ਸਹਿਕਾਰੀ ਸਭਾਵਾਂ ਦੀ ਚੰਗੀ ਕਾਰਗੁਜਾਰੀ ਸਾਂਝੇ ਉੱਦਮ ਦੀ ਇੱਕ ਉਤਮ ਮਿਸਾਲ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਹਿਕਾਰਤਾ ਵਿਭਾਗ ਨੇ ਦੀ ਬਹੁਮੰਤਵੀਂ ਸਹਿਕਾਰੀ ਖੇਤੀਬਾੜੀ ਸਭਾ ਬੋੜਾਵਾਲ ਨੇ ਪਰਮਜੀਤ ਸਿੰਘ ਡਿਪਟੀ ਰਜਿਸਟਰਾਰ ਦੀ ਦੇਖ-ਰੇਖ ਹੇਠ ਡੀ.ਸੀ.ਯੂ ਮਾਨਸਾ ਅਤੇ ਪਨਕੋਫੈੱਡ ਚੰਡੀਗੜ੍ਹ ਦੇ ਸਹਿਯੋਗ ਨਾਲ 67ਵੇਂ ਸਹਿਕਾਰੀ ਹਫਤੇ ਦਾ ਦਿਨ ਮਨਾਇਆ। ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸ੍ਰ. ਧੰਨਾ ਸਿੰਘ ਅਕਲੀਆ ਚੇਅਰਮੈਨ ਜਿਲ੍ਹਾ ਸਹਿਕਾਰੀ ਯੂਨੀਅਨ ਮਾਨਸਾ ਨੇ ਇਸ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਹਿਕਾਰੀ ਸਭਾਵਾਂ ਦੀ ਚੰਗੀ ਕਾਰਗੁਜਾਰੀ ਸਾਂਝੇ ਉੱਦਮ ਦੀ ਇੱਕ ਉਤਮ ਮਿਸਾਲ ਹੈ। ਹਰ ਵਰਗ ਦੇ ਲੋਕਾਂ ਨੇ ਸਹਿਕਾਰੀ ਸਭਾਵਾਂ ਤੋਂ ਸੇਵਾਵਾਂ ਪ੍ਰਾਪਤ ਕਰਕੇ ਆਪਣਾ ਆਰਥਿਕ ਅਤੇ ਸਮਾਜਿਕ ਵਿਕਾਸ ਵਧਾਇਆ ਹੈ। ਉਨ੍ਹਾਂ ਆਖਿਆ ਕਿ ਸਹਿਕਾਰੀ ਸਭਾਵਾਂ ਦੀ ਪ੍ਰਗਤੀ ਲਈ ਇਨ੍ਹਾਂ ਦੇ ਮੈਂਬਰਾਂ, ਪ੍ਰਬੰਧਕ ਮੈਂਬਰਾਂ ਅਤੇ ਕਰਮਚਾਰੀਆਂ ਵਿੱਚ ਉਸਾਰੂ ਬਿਰਤੀ ਦਾ ਤਾਲਮੇਲ ਹੋਣਾ ਜਰੂਰੀ ਹੈ। ਸਭਾ ਦੇ ਪ੍ਰਬੰਧਕਾਂ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਸਭਾ ਦੇ ਵਿਕਾਸ ਹਿੱਤ ਠੋਸ ਫੈਸਲੇ ਲੈਣੇ ਚਾਹੀਦੇ ਹਨ। ਉਹਨਾਂ ਸਭਾਵਾਂ ਦੇ ਰਿਕਾਰਡ ਅਤੇ ਇਸ ਨੂੰ ਤਰਤੀਬਵਾਰ ਰੱਖਣ ਅਤੇ ਤਾ-ਤਾਰੀਖ ਤੱਕ ਮੁਕੰਮਲ ਰੱਖਣ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਕਿਸਾਨਾਂ ਨੂੰ ਚੈੱਕ ਬੁੱਕ ਅਤੇ ਪਾਸ ਬੁੱਕ ਆਪਣੇ ਕੋਲ ਰੱਖਣ ਅਤੇ ਉਸ ਦੀ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਸਮਸ਼ੇਰ ਸਿੰਘ ਈ.ਆਈ. ਪਨਕੋਫੈੱਡ ਨੇ ਸਹਿਕਾਰੀ ਹਫਤੇ ਦੇ ਮੁੱਖ ਵਿਸ਼ੇ ਕੋਵਿਡ-19 ਦਾ ਟਾਕਰਾ ਕਰਦੇ ਹੋਏ ਸਹਿਕਾਰੀ ਸਭਾਵਾਂ ਰਾਹੀਂ ਭਾਰਤ ਦੇਸ਼ ਦੀ ਆਤਮ ਨਿਰਭਰਤਾ ਬਾਰੇ ਗੱਲ਼ ਕੀਤੀ। ਸ੍ਰ. ਅਮਨਦੀਪ ਸਿੰਘ ਇੰਸਪੈਕਟਰ ਇੰਚਾਰਜ ਨੇ ਸਭਾ ਦੀ ਪ੍ਰਗਤੀ ਬਾਰੇ ਦਸਦਿਆਂ ਕਿਹਾ ਕਿ ਇਹ ਸਭਾ ਸਰਕਲ ਦੀਆਂ ਸਭਾਵਾਂ ਵਿੱਚੋਂ ਵੱਧ ਤਰੱਕੀ ਦੇ ਰਾਹ ਤੇ ਚੱਲ ਰਹੀ ਹੈ। ਉਹਨਾਂ ਸਭਾ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਹਰੀਸ਼ ਕੁਮਾਰ ਸਕੱਤਰ ਸਭਾ ਨੇ ਸਭਾ ਦੀ ਤਰੱਕੀ ਦੇ ਅੰਕੜੇ ਪੇਸ਼ ਕੀਤੇ। ਇਸ ਸਮੇਂ ਮਿੱਠੂ ਸਿੰਘ ਪ੍ਰਧਾਨ ਸਭਾ ਨੇ ਸਭਾਵਾਂ ਵਿੱਚ ਯੂਰੀਆ ਖਾਦ ਦੀ ਕਮੀ ਨੂੰ ਦੂਰ ਕਰਨ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ। ਇਸ ਸਮਾਰੋਹ ਵਿੱਚ ਖੁਸ਼ਵਿੰਦਰ ਸਿੰਘ ਇੰਸਪੈਕਟਰ, ਗੁਰਮੀਤ ਸਿੰਘ ਗਾਗੋਵਾਲ ਸਹਾਇਕ ਮੈਨੇਜਰ ਡੀ.ਸੀ.ਯੂ ਮਾਨਸਾ, ਪਿੰਡ ਗੁਰਨੇ ਕਲਾਂ ਅਤੇ ਬੋੜਾਵਾਲ ਦੇ ਪਤਵੰਤੇ ਸੱਜਣ ਸ਼ਾਮਿਲ ਹੋਏ। ਸਭਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਵਿਭਾਗੀ ਅਧਿਕਾਰੀਆਂ ਨੂੰ ਅਜਿਹੀ ਜਾਣਕਾਰੀ ਭਰਪੂਰ ਸਮਾਰੋਹ ਲਗਾਤਾਰ ਕਰਨ ਦੀ ਅਪੀਲ ਕੀਤੀ। ਪਨਕੋਫੈੱਡ ਵੱਲੋਂ ਸਹਿਕਾਰੀ ਲਿਟਰੇਚਰ ਵੰਡਿਆ।




