰੱਖਿਆ ਸੀ। ਜਗਮੀਤ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਧੀ ਕੁਲਵਿੰਦਰ ਨੇ ਆਪਣੀ ਭੈਣ ਦੇ ਸੁਖੀ ਨਾ ਵਸਣ ਕਾਰਨ ਅਤੇ ਉਨ੍ਹਾਂ ਦੀ ਹੋਈ ਕੁੱਟਮਾਰ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਹੈ। ਇਸ ਬਾਰੇ ਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਗਮੀਤ ਸਿੰਘ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਮਨਪ੍ਰੀਤ ਕੌਰ ਦੇ ਪਤੀ ਲਖਵਿੰਦਰ ਸਿੰਘ ਤੇ ਸਹੁਰਾ ਬਾਲ ਸਿੰਘ ਵਾਸੀ ਨਾਭਾ ਖ਼ਿਲਾਫ਼ ਪਰਚਾ ਦਰਜ ਕਰ ਕੇ ਤਫਤੀਸ਼ ਆਰੰਭ ਕਰ ਦਿੱਤੀ ਹੈ।






