ਬਚਪਨ ਤੋਂ ਫੌਜੀ ਬਨਣ ਦਾ ਇਰਾਦਾ ਰੱਖਣ ਵਾਲੀ ਇਸ ਬੇਟੀ ਨੇ ਵਿਆਹ ਹੋਣ ਤੋਂ ਬਾਅਦ ਵੀ ਪੂਰਾ ਕੀਤਾ ਆਪਣਾ ਸੁਫਨਾ

ਮੋਗਾ (ਹਰਪਾਲ ਸਹਾਰਨ) : ਧੀਆਂ ਅਤੇ ਤਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ,ਕਿਸੇ ਨੇ ਇੱਦਾਂ ਹੀ ਨਹੀਂ ਕਿਹਾ। ਫੇਰ ਉਹ ਵਿਹੜਾ ਦੇਸ਼ ਵਿੱਚ ਹੋਵੇ ਜਾਂ ਵਿਦੇਸ਼ ਵਿੱਚ, ਧੀਆਂ ਰੋਣਕਾਂ ਲਾ ਹੀ ਦਿੰਦੀਆਂ ਨੇ। ਅਜਿਹੀ ਹੀ ਇੱਕ ਹੋਨਹਾਰ ਧੀ ਹੈ ਮੋਗਾ ਦੇ ਪਰਿਵਾਰ ਦੀ। ਗੱਲ ਕਰ ਰਹੇ ਹਾਂ ਆਪਣੇ ਬੁਲੰਦ ਹੌਂਸਲਿਆਂ ਤੇ ਆਪਣੀ ਸਖ਼ਤ ਮਿਹਨਤ ਦੇ ਸਦਕਾ ਵਿਦੇਸ਼ਾਂ ‘ਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੀ ਮੋਗਾ ਦੀ ਇੱਕ ਧੀ ਦੀ। ਨਾਮ ਹੈ ਸ਼ਰਨਪ੍ਰੀਤ ਕੌਰ ਤੇ ਕੰਮ ਅਮਰੀਕਾ ਦੀ ਫ਼ੌਜ ‘ਚ ਭਰਤੀ ਹੋਣਾ। ਸ਼ਰਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਫ਼ਨਾ ਸੀ ਕਿ ਉਹ ਫ਼ੌਜ ਵਿੱਚ ਨੌਕਰੀ ਕਰੇ। ਹਾਲਾਂਕਿ ਇਹ ਸੁਫ਼ਨਾ ਪੂਰਾ ਹੁੰਦਾ ਇਸ ਤੋਂ ਪਹਿਲਾਂ ਸ਼ਰਨਪ੍ਰੀਤ ਦਾ ਵਿਆਹ ਹੋ ਗਿਆ ਤੇ ਉਹ ਅਮਰੀਕਾ ਚਲੀ ਗਈ। ਬੇਸ਼ੱਕ ਸ਼ਰਨਪ੍ਰੀਤ ਅਮਰੀਕਾ ਚਲੀ ਗਈ ਪਰ ਉਸਦੇ ਸੁਫ਼ਨਿਆਂ ਨੇ ਉਸਦਾ ਪਿੱਛਾ ਨਾ ਛੱਡਿਆ। ਉਸਨੇ ਉੱਥੋਂ ਦੀ ਫ਼ੌਜ ‘ਚ ਅਪਲਾਈ ਕੀਤਾ ਤੇ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਇਸ ਨੂੰ ਫ਼ੌਜ ਵਿੱਚ ਨੌਕਰੀ ਮਿਲ ਵੀ ਗਈ। ਜਿਸ ਦੇ ਨਾਲ ਨਾ ਸਿਰਫ਼ ਉਸ ਨੇ ਆਪਣੇ ਮਾਂ ਬਾਪ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ।
ਜ਼ਾਹਿਰ ਹੈ ਕਿ ਸ਼ਰਨਪ੍ਰੀਤ ਨੇ ਸਾਬਿਤ ਕੀਤਾ ਕਿ ਜੇਕਰ ਇਰਾਦੇ ਮਜਬੂਤ ਹੋਣ ਤਾਂ ਇਨਸਾਨ ਆਪਣੇ ਮੁਕਾਮ ਨੂੰ ਪਾਉਣ ਲਈ ਦਿਨ ਰਾਤ ਇੱਕ ਕਰ ਉਸ ਮੁਕਾਮ ਨੂੰ ਹਾਸਲ ਕਰ ਹੀ ਲੈਂਦਾ ਹੈ। ਮੋਗਾ ਦੀ ਰਹਿਣ ਵਾਲੀ ਸ਼ਰਣਪ੍ਰੀਤ ਕੌਰ ਨੇ ਬਚਪਨ ਤੋਂ ਆਰਮੀ ਵਿੱਚ ਨੌਕਰੀ ਕਰ ਦੇਸ਼ ਦੀ ਸੇਵਾ ਕਰਨੀ ਚਾਉਂਦੀ ਸੀ, ਹਿੰਦੁਸਤਾਨ ਨਹੀਂ ਤਾਂ ਅਮਰੀਕਾ ਸਹੀ। ਇਸ ਦੌਰਾਨ ਗੱਲ ਕਰਦੇ ਹੋਏ ਸ਼ਰਨਪ੍ਰੀਤ ਕੌਰ ਨੇ ਸਭ ਤੋਂ ਪਹਿਲਾਂ ਜ਼ੀ ਮੀਡਿਆ ਦਾ ਧੰਨਵਾਦ ਕੀਤਾ ਅਤੇ ਆਪਣੇ ਸ਼ੌਕ ਬਾਰੇ ਦੱਸਿਆ। ਉਸਨੇ ਦੱਸਿਆ ਕਿ ਦਾਦਾ, ਨਾਨਾ ਅਤੇ ਪਰਿਵਾਰ ਦੇ ਕਈ ਮੈਂਬਰ ਆਰਮੀ ਵਿੱਚ ਸਨ ਅਤੇ ਉਨ੍ਹਾਂ ਨੂੰ ਵੇਖ ਆਰਮੀ ਦੀ ਵਰਦੀ ਪਾਉਣ ਦਾ ਹੀ ਸ਼ੌਕ ਉਸ ਵਿੱਚ ਜਾਗਿਆ। ਸ਼ਰਨਪ੍ਰੀਤ 2018 ਵਿੱਚ ਅਮਰੀਕਾ ਚਲੀ ਗਈ ਸੀ। ਉੱਥੇ ਜਾਕੇ 1 ਸਾਲ ਤੱਕ ਕੋਈ ਵੀ ਕੰਮ ਨਹੀਂ ਕੀਤਾ, ਜਦੋਂ ਉਨ੍ਹਾਂ ਨੇ ਅਮਰੀਕਾ ਆਰਮੀ ਵਿੱਚ ਵੈਕੇਂਸੀ ਵੇਖੀ ਤਾਂ ਅਪਲਾਈ ਕੀਤਾ ਅਤੇ ਉਸਦੀ ਚੋਣ ਵੀ ਹੋਈ।






