ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਸੂਬਾ ਸਕੱਤਰ ਜਗਸੀਰ ਸਿੰਘ ਸੀਰਾ ਦੀ ਅਗਵਾਈ ਵਿੱਚ ਪੰਜਾਬ ਦੇ ਕਿਰਤੀਆਂ ਦੇ ਮਨੁੱਖੀ ਅਧਿਕਾਰ ਬਹਾਲ ਕਰਨ ਲਈ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਜ਼ਿਕਰਯੋਗ ਹੈ ਕਿ ਨਿਊਨਤਮ ਵੇਤਨ ਐਕਟ, 1948 ਦੇ ਅਨੁਸਾਰ ਹਰ ਪੰਜ ਸਾਲ ਬਾਅਦ ਸਮੀਖਿਆ ਹੋਣੀ ਅਵੱਸ਼ਕ ਹੈ। ਜੋ ਕਿ ਪਿਛਲੀ ਵਾਰ 2012 ਵਿੱਚ ਹੋਈ ਸੀ ਅਤੇ 2017 ਵਿੱਚ ਦੁਬਾਰਾ ਸੋਧ ਕਰਕੇ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨਾ ਸਰਕਾਰ ਦੀ ਜਿੰਮੇਵਾਰੀ ਸੀ। ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣਾ ਫਰਜ਼ ਨਹੀਂ ਨਿਭਾਇਆ ਗਿਆ। ਜਿਸ ਕਾਰਨ ਮਜ਼ਦੂਰਾਂ ਦੀ ਆਰਥਿਕਤਾ ਤੇ ਭਾਰੀ ਸੱਟ ਵੱਜੀ ਹੈ। ਪੰਜਾਬ ਸਰਕਾਰ ਵੱਲੋਂ 01 ਮਾਰਚ 2020 ਨੂੰ ਮਹਿੰਗਾਈ ਅਨੁਸਾਰ ਵੇਤਨ ਵਿੱਚ ਵਾਧਾ ਕਰਨਾ ਸੀ ਜੋ ਕਿ 01 ਮਈ 2020 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਪਰ ਸਰਕਾਰ ਵੱਲੋਂ 09 ਮਈ 2020 ਨੂੰ ਹੁਕਮ ਜਾਰੀ ਕਰ ਦਿੱਤੇ ਕਿ ਮਜ਼ਦੂਰਾਂ ਦੇ ਵੇਤਨ ਵਿੱਚ ਕੀਤੇ ਗਏ ਵਾਧੇ ਨੂੰ ਰੱਦ ਕੀਤਾ ਜਾਂਦਾ ਹੈ। ਜਦੋਂ ਕਿ ਸਰਕਾਰ ਵੱਲੋਂ ਕਿਸੇ ਵੀ ਕਾਨੂੰਨ ਵਿੱਚ ਅਜਿਹਾ ਕਰਨ ਦੀ ਇਜ਼ਾਜਤ ਨਹੀਂ ਹੈ, ਜੋ ਕਿ ਮਜ਼ਦੂਰਾਂ ਨਾਲ ਸਰਾਸਰ ਧੱਕਾ ਹੈ। ਇੱਕ ਪਾਸੇ ਮਜ਼ਦੂਰ ਕਰੋਨਾ ਕਾਰਨ ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਮਾਰ ਝੱਲ ਰਹੇ ਸੀ ਅਤੇ ਦੂਸਰਾ ਸਰਕਾਰ ਵੱਲੋਂ ਕਿਰਤੀ ਜਮਾਤ ਉੱਤੇ ਹੋਰ ਮਾਰੂ ਹਮਲਾ ਕੀਤਾ ਗਿਆ। ਇਸ ਤੋਂ ਬਾਅਦ 9ਵੇਂ ਮਹੀਨੇ ਵਿੱਚ ਕਿਰਤੀਆਂ ਦੇ ਨਿਊਨਤਮ ਵੇਤਨ ਵਿੱਚ ਵਾਧਾ ਕਰਨਾ ਸੀ, ਜੋ ਕਿ ਨਵੰਬਰ ਦਾ ਮਹੀਨਾ ਵੀ ਲੰਘ ਗਿਆ ਪਰ ਅੱਜ ਤੱਕ ਮਜ਼ਦੂਰਾਂ ਦੇ ਵੇਤਨ ਵਿੱਚ ਵਾਧਾ ਨਹੀਂ ਕੀਤਾ ਗਿਆ। ਅੱਜ ਦੇ ਇਕੱਠ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 01 ਮਾਰਚ 2020 ਤੋਂ ਹੁਣ ਤੱਕ ਦਾ ਅੰਕੜਾ ਜੋੜ ਕੇ ਕਿਰਤੀਆਂ ਦੇ ਵੇਤਨ ਵਿੱਚ ਵਾਧਾ ਕੀਤਾ ਜਾਵੇ। ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਕਈ ਫ਼ੈਸਲਿਆਂ ਵਿੱਚ ਲਿਖਿਆ ਹੈ ਕਿ ਨਿਊਨਤਮ ਵੇਤਨ ਨਾ ਦੇਣਾ ਸੰਵਿਧਾਨ ਦੀ ਧਾਰਾ 23 ਦੀ ਉਲੰਘਣਾ ਹੈ। ਪਰ ਪੰਜਾਬ ਦੇ ਕਿਰਤੀਆਂ ਨਾਲ ਸ਼ਰੇਆਮ ਧੱਕਾ ਹੋ ਰਿਹਾ ਹੈ। ਪੰਜਾਬ ਸਰਕਾਰ ਉਦਯੋਗਪਤੀਆਂ ਨੂੰ ਖੁਸ਼ ਕਰਨ ਲਈ ਮਜ਼ਦੂਰ ਵਰਗ ਤੇ ਮਾਤ ਪਾ ਰਹੀ ਹੈ। ਅੱਜ ਮੰਗ ਪੱਤਰ ਸੌਂਪਣ ਤੋਂ ਬਾਅਦ ਜੱਥੇਬੰਦੀ ਵੱਲੋਂ ਫ਼ੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਤੁਰੰਤ ਵਾਧਾ ਨਾ ਕੀਤਾ ਗਿਆ ਤਾਂ ਜੱਥੇਬੰਦੀ ਵੱਲੋਂ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਮਾਨਸਾ, ਨਿੱਕਾ ਸਿੰਘ ਬਰ੍ਹੇ, ਜਸਪਾਲ ਸਿੰਘ ਬਠਿੰਡਾ, ਪਾਲਾ ਸਿੰਘ ਹਸਨਪੁਰ, ਅਮਨਦੀਪ ਕੌਰ, ਅਮਰਜੀਤ ਕੌਰ, ਵੀਰਪਾਲ ਕੌਰ ਬਠਿੰਡਾ, ਕਰਮਜੀਤ ਕੌਰ ਜਵਾਹਰਕੇ, ਪਰਮਜੀਤ ਕੌਰ ਭੱਠਲ, ਸੁਖਦੀਪ ਕੌਰ ਨੰਗਲ ਹਾਜ਼ਰ ਸਨ ਅਤੇ ਅਲੱਗ-ਅਲੱਗ ਭੱਠਾ ਮਜ਼ਦੂਰਾਂ ਨੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਵੱਡੇ ਪੱਧਰ ਤੇ ਹਿੱਸਾ ਲਿਆ।






