ਟੀਆਰਪੀ ਮਾਮਲੇ ਤੋਂ ਬਾਅਦ ਲਿਆ ਫ਼ੈਸਲਾ

ਨਵੀਂ ਦਿੱਲੀ, (ਬਿਊਰੋ) : ਕੇਂਦਰ ਸਰਕਾਰ ਨੇ ਦੇਸ਼ ‘ਚ ਟੈਲੀਵਿਜ਼ਨ ਰੇਟਿੰਗ ਦੀ ਸਮੀਖਿਆ ਲਈ ਇਕ ਕਮੇਟੀ ਦਾ ਗਠਨ ਕੀਤਾ। ਚਾਰ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਐੱਸ ਵੇਮਪਤੀ ਕਰਨਗੇ। ਇਸ ‘ਚ ਆਈਆਈਟੀ ਕਾਨਪੁਰ ਦੇ ਪ੍ਰਫੈਸਰ ਡਾ. ਸ਼ਲਭ, ਸੀ-ਡੀਓਟੀ ਦੇ ਕਾਰਜਕਾਰੀ ਨਿਰਦੇਸ਼ਕ ਡਾ. ਰਾਜਕੁਮਾਰ ਉਪਧਿਆਏ ਤੇ ਸੈਂਟਰ ਫਾਰ ਪਬਲਿਕ ਪਾਲਸੀ (ਸੀਪੀਪੀ) ਦੇ ਪ੍ਰੋਫੈਸਰ ਘੋਸ਼ ਮੈਂਬਰ ਦੇ ਤੌਰ ‘ਤੇ ਹੋਣਗੇ। ਇਸ ਨੂੰ ਦੋ ਮਹੀਨਿਆਂ ‘ਚ ਸੂਚਨਾ ਤੇ ਪ੍ਰਸਾਰਣ ਮੰਤਰੀ ਨੂੰ ਆਪਣੀ ਰਿਪੋਰਟ ਸੌਂਪਣ ਨੂੰ ਕਿਹਾ ਗਿਆ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਕਿਹਾ ਹੈ ਕਿ ਸੰਸਦੀ ਕਮੇਟੀ, ਮੰਤਰਾਲਾ ਵੱਲੋਂ ਟੀਆਰਪੀ ‘ਤੇ ਗਠਿਤ ਕਮੇਟੀ ਤੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਦੀਆਂ ਸਿਫਾਰਸ਼ਾਂ ‘ਤੇ ਵਿਸਥਾਰ ਨਾਲ ਵਿਚਾਰ-ਚਰਚਾ ਕਰਨ ਤੋਂ ਬਾਅਦ ਟੈਲੀਵਿਜ਼ਨ ਰੇਟਿੰਗ ਏਜੰਸੀਆਂ ‘ਤੇ 2014 ‘ਚ ਜਾਰੀ ਮੌਜੂਦਾ ਦਿਸ਼ਾ-ਨਿਰਦੇਸ਼ਾਂ ਨੂੰ ਸੂਚਿਤ ਕੀਤਾ ਗਿਆ ਸੀ। ਜੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ‘ਚ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਜ਼ਰੂਰਤ ਹੁੰਦੀ ਹੈ ਤਾਂ ਕਮੇਟੀ ਨੂੰ ਮਜ਼ਬੂਤ, ਪਾਰਦਰਸ਼ੀ ਤੇ ਜਵਾਬਦੇਹ ਰੇਟਿੰਗ ਪ੍ਰਣਾਲੀ ਲਈ ਸਿਫਾਰਸ਼ਾਂ ਦੇਣ ਨੂੰ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਮੁੰਬਈ ਪੁਲਿਸ ਨੇ ਹਾਲ ਹੀ ‘ਚ ਟੈਲੀਵਿਜ਼ਨ ਰੇਟਿੰਗ ਪੁਆਂਇੰਟ (ਟੀਆਰਪੀ) ‘ਚ ਹੇਰਾਫੇਰੀ ਦੇ ਮਾਮਲੇ ਨੂੰ ਉਜਾਗਰ ਕਰਨ ਦਾ ਵਾਅਦਾ ਕੀਤਾ ਸੀ। ਇਸ ਮਾਮਲੇ ‘ਚ ਨਿਊਜ਼ ਚੈਨਲ ਦੇ ਕਰਮਚਾਰੀਆਂ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।




