ਰੀਪਰ ਨਾਲ ਪਰਾਲੀ ਨੂੰ ਜ਼ਮੀਨ ਚ ਮਿਲਾ ਕੇ ਖਾਦ ਬਣਾ ਰਿਹਾ ਸੀ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਨੇੜੇ ਦੇ ਪਿੰਡ ਠੂਠਿਆਂਵਾਲੀ ਰੋਡ ਤੇ ਖੇਤ ਚ ਕੰਮ ਕਰਦੇ ਸਮੇ ਰੀਪਰ ਵਿੱਚ ਆਉਣ ਕਾਰਨ 46 ਸਾਲਾ ਰਘਵੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ।ਜਾਣਕਾਰੀ ਅਨੁਸਾਰ ਕਿਸਾਨ ਰਘਵੀਰ ਸਿੰਘ ਆਪਣੇ ਖੇਤ ਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਕਰ ਕੇ ਰੀਪਰ ਨਾਲ ਪਰਾਲੀ ਨੂੰ ਜ਼ਮੀਨ ਚ ਮਿਲਾ ਕੇ ਖਾਦ ਬਣਾ ਰਿਹਾ ਸੀ।ਰੀਪਰ ਖ਼ਰਾਬ ਹੋਣ ਕਾਰਨ ਟਰੈਕਟਰ ਤੋਂ ਉਤਰ ਕੇ ਵੇਖਣ ਲੱਗਿਆ ਤਾਂ ਕਰਾਸ ਚ ਕੱਪਡ਼ੇ ਫਸਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਨੂੰ ਚੁੱਕ ਕੇ ਸਿਵਲ ਹਸਪਤਾਲ ਲਿਜਾਇਆ ਗਿਆ ਉਥੇ ਉਸ ਦੀ ਮੌਤ ਹੋ ਗਈ ,ਕਿਸਾਨਾਂ ਨੇ ਦੱਸਿਆ ਰਘਵੀਰ ਸਿੰਘ ਇਕ ਛੋਟਾ ਕਿਸਾਨ ਸੀ, ਜੋ 3 ਏਕੜ ਜਮੀਨ ਦਾ ਮਾਲਕ ਸੀ ,ਜਿਸਦੇ 2 ਬੇਟੇ ਤੇ 1 ਬੇਟੀ ਹੈ।ਮ੍ਰਿਤਕ ਦੇ ਭਰਾ ਗੁਰਬਚਨ ਸਿੰਘ ਅਤੇ ਬੇਟੇ ਇਕਬਾਲ ਸਿੰਘ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 5 ਲੱਖ ਮੁਆਵਜਾ ਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਪੁਲਿਸ ਥਾਣਾ ਸਿਟੀ 2 ਦੇ ਮੁਖੀ ਹਰਦਿਆਲ ਦਾਸ ਅਤੇ ਸਹਾਇਕ ਗੁਰਚਰਨ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਲੜਕੇ ਇਕਬਾਲ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ਚ ਲਿਆਂਦੀ ਹੈ।ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ






