
ਪੱਟੀ, (ਪੱਤਰ ਪ੍ਰੇਰਕ) : ਸੀਆਈਸਟਾਫ ਪੱਟੀ ਦੀ ਪੁਲਿਸ ਨੇ ਜਾਅਲੀ ਮੋਹਰਾਂ, ਡਰਾਈਵਿੰਗ ਲਾਇੰਸਸ ਅਤੇ ਵਾਹਨਾਂ ਦੀਆਂ ਆਰਸੀਆਂ ਬਰਾਮਦ ਕਰਕੇ ਤਿੰਨ ਲੋਕਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਦੀ ਪਛਾਣ ਅਰਵਨ ਸਿੰਘ ਪੁੱਤਰ ਸਤਨਾਮ ਸਿੰਘ, ਸਰਵਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਵਾਰਡ ਨੰਬਰ 2 ਪੱਟੀ ਅਤੇ ਜਗਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਵਾਰਡ 12 ਪੱਟੀ ਵਜੋਂ ਹੋਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਸੀਆਈਏ ਸਟਾਫ ਦੇ ਇੰਚਾਰਜ ਸਬ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਤਹਿਸੀਲ ਕੰਪਲੈਕਸ ਪੱਟੀ ਵਿਖੇ ਚੀਮਾ ਫੋਟੋ ਸਟੇਟ ’ਤੇ ਡਰਾਈਵਿੰਗ ਲਾਇਸੰਸ, ਆਰਸੀਆਂ ਅਤੇ ਹੋਰ ਕਾਗਜ਼ਾਤ ਬਣਾਉਣ ਲਈ ਜਾਅਲੀ ਮੋਹਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਸ ਤੇ ਉਨ੍ਹਾਂ ਛਾਪੇਮਾਰੀ ਕਰ ਕੇ 39 ਮੋਹਰਾਂ ਬਰਾਮਦ ਕੀਤੀਆਂ ਹਨ। ਜਿੰਨ੍ਹਾਂ ਵਿਚ ਡੀਟੀਓ ਫਾਜ਼ਿਲਕਾ, ਨਕੋਦਰ, ਜਲਧੰਰ, ਅੰਮਿ੍ਤਸਰ, ਤਰਨਤਾਰਨ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ ਸਾਹਿਬ, ਬਰਨਾਲਾ, ਰਾਏਕੋਟ, ਜ਼ੀਰਾ, ਬਾਬਾ ਬਕਾਲਾ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਪੱਟੀ ਦੇ ਪਿ੍ੰਸੀਪਲ, ਐਗਜ਼ੈਕਟਿਵ ਮੈਜਿਸਟ੍ਰੇਟ ਤਰਨਤਾਰਨ ਤੇ ਪੱਟੀ, ਤਹਿਸੀਲਦਾਰ ਪੱਟੀ, ਲਾਇਸੰਸ ਅਥਾਰਟੀ ਪੱਟੀ, ਟੈਸਟਡ ਅਥਾਰਟੀ ਨੋਟਰੀ ਨਰਿੰਦਰਪਾਲ ਸਿੰਘ ਤਰਨਤਾਰਨ, ਮੈਜਿਸਟ੍ਰੇਟ ਅਥਾਰਟੀ ਸੁਲਤਾਨਪੁਰ ਲੋਧੀ, ਸਰਕਾਰੀ ਸੀਨੀਅਰ ਸਕੂਲ ਲੜਕੇ ਪੱਟੀ ਦੇ ਪ੍ਰਿੰਸੀਪਲ, ਸਰਟੀਫਾਈਡ ਜਨਤਾ ਕੁਮਾਰੀ ਪੱਟੀ, ਸੈਕਟਰੀ ਰਿਜਨਲ ਟਰਾਂਸਪੋਰਟ ਅਥਾਰਟੀ ਅੰਮਿ੍ਤਸਰ, ਲਾਇਸੰਸ ਅਥਾਰਟੀ ਪੱਟੀ ਲੋਕਲ ਜਨਮ ਤੇ ਮੌਤ, ਹੈੱਡ ਟੀਚਰ ਸਕੂਲ ਨਦੋਹਰ, ਵੋਹਰਾ ਕਮਿਸ਼ਨ ਏਜੰਟ, ਡਾ. ਸੁਦੇਸ਼ ਕਮਾਰ ਐੱਮਬੀਬੀਐੱਸ ਸਰਕਾਰੀ ਹਸਪਤਾਲ ਪੱਟੀ, ਮੋਟਰ ਵਹੀਕਲ ਅਫਸਰ ਅੰਮਿ੍ਤਸਰ ਦੀਆਂ ਮੋਹਰਾਂ ਬਰਾਮਦ ਕੀਤੀਆਂ ਹਨ। ਐੱਸਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਪਾਸੋਂ 52 ਜਾਅਲੀ ਡਰਾਈਵਿੰਗ ਲਾਇਸੰਸ, 32 ਆਰਸੀਆਂ ਅਤੇ ਪੰਜ ਬੀਮਾ ਸਰਟੀਫਿਕੇਟ ਵੀ ਬਰਾਮਦ ਕੀਤੇ ਹਨ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਰਿਮਾਂਡ ਹਾਸਲ ਕਰ ਲਿਆ ਹੈ। ਮੁਲਜਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।






