ਮਾਨਸਾ ਜਿਲ੍ਹੇ ਅਤੇ ਸ਼ਹਿਰ ਵਿੱਚ ਸਾਂਝੀ ਪ੍ਰਚਾਰ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮੋਦੀ ਸਰਕਾਰ ਵੱਲੋਂ ਲਾਕਡਾਊਨ ਦਾ ਲਾਹਾ ਲੈਂਦਿਆਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜਦੂਰ ਮੁਲਾਜਮ ਵਿਰੋਧੀ ਖਤਰਨਾਕ ਸੋਧਾਂ ਦੇ ਖਿਲਾਫ ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦਿੱਤੇ 26 ਨਵੰਬਰ ਦੇ ‘ਭਾਰਤ ਬੰਦ’ ਨੂੰ ਸਫਲ ਬਣਾਉਣ ਲਈ ਅੱਜ ਇੱਥੇ ਵੱਖ-ਵੱਖ ਟਰੇਡ ਯੂਨੀਅਨਾਂ ਵੱਲ਼ੋਂ ਇੱਕ ਜਿਲ੍ਹਾ ਪੱਧਰੀ ਸਾਂਝੀ ਕਨਵੈਨਸ਼ਨ ਕੀਤੀ ਗਈ।
ਅੱਜ ਇੱਥੇ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਏਕਟੂ ਆਗੂ ਜੀਤ ਸਿੰਘ ਬੋਹਾ, ਏਟਕ ਆਗੂ ਕਾਮਰੇਡ ਕਾਕਾ ਸਿੰਘ ਅਤੇ ਸੀਟੂ ਆਗੂ ਕਾਮਰੇਡ ਕਾਲਾ ਖਾਨ ਦੀ ਪ੍ਰਧਾਨਗੀ ਹੇਠ ਹੋਈ । ਇਸ ਕਨਵੈਨਸ਼ਨ ਨੂੰ ਖੇਤ ਮਜਦੂਰ ਸਭਾ ਵੱਲੋਂ ਕਾਮਰੇਡ ਕ੍ਰਿਸ਼ਨ ਚੌਹਾਨ, ਏਕਟੂ ਵੱਲੋਂ ਕਾਮਰੇਡ ਗੁਰਜੰਟ ਸਿੰਘ ਮਾਨਸਾ, ਸੀਟੂ ਵੱਲੋਂ ਐਡਵੋਕੇਟ ਕੁਲਵਿੰਦਰ ਉੱਡਤ, ਕਲਾਸ ਫੋਰ ਯੂਨੀਅਨ ਦਾ ਆਗੂ ਰਾਜ ਕੁਮਾਰ ਰੰਗਾ, ਠੇਕਾ ਮੁਲਾਜਮਾਂ ਦੇ ਆਗੂ ਗੁਰਵਿੰਦਰ ਸਿੰਘ, ਲਾਲ ਝੰਡਾ ਉਸਾਰੀ ਮਜਦੂਰ ਯੂਨੀਅਨ (ਏਕਟੂ) ਆਗੂ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ, ਲਾਲ ਝੰਡਾ ਭੱਠਾ ਮਜਦੂਰ ਯੂਨੀਅਨ ਦੇ ਆਗੂ ਕਾਮਰੇਡ ਵਿਜੈ ਕੁਮਾਰ ਭੀਖੀ, ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ (ਸੀਟੂ) ਵੱਲੋਂ ਜਸਮੇਲ ਸਿੰਘ ਅਤਲਾ, ਪੀ.ਆਰ.ਟੀ.ਸੀ. ਵਰਕਰ ਯੂਨੀਅਨ ਵੱਲੋਂ ਸੁਰਿੰਦਰ ਪਾਲ ਸਿੰਘ ਵਾਲੀਆ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਨਰੇਸ਼ ਬੁਰਜ ਹਰੀ ਨੇ ਕੀਤਾ ਅਤੇ ਏਟਕ ਦੇ ਜਿਲ੍ਹਾ ਕਨਵੀਨਰ ਦਰਸ਼ਨ ਸਿੰਘ ਪੰਧੇਰ ਨੇ ਸਾਰੇ ਸ਼ਾਮਲ ਵਰਕਰਾਂ ਦਾ ਧੰਨਵਾਦ ਕੀਤਾ।
ਕਨਵੈਨਸ਼ਨ ਨੇ ਜਿੱਥੇ 26 ਨਵੰਬਰ ਦੇ ‘ਭਾਰਤ ਬੰਦ’ ਦੀ ਸਫਲਤਾ ਲਈ ਮਾਨਸਾ ਜਿਲ੍ਹੇ ਅਤੇ ਸ਼ਹਿਰ ਵਿੱਚ ਸਾਂਝੀ ਪ੍ਰਚਾਰ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਬੁਲਾਰਿਆਂ ਨੇ ਮਜਦੂਰ ਜਮਾਤ ਵੱਲੋਂ ਦਹਾਕਿਆਂ ਤੋਂ ਲੰਬੇ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਯੂਨੀਅਨ ਬਣਾਉਣ ਦੇ ਹੱਕ ਸਮੇਤ ਹਾਸਲ ਕੀਤੇ ਅਧਿਕਾਰਾਂ ਨੂੰ ਖੋਹਣ ਅਤੇ ਕਾਰਪੋਰੇਟ ਕੰਪਨੀਆਂ ਦੀ ਮਰਜੀ ਮੁਤਾਬਿਕ ਕਿਰਤ ਕਾਨੂੰਨਾਂ ਦੀ ਮਨਮਾਨੀ ਭੰਨ ਤੋੜ ਕਰਨ ਖਿਲਾਫ ਡੱਕ ਕੇ ਸੰਘਰਸ਼ ਕਰਨ ਦੇ ਨਾਲ-ਨਾਲ ਮੋਦੀ ਸਰਕਾਰ ਵੱਲੋਂ ਬਣਾਏ ਕਾਰਪੋਰੇਟ ਕੰਪਨੀਆਂ ਪੱਖੀ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸਾਂਝੇ ਕਿਸਾਨਾਂ ਦੇ ਡੱਟਵੇਂ ਸਮਰਥਨ ਦਾ ਵੀ ਐਲਾਨ ਕੀਤਾ। ਕਨਵੈਨਸ਼ਨ ਨੇ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਉੱਘੇ ਮੁਲਾਜਮ ਆਗੂ ਕਾਮਰੇਡ ਆਤਮਾ ਸਿੰਘ ਆਤਮਾ,ਆਗੂ ਕਾਮਰੇਡ ਰਾਜ ਕੁਮਾਰ ਗਰਗ, ਏਕਟੂ ਦੇ ਨੌਜਵਾਨ ਆਗੂ ਕਾਮਰੇਡ ਅਮਰੀਕ ਸਿੰਘ ਸਮਾਓ, ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ (ਏਟਕ) ਦੇ ਆਗੂ ਸਤਨਾਮ ਸਿੰਘ ਸਮੇਤ ਕਿਸਾਨ ਅੰਦੋਲਨ ਦੌਰਾਨ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ।




