
ਸ਼੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਬੇਟ ਇਲਾਕੇ ਦੇ ਪਿੰਡ ਵਿਚ 5 ਬੱਚਿਆਂ ਦੇ ਬਾਪ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕਾਰਾ ਕੀਤਾ ਹੈ, ਇਸ ਅਨਸਰ ਨੇ 13 ਸਾਲਾ ਬੱਚੀ ਨਾਲ ਸਰੀਰਕ ਸਬੰਧ ਬਣਾ ਕੇ ਉਸ ਨੂੰ ਗਰਭਵਤੀ ਕਰ ਦਿੱਤਾ। ਇਸ ਸਬੰਧੀ ਕੁੜੀ ਦੇ ਪਰਿਵਾਰ ਨੂੰ ਉਦੋਂ ਪਤਾ ਲੱਗਾ ਜਦੋਂ ਇਸ ਅਨਸਰ ਨੇ ਇਸਤਰੀ ਡਾਕਟਰ ਤੋਂ ਬੱਚੀ ਦਾ ਗਰਭਪਾਤ ਕਰਵਾ ਦਿੱਤਾ।
ਪੀੜਤ ਕੁੜੀ ਦੇ ਪਿਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਮਜ਼ਦੂਰੀ ਕਰਦਾ ਹੈ ਤੇ ਨੇੜਲੇ ਪਿੰਡ ਵਿਚ ਰਹਿੰਦੇ ਅਨਸਰ ਸ਼ੰਕਰ ਨਾਲ ਉਨ੍ਹਾਂ ਦੀ ਨੇੜਤਾ ਸੀ, ਸ਼ੰਕਰ ਦਾ ਉਨ੍ਹਾਂ ਘਰ ਅਕਸਰ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਬਿਆਨਕਰਤਾ ਮੁਤਾਬਕ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਧੀ, ਸ਼ੰਕਰ ਦੇ ਘਰ ਗਈ ਜਿੱਥੇ ਕਿ ਮੁਲਜ਼ਮ ਸ਼ੰਕਰ ਨੇ ਬੱਚੀ ਨੂੰ ਡਰਾ ਧਮਕਾ ਕੇ ਸਰੀਰਕ ਸਬੰਧ ਬਣਾ ਲਏ ਜਿਸ ਤੋਂ ਬਾਅਦ ਸ਼ੰਕਰ ਉਨ੍ਹਾਂ ਦੀ ਧੀ ਨਾਲ ਜਬਰ-ਜ਼ਿਨਾਹ ਕਰਦਾ ਰਿਹਾ ਤੇ ਬੱਚੀ ਗਰਭਵਤੀ ਹੋ ਗਈ। ਦੋਸਤ ਦੇ ਘਰ ਵਿਚ ਗ਼ਲਤ ਕਾਰਾ ਕਰਨ ਵਾਲੇ ਸ਼ੰਕਰ ਨੇ ਪਾਪ ਲੁਕਾਉਣ ਲਈ ਇਸਤਰੀ ਡਾਕਟਰ ਤੋਂ ਗਰਭਵਤੀ ਬੱਚੀ ਦਾ ਗਰਭਪਾਤ ਕਰਵਾ ਦਿੱਤਾ। ਪੀੜਤ ਪਰਿਵਾਰ ਨੇ ਇਸ ਸਬੰਧੀ ਮਾਛੀਵਾੜਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ‘ਤੇ ਸ਼ੰਕਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਮੁਲਜ਼ਮ ਸ਼ੰਕਰ ਖ਼ੁਦ ਪੰਜ ਬੱਚਿਆਂ ਦਾ ਬਾਪ ਹੈ।





