ਮ੍ਰਿਤਕ ਦੀ ਪਤਨੀ ਅਤੇ ਭਰਾ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਭਿੱਖੀਵਿੰਡ ਮੇਨ ਚੌਕ ਵਿਚ ਰੱਖ ਕੇ ਪਿੱਟ ਸਿਆਪਾ ਕੀਤਾ

ਭਿੱਖੀਵਿੰਡ (ਰਿੰਪਲ ਗੋਲਣ) : ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਪਹਿਲਵਾਨਕੇ ਦਰਾਜਕੇ ਦੇ ਨੌਜਵਾਨਾਂ ਵੱਲੋਂ ਨਸ਼ੇ ਦਾ ਟੀਕਾ ਲਗਾਉਣ ਕਾਰਨ ਦੇਰ ਰਾਤ ਉਸ ਦੀ ਮੌਤ ਹੋ ਜਾਣ ਦੀ ਖਬਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਤਨੀ ਅਤੇ ਭਰਾ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਭਿੱਖੀਵਿੰਡ ਮੇਨ ਚੌਕ ਵਿਚ ਰੱਖ ਕੇ ਪਿੱਟ ਸਿਆਪਾ ਕੀਤਾ ਅਤੇ ਵਿਰਲਾਪ ਕੀਤਾ ਅਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਡੀ ਐੱਸ ਪੀ ਰਾਜਬੀਰ ਸਿੰਘ ਅਤੇ ਥਾਣਾ ਮੁਖੀ ਭਿੱਖੀਵਿੰਡ ਦੇ ਗੰਭੀਰ ਦੋਸ਼ ਲਗਾਏ। ਇਸ ਸਬੰਧੀ ਮ੍ਰਿਤਕ ਹੀਰਾ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਹਿਲਵਾਨਕੇ ਦਰਾਜਕੇ ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਮੇਰਾ ਕਰੀਨ 8 ਸਾਲ ਦਾ ਲੜਕਾ ਹੈ ਅਤੇ ਸਾਡੀ ਜ਼ਮੀਨ ਪਹੁਵਿੰਡ ਦੀਆਂ ਬਹਿਕਾ ਦੇ ਨਾਲ ਲੱਗਦੀ ਹੈ ਅਤੇ ਮੇਰਾ ਪਤੀ ਹੀ ਜ਼ਮੀਨ ਤੇ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਪਹੂਵਿੰਡ ਦੀਆਂ ਬਹਿਕਾਂ ਤੇ ਵੱਡੀ ਪੱਧਰ ਤੇ ਸਮੈਕ ਵਿਕਦੀ ਹੈ ਜਿਸ ਕਾਰਨ ਮੇਰਾ ਪਤੀ ਹੀਰਾ ਸਿੰਘ ਸਮੈਕ ਦਾ ਆਦੀ ਹੋ ਗਿਆ । ਜਿਸ ਬਾਰੇ ਸਾਨੂੰ ਪਤਾ ਲੱਗਣ ਤੇ ਅਸੀਂ ਕਈ ਵਾਰ ਡੀ.ਐੱਸ.ਪੀ ਭਿੱਖੀਵਿੰਡ ਰਾਜਬੀਰ ਸਿੰਘ ਨੂੰ ਇਸ ਸਬੰਧੀ ਬੇਨਤੀਆਂ ਕੀਤੀਆਂ ਅਤੇ ਕਈ ਵਾਰ ਯਾਦ ਵੀ ਕਰਵਾਇਆ ਕਿ ਇਸ ਤੇ ਕਾਰਵਾਈ ਕਰਕੇ ਸਮੈਕ ਵੇਚਣ ਵਾਲੇ ਨੂੰ ਫਡ਼ਿਆ ਜਾਵੇ । ਪਰ ਭਿੱਖੀਵਿੰਡ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਮੇਰਾ ਪਤੀ ਅੱਜ ਮੇਰੇ ਤੋਂ ਨਸ਼ੇ ਦੇ ਇਸ ਦੈਂਤ ਨੇ ਖੋਹ ਲਿਆ ਹੈ ਅਤੇ ਮੇਰੇ 8 ਸਾਲ ਦੇ ਮਾਸੂਮ ਪੁੱਤਰ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ । ਸੰਦੀਪ ਕੌਰ ਦਾ ਕਹਿਣਾ ਸੀ ਕਿ ਅਸੀਂ ਸ਼ੁਰੂ ਤੋਂ ਹੀ ਕਾਂਗਰਸੀ ਪਿਛੋਕੜ ਵਾਲੇ ਹਾਂ ਅਤੇ ਸਾਡੇ ਘਰ ਦੇ ਉਪਰ ਕਾਂਗਰਸ ਦਾ ਵੱਡਾ ਝੰਡਾ ਲੱਗਿਆਂ ਹੋਇਆਂ ਹੈ ਪਰ ਕਾਂਗਰਸ ਸਰਕਾਰ ਦੇ ਰਹਿੰਦਿਆਂ ਨਸ਼ੇ ਤੇ ਕਾਬੂ ਨਾ ਪਾਉਣ ਕਾਰਨ ਅੱਜ ਮੇਰਾ ਪਤੀ ਨਸ਼ੇ ਦੀ ਭੇਟ ਚੜ੍ਹ ਗਿਆ । ਉਸ ਨੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਵੀ ਗੰਭੀਰ ਦੋਸ਼ ਲਾਏ ਕਿ ਇਹ ਸਭ ਹਲਕਾ ਵਿਧਾਇਕ ਦੀ ਮਿਲੀਭੁਗਤ ਨਾਲ ਹੀ ਹੋ ਸਕਦਾ ਹੈ ਨਹੀਂ ਤਾਂ ਸਾਡੇ ਵੱਲੋਂ ਵਾਰ ਵਾਰ ਬੇਨਤੀਆਂ ਕਰਨ ਤੇ ਵੀ ਭਿੱਖੀਵਿੰਡ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਿਸ ਕਾਰਨ ਓੁਸਦਾ ਪਤੀ ਨਸ਼ੇ ਦੇ ਦੈਤ ਦੀ ਭੇਟ ਚੜ ਗਿਆ । ਦੱਸਣਯੋਗ ਹੈ ਕਿ ਕਾਫੀ ਸਮਾਂ ਭਿੱਖੀਵਿੰਡ ਚੌਕ ਵਿੱਚ ਮ੍ਰਿਤਕ ਦੀ ਲਾਸ਼ ਰੱਖ ਕੇ ਵਿਰਲਾਪ ਕਰਨ ਤੋਂ ਬਾਅਦ ਵੀ ਜਦੋਂ ਪੁਲਿਸ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਤਾਂ ਕਾਫੀ ਸਮਾਂ ਬੀਤ ਜਾਣ ਤੇ ਮ੍ਰਿਤਕ ਦੀ ਪਤਨੀ ਨੂੰ ਉਸ ਦੇ ਕੁਝ ਰਿਸ਼ਤੇਦਾਰਾਂ ਨੇ ਸਮਝਾ ਬੁਝਾ ਕੇ ਲਾਸ਼ ਨੂੰ ਭਿੱਖੀਵਿੰਡ ਚੌਕ ਚੋਂ ਚੁੱਕ ਕੇ ਉਹ ਆਪਣੇ ਘਰ ਪਿੰਡ ਭਲਵਾਨਕੇ ਲੈ ਗਏ । ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨਾਲ ਗੱਲ ਨਹੀਂ ਹੋ ਸਕੀ ਡੀ.ਐੱਸ.ਪੀ ਭਿੱਖੀਵਿੰਡ ਰਾਜਬੀਰ ਸਿੰਘ ਹੁਰਾਂ ਨੂੰ ਵਾਰ ਵਾਰ ਫੋਨ ਕਰਨ ਤੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਹੋਇਆ ਫਿਰ ਉਨ੍ਹਾਂ ਦਾ ਪੱਖ ਜਾਨਣ ਲਈ ਦੇਰ ਰਾਤ ਡੀ.ਐੱਸ.ਪੀ ਦਫਤਰ ਭਿੱਖੀਵਿੰਡ ਜਾਣ ਤੇ ਵੀ ਉਹ ਨਹੀਂ ਮਿਲ ਸਕੇ । ਉੱਥੇ ਮੌਜੂਦ ਗੰਨਮੈਨਾਂ ਦਾ ਕਹਿਣਾ ਸੀ ਕਿ ਉਹ ਵਾਰਗਸ ਤੇ ਗਏ ਹੋਏ ਹਨ






