17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ 14ਵੀਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ 14ਵੀਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ

ਕਿਸਾਨ ਵਧੇਰੇ ਆਮਦਨ ਲਈ ਸਹਾਇਕ ਧੰਦੇ ਅਪਣਾਉਣ : ਡਾ. ਬੁੱਟਰ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ 14ਵੀਂ ਵਿਗਿਆਨਕ ਸਲਾਹਕਾਰ ਕਮੇਟੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਵਧੀਕ ਡਾਇਰੈਕਟਰ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਡਾ. ਗੁਰਮੀਤ ਸਿੰਘ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਫ਼ਸਰਾਂ, ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਜੀ.ਪੀ.ਐਸ. ਸੋਢੀ ਵੱਲੋਂ ਸਾਲ 2020 ਦੌਰਾਨ ਲਗਾਏ ਗਏ ਕਿੱਤਾ ਮੁਖੀ ਸਿਖਲਾਈ ਕੋਰਸ, ਖੇਤ ਪ੍ਰਦਰਸ਼ਨੀਆਂ, ਖੇਤ ਤਜ਼ਰਬੇ, ਗਿਆਨ ਵਧਾਊ ਯਾਤਰਾ, ਖੇਤ ਦਿਵਸ, ਫਸਲ ਸਰਵੇਖਣ, ਕਿਸਾਨ ਸਿਖਲਾਈ ਕੈਂਪ, ਮੋਬਾਇਲ ਖੇਤੀ ਸੁਨੇਹੇ ਆਦਿ ਪਸਾਰ ਗਤੀਵਿਧੀਆਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਫਸਲੀ ਰਹਿੰਦ-ਖ਼ੂੰਹਦ ਦੀ ਸੰਭਾਲ ਸਬੰਧੀ ਪ੍ਰੋਜੈਕਟ, ਸੁਧਰੇ ਬੀਜਾਂ, ਸਬਜ਼ੀਆਂ ਦੀਆਂ ਕਿੱਟਾਂ ਦੀ ਵਿਕਰੀ, ਨਰਮੇਂ ਦੀ ਚਿੱਟੀ ਮੱਖੀ ਦੀ ਰੋਕਥਾਮ ਅਤੇ ਹੋਰਨਾਂ ਪ੍ਰੋਜੈਕਟਾਂ ਦੀ ਪ੍ਰਗਤੀ ਰਿਪੋਰਟ ਵੀ ਮੀਟਿੰਗ ਦੌਰਾਨ ਪੇਸ਼ ਕੀਤੀ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਕੇਂਦਰ ਵੱਲੋਂ ਬਾਇਓ ਖਾਦ, ਧਾਤਾਂ ਦਾ ਚੂਰਾ, ਪਸ਼ੂ ਚਾਟ, ਸ਼ਹਿਦ, ਫਲਦਾਰ ਬੂਟੇ, ਅਤੇ ਖੇਤੀ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਪਸ਼ੂ ਪਾਲਣ ਵਿਭਾਗ ਵੱਲੋਂ ਡਾ. ਦੁਸ਼ਾਂਤਪ੍ਰੀਤ ਨੇ ਬੱਕਰੀ ਪਾਲਣ ਦੀ ਸਿਖਲਾਈ ਨੂੰ ਜ਼ਿਆਦਾ ਤਰਜੀਹ ਦੇਣ ਦਾ ਸੁਝਾਅ ਦਿੱਤਾ। ਸਹਾਇਕ ਬਾਗਬਾਨੀ ਅਫ਼ਸਰ ਸ਼੍ਰੀ ਪਰਮੇਸ਼ਵਰ ਸਿੰਘ ਨੇ ਕਿੰਨੂ ਦੇ ਬਾਗਾਂ ਦੀ ਸਾਂਭ-ਸੰਭਾਲ ਸਬੰਧੀ ਅਤੇ ਤੁਪਕਾ ਸਿੰਚਾਈ ਵਿਧੀ ਬਾਰੇ ਕਿਸਾਨਾਂ ਨੂੰ ਵਧੇਰੇ ਸਿਖਲਾਈ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਸਹਾਇਕ ਵਿਭਾਗਾਂ ਦੇ ਅਧਿਕਾਰੀ ਵੱਲੋਂ ਆਪਣੇ ਵਿਭਾਗਾਂ ਨਾਲ ਸਬੰਧਿਤ ਸਿਖਲਾਈ ਕੋਰਸ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਯੋਜਨਾ ਵਿੱਚ ਸ਼ਾਮਿਲ ਕਰਨ ਲਈ ਵੀ ਕਿਹਾ ਗਿਆ।
ਇਸ ਦੌਰਾਨ ਡਾ. ਗੁਰਮੀਤ ਸਿੰਘ ਬੁੱਟਰ ਵੱਲੋਂ ਕੇ.ਵੀ.ਕੇ. ਵੱਲੋਂ ਫਸਲੀ ਰਹਿੰਦ-ਖੂੰਹਦ ਦੀ ਸੰਭਾਲ, ਪਾਣੀ ਦੀ ਸੰਭਾਲ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਸਾਨਾਂ ਨੂੰ ਮੁਰਗੀ ਪਾਲਣ, ਬੱਕਰੀ ਪਾਲਣ, ਡੇਅਰੀ, ਮਧੂ ਮੱਖੀ ਪਾਲਣ ਆਦਿ ਕਿੱਤੇ ਅਪਣਾਉਣ ਲਈ ਪ੍ਰੇਰਿਆ। ਉਨ੍ਹਾਂ ਕੁਦਰਤੀ ਸੋਮੇ ਮਿੱਟੀ ਅਤੇ ਪਾਣਂ ਦੀ ਸੰਭਾਲ ਲਈ ਹੋਰ ਵਧੇਰੇ ਕੰਮ ਕਰਨ ਅਤੇ ਪ੍ਰੋਗਰਾਮ ਉਲੀਕਣ ਲਈ ਕਿਹਾ। ਇਸ ਮੌਕੇ ਵਧੀਕ ਡਾਇਰੈਕਟਰ ਆਫ਼ ਰਿਸਰਚ ਸ਼੍ਰੀ ਗੁਰਸਾਹਿਬ ਸਿੰਘ ਮਨੇਸ ਨੇ ਕਿਹਾ ਕਿ ਕੀਟ ਨਾਸ਼ਕਾਂ ਦੀ ਵਰਤੋਂ ਘਟਾਉਣ ਲਈ ਸਰਵ-ਪੱਖੀ ਕੀਟ ਪ੍ਰਬੰਧ ਅਪਣਾਉਣ, ਕਣਕ ਦੀ ਬਿਜਾਈ ਲਈ ਹੈਪੀ ਸੀਡਰ ਅਤੇ ਝੋਨੇ ਦੀ ਸਿੱੱਧੀ ਬਿਜਾਈ ਸਬੰਧੀ ਹੋਰ ਜ਼ਿਆਦਾ ਸਿਖਲਾਈ ਕੋਰਸ, ਖੇਤ ਤਜ਼ਰਬੇ ਅਤੇ ਪ੍ਰਦਰਸ਼ਨੀਆਂ ਲਗਾਉਣ ਦੀ ਜ਼ਰੂਰਤ ਉੱਪਰ ਜ਼ੋਰ ਦਿੱਤਾ। ਉਨ੍ਹਾਂ ਅਮਰੂਦ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਸਪਰੇਆਂ ਦੀ ਵਰਤੋਂ ਘਟਾਉਣ ਲਈ ਫਰੂਟ ਫਲਾਈ ਟਰੈਪ ਦੀ ਵਰਤੋਂ ਸਬੰਧੀ ਪ੍ਰਦਰਸ਼ਨੀਆਂ ਲਗਾਉਣ ਲਈ ਕਿਹਾ।
ਇਸ ਉਪਰੰਤ ਡਾ. ਗੁਰਮੀਤ ਸਿੰਘ ਬੁੱਟਰ ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਅਫ਼ਸਰਾਂ ਨੇ ਕੇ.ਵੀ.ਕੇ. ਫਾਰਮ ਵਿਖੇ ਕਣਕ ਅਤੇ ਸਰੋਂ ਦਾ ਬੀਜ ਉਤਪਾਦਨ, ਖੋਜ ਤਜ਼ਰਬਿਆਂ, ਹਰਬਲ ਗਾਰਡਨ, ਵਰਮੀ ਕੰਮਪੋਸਟ ਇਕਾਈ, ਘਰੇਲੂ ਬਗੀਚੀ, ਮੁਰਗੀ ਪਾਲਣ ਇਕਾਈ, ਬੱਕਰੀ ਪਾਲਣ ਇਕਾਈ, ਮਧੂ ਮੱਖੀ ਪਾਲਣ ਇਕਾਈ ਅਤੇ ਤਕਨੀਕੀ ਪਾਰਕ ਦਾ ਮੁਆਇਨਾ ਕੀਤਾ।
ਇਸ ਦੌਰਾਨ ਪ੍ਰੋਫੈਸਰ ਪਸ਼ੂ ਵਿਗਿਆਨ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਭਰਤ ਸਿੰਘ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Today Now News

RELATED ARTICLES
- Advertisment -

POPULAR POSTS