( ਰਮਿੰਦਰ ਰਮੀ )

ਆਹ !!!
ਸੌਣ ਦੀ ਕੋਸ਼ਿਸ਼ ਕਰ ਰਹੀ ਹਾਂ
ਨੀਂਦ ਜਿਞੇਂ ਕੋਸੋਂ ਦੂਰ ਹੋਏ
ਉਸਲਵਾਟੇ ਲੈ ਰਹੀ ਹਾਂ
ਯਾਦਾਂ ਦੀ ਪਿਟਾਰੀ ਖੁੱਲ ਗਈ
ਭਰੀਆਂ ਹੋਈਆਂ ਅੱਖਾਂ
ਉਠਦੀ ਹਾਂ ਐਨਕ ਠੀਕ ਕਰਦੀ ਹਾਂ
ਪੈਨ ਲੱਭਦੀ ਹਾਂ
ਤੇ ਲਿਖਣ ਬੈਠ ਜਾਂਦੀ ਹਾਂ
ਕਿੰਨਾ ਮੰਦਭਾਗਾ ਸੀ ਇਹ ਦਿਨ
ਕਦੇ ਨਾ ਭੁਲਣਯੋਗ
11 ਫ਼ਰਵਰੀ 1977
ਦੂਰ ਪਰਦੇਸਾਂ ਵਿੱਚ ਬੈਠੀ
ਭਾਂਡੇ ਮਾਂਜ ਰਹੀ ਹਾਂ
ਨਾਲ ਰੇਡੀਓ ਸੁਣ ਰਹੀ ਸੀ
ਇਕ ਖ਼ਬਰ ਸੁਣ ਕੇ ਸੁੰਨ ਹੋ ਜਾਂਦੀ ਹਾਂ
ਭਾਰਤ ਦੇ ਪ੍ਰੈਜ਼ੀਡੈਂਟ ਫ਼ਖਰੂਦੀਨ ਅਲੀ ਅਹਿਮਦ ਨਹੀਂ ਰਹੇ
ਉਦਾਸ ਹੋਈ ਸੋਚਾਂ ਵਿੱਚ ਡੁੱਬ ਜਾਂਦੀ ਹਾਂ
ਕੀ ਬੀਤ ਰਹੀ ਹੋਵੇਗੀ
ਘਰਦਿਆਂ ਦਾ ਤੇ ਹੋਰ ਸੱਭਨਾਂ ਦਾ
ਕੀ ਹਾਲ ਹੋ ਰਿਹਾ ਹੋਏਗਾ
ਅਚਾਨਕ ਦਰਵਾਜ਼ਾ ਖੜਕਦਾ ਹੈ
ਦਰਵਾਜ਼ਾ ਖੋਲ ਦੇਖਦੀ ਹਾਂ
ਦਫ਼ਤਰ ਤੋਂ ਕੋਈ ਬੰਦਾ
ਵਾਹੋ ਦਾਹੀ ਅੰਦਰ ਆਂਉਂਦਾ ਹੈ
ਤੇ ਕਹਿੰਦਾ ਹੈ
ਹੁਣੇ ਤਿਆਰ ਹੋ ਜਾਓ
ਤੁਸੀਂ ਅੰਮ੍ਰਿਤਸਰ ਜਾਣਾ ਹੈ
ਮੈਂ ਭੌਚੱਕੀ ਹੋਈ
ਉਸਦੇ ਮੂੰਹ ਵੱਲ ਵੇਖਦੀ
ਸੋਚਦੀ ਹਾਂ
ਐਸੀ ਕਿਹੜੀ ਗੱਲ ਹੋ ਗਈ ਹੈ
ਕਿ ਹੁਣੇ ਜਾਣਾ ਪੈ ਗਿਆ
ਮੈਂ ਤੇ ਮਾਰਚ ਵਿੱਚ ਜਾਣਾ ਸੀ
ਆਪਣੇ ਬੀ ਏ ਫ਼ਾਈਨਲ ਦੇ ਪੇਪਰ ਦੇਣ
ਪਤੀ ਦੇ ਆਉਣ ਤੇ ਕਿ
ਤੇਰਾ ਭਰਾ ਬੀਮਾਰ ਹੈ ਤੇ ਜਾਣਾ ਹੈ
ਸਮਝ ਗਈ ਕਿ ਕੋਈ ਡਾਢਾ ਹੀ ਭਾਣਾ ਵਰਤਿਆ ਹੈ
ਭਰੇ ਮਨ ਤੇ ਭਰੀਆਂ ਅੱਖਾਂ ਨਾਲ
ਸੱਭ ਤੋਂ ਵਿਦਾ ਲੈ ਬੱਸ ਵਿੱਚ ਬੈਠ ਗਈ
ਆਸ ਪੜੋਸ ਦੀਆਂ ਔਰਤਾਂ ਕਹਿ ਰਹੀਆਂ ਸੀ
ਹੌਂਸਲਾ ਰੱਖਣਾ ਘਬਰਾਉਣਾ ਨਹੀਂ
ਪਹਿਲਾਂ ਬੱਸ ਤੋਂ ਦਿੱਲੀ
ਫਿਰ ਰੇਲ ਵਿੱਚ ਦਿੱਲੀ ਤੋਂ ਅੰਮਿ੍ਰਤਸਰ
ਮੈਂ ਹੀ ਜਾਣਦੀ ਹਾਂ
ਐਡਾ ਲੰਬਾ ਸਫ਼ਰ ਮੈਂ ਕਿਵੇਂ ਕੱਟਿਆ ਹੋਏਗਾ
ਘਰ ਵੜਦਿਆਂ ਹੀ
ਦੋਵੇਂ ਭੈਣਾਂ ਗੱਲ ਨੂੰ ਚੰਬੜ ਗੀਆਂ ਤੇ
ਤੇ ਢਾਹਵਾਂ ਮਾਰ ਕੇ ਰੋ ਰੋ ਕੇ
ਵਿਰਲਾਪ ਕਰਦੀਆਂ
ਕਹਿਣ ਲੱਗੀਆਂ
ਤੇਰਾ ਛੋਟਾ ਵੀਰ ਚਲੇ ਗਿਆ
ਮੰਮੀ ਦਾ ਹਾਲ ਦੱਖਿਆ ਨਹੀਂ ਸੀ ਜਾਂਦਾ
ਵੈਣ ਪਾਉਂਦੀ ਰੋਂਦੀ ਧੋਂਦੀ
ਦੁਹੱਥੜ ਪਿੱਟ ਰਹੀ ਸੀ
ਉਹਨਾਂ ਦੇ ਕੀਰਨੇ
ਦਿਲ ਚੀਰ ਰਹੇ ਸਨ
ਰੋ ਰੋ ਕੇ ਸੱਭ ਮੈਨੂੰ ਦੱਸ ਰਹੇ ਸੀ
ਕਿਵੇਂ ਇਕ ਭਿਆਨਕ ਹਾਦਸੇ ਵਿੱਚ ਉਹ
ਸਾਨੂੰ ਸਦੀਵੀ ਵਿਛੋੜਾ ਦੇ ਗਿਆ
ਮੇਰੀ ਮਾਂ ਤੇ ਜਿਵੇਂ ਪਾਗਲ ਹੋ ਗਈ ਹੋਵੇ
ਪਾਪਾ ਵੀ ਟੁੱਟ ਕੇ ਬਿਖਰ ਗਏ ਸੀ
ਮੈਂ ਪੱਥਰ ਬਣੀ ਸੱਭ ਨੂੰ ਦੇਖ ਰਹੀ ਸੀ
ਅੰਦਰ ਵਲੂੰਧਰਿਆ ਗਿਆ ਸੀ
ਯਾਦ ਕਰ ਰਹੀ ਸੀ
2 ਮਹੀਨੇ ਪਹਿਲਾਂ ਹੀ
ਆਪਣੇ ਮੁਕਲਾਵੇ ਫੇਰੇ ਤੇ
ਸੱਭ ਨੂੰ ਮਿਲ ਕੇ ਗਈ ਸੀ
ਮੇਰੇ ਵੀਰ ਨੇ ਪਿਕਚਰ ਦਿਖਾਈ ਸੀ
ਬੇਹੱਦ ਖੁਸ਼ ਸੀ
ਮੈਨੂੰ ਬੀ ਏ ਦੇ ਪੇਪਰਾਂ ਦਾ ਫ਼ਾਰਮ ਲਿਆ ਕੇ ਦਿੱਤਾ
ਜੋ ਮੈਂ ਆਉਣ ਲੱਗੇ ਉਸਨੂੰ ਦੇ ਆਈ ਸੀ
ਕੀ ਪਤਾ ਸੀ ਮੇਰੀ ਵਾਪਸੀ ਇੰਝ ਹੋਏਗੀ
ਮੰਮੀ ਦੀਆਂ ਦੁਆਈਆਂ ਛੁਪਾ ਦਿੰਦੀ ਸੀ
ਕਹਿੰਦੇ ਸੀ ਮੈਂ ਵੀ ਖਾ ਲੈਣੀਆਂ
ਤੇ ਚਲੇ ਜਾਣਾ ਆਪਣੇ ਪੁੱਤ ਕੋਲ
ਘਰ ਦੀ ਹਰ ਚੀਜ਼ ਵਿੱਚੋਂ ਉਸਦੀ ਝਲਕ ਮਿਲਦੀ
ਅਲਮਾਰੀ ਖੋਲਦੇ ਤੇ ਉਸਦੇ ਕੱਪੜੇ ਫੜ
ਰੋਣ ਲੱਗ ਜਾਂਦੇ
ਕਦੀ ਕਿਤਾਬਾਂ ਤੇ ਹੋਰ ਸਮਾਨ ਕੱਢ
ਛਾਤੀ ਨਾਲ ਲਗਾ ਪਲ਼ੋਸਦੇ ਰੌਂਦੇ ਤੇ ਗੱਲਾਂ ਕਰਦੇ
ਮੈਂ ਸੱਭ ਤੋਂ ਛੁੱਪ ਛੁੱਪ ਕੇ ਰੋਂਦੀ
ਸੱਭ ਨੂੰ ਧਰਵਾਸ ਦਿੰਦੀ
ਐਸੇ ਗ਼ਮਗੀਨ ਮਾਹੌਲ ਵਿੱਚ
ਪੇਪਰਾਂ ਦੀ ਤਿਆਰੀ
ਪੇਪਰ ਦੇ ਭਿੱਜੀਆੰ ਅੱਖਾਂ ਦੁਖੀ ਮਨ
ਵਾਪਸ ਪ੍ਰਦੇਸ ਚਲੇ ਗਈ
ਮੰਮੀ ਦੀਆਂ ਚਿੱਠੀਆਂ ਆਉਣੀਆਂ
ਹਰ ਇਕ ਚਿੱਠੀ ਵਿੱਚ ਵੀਰ ਦਾ ਜ਼ਿਕਰ
ਮੈਂ ਉਹਨਾਂ ਦਾ ਦਰਦ ਸਮਝਦੀ
ਦੂਰ ਬੈਠੀ ਬੇਵੱਸ ਹੋਈ
ਕਰ ਕੁਝ ਨਹੀਂ ਸੀ ਸਕਦੀ
ਕਿਸੇ ਤਰਾਂ ਦਿਲਾਸੇ ਦੇਣੇ
ਮੰਮੀ ਸਾਡੇ ਦਸਵੇਂ ਪਾਤਿਸ਼ਾਹ ਜੀ ਨੇ
ਸਰਬੰਸ ਵਾਰ ਦਿੱਤਾ
ਆਪਣੇ ਪੁੱਤਰਾਂ ਬਾਰੇ ਇਹ ਕਹਿਣਾ
ਚਾਰ ਮੂਏ ਤੋ ਕਿਆ ਹੂਆ
ਜੀਵਤੁ ਕਈ ਹਜ਼ਾਰ
ਇਹ ਪੜ੍ਹ ਮਾਂ ਨੂੰ ਕੁਝ ਹੋਂਸਲਾ ਹੁੰਦਾ
ਮੇਰੀ ਧੀ ਕਿੰਨੀ ਸਿਆਣੀ ਹੋ ਗਈ ਹੈ
ਮੇਰੀਆਂ ਚਿੱਠੀਆਂ ਮੇਰੀਆਂ
ਸਹੇਲੀਆਂ ਨੂੰ ਪੜ੍ਹਾਉਂਦੀ
ਮਾਂ ਨੂੰ ਨਹੀਂ ਪਤਾ ਕਿ
ਉਸਦੀ ਧੀ ਪਰਦੇਸਾਂ ਵਿੱਚ
ਇੱਕਲੀ ਬੈਠੀ ਰੋ ਰਹੀ ਹੁੰਦੀ ਸੀ
ਨਾ ਕੋਈ ਆਂਸੂ ਪੂੰਝਣ ਵਾਲਾ
ਨਾ ਕੋਈ ਦਿਲਾਸਾ ਦੇਣ ਵਾਲਾ
ਨਾ ਕੋਈ ਗੱਲ ਲਾਉਣ ਵਾਲਾ
ਇਹ ਸੱਭ ਲਿਖਦਿਆਂ ਖਿਆਲ ਆਂਉਂਦਾ ਹੈ
ਗੁਰਬਾਣੀ ਵਿੱਚ ਲਿਖਿਆ ਹੈ …
( ਅਸਾਂ ਭਿ ਓਥੈ ਜਾਣਾ
ਆਵਹੁ ਮਿਲਹੁ ਸਹੇਲੀਹੋ
ਸਚੜਾ ਨਾਮੁ ਲਏਹਾਂ
ਰੋਵਹ ਬਿਰਹਾ ਤਨ ਕਾ ਆਪਣਾ
ਸਾਹਿਬ ਸਮ੍ਹਾਹਿਲਹ
ਸਾਹਿਬ ਸਮ੍ਹਹਾਲਿਹ ਪੰਥ ਨਿਹਾਲਿਹ
ਅਸੀਂ ਭਿ ਓਥੈ ਜਾਣਾ )






