ਹਰੀਕੇ ਝੀਲ ਵਿਚ ਅਠਖੇਲੀਆਂ ਕਰ ਕਰਦੇ ਹਨ ਮਨਮੋਹਕ ਨਜ਼ਾਰਾ ਪੇਸ਼

ਤਰਨਤਾਰਨ (ਜਸਬੀਰ ਸਿੰਘ) : ਬਿਆਸ,ਸਤਲੁਜ ਦਰਿਆ ਦੇ ਸੰਗਮ ਜਿਥੇ ਤਿੰਨ ਜ਼ਿਲ੍ਹਿਆਂ ਤਰਨਤਾਰਨ, ਫਿਰੋਜ਼ਪੁਰ, ਕਪੂਰਥਲਾ ਦਾ ਸੁਮੇਲ ਵੀ ਹੁੰਦਾ ਹੈ। ਇਸ ਸਥਾਨ ਦੇ ਬਣੀ ਹਰੀਕੇ ਝੀਲ ਜਿਥੇ ਹਰ ਸਾਲ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਪ੍ਰਵਾਸੀ ਪੰਛੀ ਆਉਂਦੇ ਹਨ ਅਤੇ ਇਸ ਝੀਲ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ। ਇਹ ਝੀਲ ਪ੍ਰਵਾਸੀ ਪੰਛੀਆਂ ਦੀ ਪਸੰਦੀਦਾ ਸੈਰਗਾਹ ਹੈ ਅਤੇ ਦੁਨੀਆਂ ਭਰ ਵਿੱਚ ਮਸ਼ਹੂਰ ਵਿਸ਼ਵ ਪ੍ਰਸਿੱਧ ਹਰੀਕੇ ਝੀਲ ਵਿੱਚ ਪ੍ਰਵਾਸੀ ਪੰਛੀਆਂ ਦੀ ਆਮਦ ਤੇਜ਼ੀ ਨਾਲ ਸ਼ੁਰੂ ਹੋ ਚੁੱਕੀ ਹੈ ਅਤੇ ਕਈ ਪ੍ਰਕਾਰ ਦੇ ਪੰਛੀਆਂ ਨੇ ਇਸ ਝੀਲ ਵਿਚ ਆਪਣਾ ਰੈਣ ਬਸੇਰਾ ਕੀਤਾ ਹੈ। ਇਹ ਪ੍ਰਵਾਸੀ ਪੰਛੀ ਹਜ਼ਾਰਾਂ ਮੀਲਾਂ ਦਾ ਸਫਰ ਤੈਅ ਕਰਕੇ ਹਰੀਕੇ ਝੀਲ ਵਿੱਚ ਮਹਿਮਾਨ ਵਜੋਂ ਪਹੁੰਚ ਕੇ ਇਸਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਹਨ ਅਤੇ ਝੀਲ ਦੇ ਨੀਲੇ ਪਾਣੀ ਵਿੱਚ ਅਠਖੇਲੀਆਂ ਕਰਦੇ ਮਨਮੋਹਕ ਦ੍ਰਿਸ਼ ਪੇਸ਼ ਕਰਦੇ ਹਨ ਜੋ ਹਰ ਕਿਸੇ ਦਾ ਮਨ ਮੋਹ ਲੈਂਦੇ ਹਨ। ਜ਼ਿਕਰਯੋਗ ਹੈ ਕਿ ਇਹ ਪ੍ਰਵਾਸੀ ਪੰਛੀ ਹਰ ਸਾਲ ਸਰਦ ਰੁੱਤ ਠੰਡ ਦਾ ਮੌਸਮ ਸ਼ੁਰੂ ਹੋਣ ਤੇ ਕਸਬੇ ਦੀ ਪ੍ਰਸਿੱਧ ਝੀਲ ਦੇ ਚੂਰੀਆਂ ਖੇਤਰ ਦੇ ਨਜ਼ਦੀਕ ਬਣੀ ਕੂਟ ਮੁਰਗਾਮੀ ਰੱਖ ਵਿਚ ਵੱਡੀ ਤਦਾਦ ਵਿਚ ਵੇਖੇ ਜਾ ਸਕਦੇ ਹਨ। ਦਰਿਆ ਵਿਚ ਵੱਖ ਵੱਖ ਕਿਸਮਾਂ ਦੇ ਰੰਗ -ਬਿਰੰਗੇ ਪੰਛੀਆਂ ਦੇ ਝੁੰਡ ਇਕ ਅਦਭੁਤ ਨਜ਼ਾਰਾ ਪੇਸ਼ ਕਰਦੇ ਹਨ।
ਇਸ ਸਬੰਧੀ ਹਰੀਕੇ ਦੀ ਵਣ ਰੇਂਜ ਅਫਸਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਝੀਲ ਵਿੱਚ ਜ਼ਿਆਦਾਤਰ ਪੰਛੀ ਰੂਸ, ਸਾਇਬੇਰੀਆ ਤੇ ਕਜ਼ਾਕਿਸਤਾਨ ਅਤੇ ਚੀਨ ਤੋਂ ਆਉਂਦੇ ਹਨ। ਜਿਵੇਂ ਪਿਛਲੇ ਸਾਲ ਵਿੱਚ 94 ਕਿਸਮਾਂ ਦੇ ਵੱਖ-ਵੱਖ ਪ੍ਰਵਾਸੀ ਪੰਛੀ ਦੇਖਣ ਨੂੰ ਮਿਲੇ ਜਿਸ ਵਿੱਚ ਲੈਗੇ, ਗੀਜ਼, ਕੋਮਨ ਰੂਟ, ਪਿਰਟੇਲ, ਸੀਲਗ਼ਜ਼, ਗ੍ਰੇਲਲੈਂਗ ਰੂਟ, ਬ੍ਲੈਕ ਕੂਟ, ਇਲਾ ਬਾਰਹੈਡਿਡ, ਸਪੁਨ, ਬਿੱਲਜ਼, ਸਾਇਬੇਰੀਅਨ ਗਲਜ਼, ਮਲਾਰਡ, ਵਿਜ਼ਨ, ਰੈਡਕ੍ਰੇਸੀਟਿਡ, ਪੋਚਿਡ, ਗੱਡਵਾਲ, ਸਨੈਕ ਬਰਡ, ਪੈਨਲੇਟ, ਸਾਵਲਰ, ਲਾਰਜ ਕਾਰਮੋਰੇਂਟ, ਗ੍ਰੇਟਈ, ਫਲੈਮਿੰਗੋ, ਰੂਡੀਸ਼ੈੱਲ ਡੱਕ, ਸਪੋਨ ਬਿੱਲਜ਼ , ਨਿਊ ਬਰਡ, ਕਾਮਨ ਟੀਲ, ਰੂਫ, ਕੋਮਨ, ਮੈਲਾਰਡ ਬਲੈਕ ਕਾਈਟ, ਬਲੈਕ ਰੇਡਸਟਾਰਟ ਵੂਡ ਸੈਂਡਵਾਈਪਰ, ਸਾਇਬੇਰੀਅਨ ਸਟੋਨਚੈਟ ਅਤੇ ਹੋਰ ਕਾਫੀ ਕਿਸਮ ਦੇ ਪੰਛੀ ਇਥੇ ਆਉਂਦੇ ਹਨ ਜੋ ਕਿ ਝੀਲ ਦੇ ਦੋ ਮੁੱਖ ਕੇਂਦਰ ਰਿਆਸਤ ਅਤੇ ਖੇਤਾਨ ਵਿੱਚ ਦੇਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਜਿਉਂ-ਜਿਉਂ ਠੰਡ ਵੱਧਦੀ ਜਾ ਰਹੀ ਹੈ, ਉਸੇ ਤਰ੍ਹਾਂ ਪ੍ਰਵਾਸੀ ਪੰਛੀਆਂ ਦੀ ਹਰੀਕੇ ਝੀਲ ਵਿੱਚ ਆਮਦ ਵੱਧ ਰਹੀ ਹੈ ਅਤੇ ਤੇਜ਼ੀ ਨਾਲ ਪ੍ਰਵਾਸੀ ਪੰਛੀ ਪਹੁੰਚ ਰਹੇ ਹਨ। ਹਰ ਸਾਲ ਪ੍ਰਵਾਸੀ ਪੰਛੀਆਂ ਦੀ ਗਿਣਤੀ ਦਾ ਕੰਮ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਹੀ ਪਤਾ ਚੱਲਦਾ ਹੈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਪ੍ਰਵਾਸੀ ਪੰਛੀਆਂ ਦੀ ਗਿਣਤੀ ਵਧੀ ਜਾਂ ਘਟੀ ਹੈ ਅਤੇ ਕਿੰਨੇ ਪ੍ਰਕਾਰ ਦੀਆਂ ਕਿਸਮਾਂ ਦਿਖਾਈ ਦਿੱਤੀਆਂ ਹਨ। ਅਜੇ ਇਨ੍ਹਾਂ ਦਾ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਪੂਰੀ ਸੁਰੱਖਿਆ ਲਈ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸਖ਼ਤ ਨਿਗਰਾਨੀ ਕਰਕੇ ਆਪਣਾ ਫ਼ਰਜ਼ ਨਿਭਾ ਰਹੇ ਹਨ। ਇਹ ਪ੍ਰਵਾਸੀ ਪੰਛੀ ਸਰਦ ਰੁੱਤ ਖ਼ਤਮ ਹੁੰਦਿਆਂ ਆਪਣੇ ਵਤਨ ਵਾਪਸੀ ਕਰ ਜਾਂਦੇ ਹਨ। ਇਸ ਤੋਂ ਵਿਸ਼ਵ ਪ੍ਰਸਿੱਧ ਪੰਛੀ ਰੱਖ ਵਿੱਚ ਪੁੱਜਣ ਵਾਲੇ ਪ੍ਰਵਾਸੀ ਪੰਛੀਆਂ ਨੂੰ ਦੇਖਣ ਲਈ ਸੈਲਾਨੀ ਵੱਡੀ ਗਿਣਤੀ ਵਿਚ ਪੁੱਜਦੇ ਹਨ।
ਜੇਕਰ ਸਰਕਾਰ ਇਸਨੂੰ ਹੋਰ ਸਹੂਲਤਾਂ ਨਾਲ ਲੈਸ ਕਰ ਦੇਵੇ ਤਾਂ ਸੈਲਾਨੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਹੋ ਸਕਦਾ ਹੈ।






