
ਮੋਗਾ, (ਹਰਪਾਲ ਸਹਾਰਨ) : ਕੋਰੋਨਾ ਵਾਇਰਸ ਦੇ ਕਾਰਨ ਜਿਥੇ ਬਹੁਤ ਸਾਰੇ ਕੰਮ ਬੰਦ ਹੋ ਚੁੱਕੇ ਹਨ, ਉਥੇ ਹੀ ਬਹੁਤ ਸਾਰੇ ਲੋਕ ਬੇਰੁਜ਼ਗਾਰ ਵੀ ਹੋ ਗਏ ਹਨ। ਕੋਰੋਨਾ ਕਰਕੇ ਲੋਕਾਂ ਨੇ ਜਿਨ੍ਹੇ ਵੀ ਤਿਉਹਾਰ ਮਨਾਏ ਹਨ, ਸਾਰੇ ਸਾਧਾਰਨ ਤਰੀਕੇ ਨਾਲ ਮਨਾਏ ਹਨ। ਇਸ ਸਬੰਧ ’ਚ ਜਗਬਾਣੀ ਦੀ ਟੀਮ ਵਲੋਂ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਈ ਕਾਰੀਗਰਾਂ ਨਾਲ ਗੱਲਬਾਤ ਕੀਤੀ ਗਈ। ਇਕ ਕਾਰੀਗਰ ਨੇ ਕਿਹਾ ਕਿ ਉਹ ਮਿੱਟੀ ਦੇ ਦੀਵੇ ਅਤੇ ਘੜੇ ਬਣਾਉਣ ਦਾ ਕੰਮ ਪਿਛਲੇ 40 ਸਾਲਾਂ ਤੋਂ ਕਰਦਾ ਆ ਰਿਹਾ ਹੈ। ਸਮਾਂ ਬਦਲਣ ਦੇ ਨਾਲ-ਨਾਲ ਲੋਕ ਮਿੱਟੀ ਦੇ ਭਾਂਡੇ ਅਤੇ ਦੀਵੇ ਦੀ ਵਰਤੋਂ ਕਰਨੀ ਛੱਡ ਰਹੇ ਹਨ, ਜਿਸ ਤੋਂ ਇੰਝ ਲੱਗਦਾ ਜਿਵੇਂ ਇਹ ਅਲੋਪ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 20 ਸਾਲ ਪਹਿਲਾਂ ਲੋਕ ਵੱਡੀ ਮਾਤਰਾ ’ਚ ਇਨ੍ਹਾਂ ਦੀ ਵਰਤੋਂ ਕਰਦੇ ਸਨ ਪਰ ਹੌਲੀ-ਹੌਲੀ ਇਨ੍ਹਾਂ ਦੀ ਵਰਤੋਂ ਘੱਟ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮਿੱਟੀ ਦੇ ਭਾਂਡਿਆਂ ਦੀ ਵਿਕਰੀ ਹੋ ਰਹੀ ਸੀ ਪਰ ਇਸ ਸਾਲ ਕੋਰੋਨਾ ਦੇ ਕਰਕੇ ਉਨ੍ਹਾਂ ਦਾ ਕਾਰੋਬਾਰ ਠੀਕ ਢੱਗ ਨਾਲ ਨਹੀਂ ਚੱਲ ਰਿਹਾ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਾਰੀਗਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੀਵਾਲੀ ਦੇ ਮੌਕੇ ਜ਼ਿਆਦਾ ਤੋਂ ਜ਼ਿਆਦਾ ਮਿੱਟੀ ਦੇ ਦੀਵੇ ਲੈ ਕੇ ਆਪਣੇ ਘਰਾਂ ਨੂੰ ਜਾਣ। ਮਿੱਟੀ ਦੇ ਦੀਵੇ ਨਾਲ ਇਕ ਪਾਸੇ ਜਿਥੇ ਵਾਤਾਵਰਣ ਸ਼ੁੱਧ ਹੋਵੇਗਾ, ਉਥੇ ਹੀ ਉਨ੍ਹਾਂ ਦੇ ਚਾਰ ਪੈਸੇ ਬਣ ਜਾਣਗੇ।





