ਲੜਕੀ ਨਾਲ ਕੀਤੀ ਜਬਰ ਜਨਾਹ, ਗਰਭਵਤੀ ਹੋਣ ’ਤੇ ਕਰਵਾਇਆ ਵਿਆਹ

ਲੁਧਿਆਣਾ (ਬਿਊਰੋ): ਲੁਧਿਆਣਾ ਵਿਚ ਲੱਗਭਗ 11 ਮਹੀਨੇ ਪਹਿਲਾਂ ਕਾਕੋਵਾਲ ਰੋਡ ਤੋਂ 13 ਸਾਲ ਦੀ ਲੜਕੀ ਅਗਵਾ ਕਰਕੇ ਉਸ ਨਾਲ ਜਬਰ ਜਨਾਹ ਕੀਤਾ। ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੇ ਉਸ ਦਾ ਵਿਆਹ ਜਬਰਨ ਬਿਹਾਰ ਦੇ ਅਰਰਿਆ ਵਿਚ ਕਰਵਾ ਦਿੱਤਾ। ਜਦੋਂ ਵੀ ਲੜਕੀ ਦੋਸ਼ੀ ਦੇ ਚੁੰਗਲ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰਦੀ, ਉਹ ਉਸ ਨੂੰ ਕਮਰੇ ਵਿਚ ਬੰਦ ਕਰਕੇ ਬਾਹਰੋਂ ਤਾਲਾ ਲਾ ਦਿੰਦਾ।
ਲੜਕੀ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਵੀ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਹੁਣ 11 ਮਹੀਨੇ ਬਾਅਦ ਸਨਾਤਨ ਧਰਮ ਰੱਖਿਆ ਮੰਚ ਅਤੇ ਸਥਾਨਕ ਵਕੀਲ ਦੀ ਮਦਦ ਨਾਲ ਲੜਕੀ ਨੂੰ ਮੁਕਤ ਕਰਵਾਇਆ ਗਿਆ। ਉਥੇ ਹੁਣ ਹਾਈਕੋਰਟ ਦੇ ਦਖਲ ਤੋਂ ਬਾਅਦ 13 ਸਾਲ ਦੀ ਮਾਸੂਮ ਦਾ ਗਰਭਪਾਤ ਕਰਵਾਇਆ ਗਿਆ ਹੈ। ਇਥੇ ਪ੍ਰੈਸ ਕਾਨਫਰੰਸ ਵਿਚ ਲਡ਼ਕੀ ਨੇ ਦੱਸਿਆ ਕਿ ਉਸ ਨੇ ਦੋ ਵਾਰ ਦੋਸ਼ੀ ਦੇ ਚੁੰਗਲ ਵਿਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ। ਉਹ ਜਦੋਂ ਵੀ ਉਸ ਦੇ ਚੰਗਲ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰਦੀ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜਾਂਦਾ। ਲਡ਼ਕੀ ਦੀ ਮਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਖਿਲਾਫ਼ ਸਖਤ ਕਾਰਵਾਈ ਕਰਕੇ ਉਸ ਨੂੰ ਸਜ਼ਾ ਦਿੱਤੀ ਜਾਵੇ।
ਸਨਾਤਨ ਧਰਮ ਰੱਖਿਆ ਮੰਚ ਦੇ ਅਸ਼ਵਨੀ ਹਿੰਦੂ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੋਲ ਇਹ ਮਾਮਲਾ ਆਇਆ ਤਾਂ ਉਨ੍ਹਾਂ ਨੇ ਸਾਰਿਆਂ ਦੇ ਸਹਿਯੋਗ ਨਾਲ ਲਡ਼ਕੀ ਨੂੰ ਲੱਭਿਆ। ਇਹ ਮਾਮਲਾ ਲਵ ਜਿਹਾਦ ਦਾ ਹੈ। ਇਸ ਪ੍ਰਤੀ ਪ੍ਰਸ਼ਾਸਨ ਨੂੰ ਜਾਗਰੂਕ ਹੋਣ ਦੀ ਲੋਡ਼ ਹੈ। ਐਡਵੋਕੇਟ ਨਵੀਨ ਸ਼ਰਮਾ ਅਤੇ ਅਰਜੁਨ ਵੀਰ ਸ਼ਰਮਾ ਨੇ ਕਿਹਾ ਕਿ ਇਹ ਲਵ ਜਿਹਾਦ ਦੇ ਮਾਮਲੇ ਅਕਸਰ ਹੋਰ ਸੂਬਿਆਂ ਤੋਂ ਸੁਣਨ ਦੇਖਣ ਨੂੰ ਮਿਲਦੇ ਸਨ ਪਰ ਲੁਧਿਆਣਾ ਵਿਚ ਅਜਿਹਾ ਵਾਕਿਆ ਸਾਹਮਣੇ ਆਉਣਾ ਖਤਰਨਾਕ ਸੰਕੇਤ ਹੈ। ਨਾਬਾਲਗ ਨਾਲ ਜਬਰ ਜਨਾਹ ਅਤੇ ਬਾਅਦ ਵਿਚ ਜ਼ਬਰਦਸਤੀ ਉਸ ਦਾ ਵਿਆਹ ਬਿਹਾਰ ਵਿਚ ਕਰਵਾਉਣਾ ਵੱਡਾ ਜੁਰਮ ਹੈ। ਸ਼ਿਕਾਇਤ ਕਰਨ ਤੋਂ ਬਾਅਦ ਵੀ ਪੁਲਿਸ ਨੇ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ।





