CCTV ਕੈਮਰੇ ਦੀ ਫੁਟੇਜ ਤੋਂ ਹੋਇਆ ਖੁਲਾਸਾ

ਲੁਧਿਆਣਾ (ਬਿਊਰੋ) : ਸਥਾਨਕ ਤਾਜਪੁਰ ਰੋਡ ‘ਤੇ ਪੈਂਦੇ ਪ੍ਰੇਮ ਵਿਹਾਰ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ । ਪੁਲਿਸ ਥਾਣਾ ਟਿੱਬਾ ਨੂੰ ਜਦ ਪਤਾ ਲੱਗਾ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਕਬਜ਼ੇ ‘ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ‘ਚ ਰੋਸ ਪਾਇਆ ਜਾ ਰਿਹਾ ਹੈ। ਸੇਵਾ ਸਿੰਘ ਨਾਮ ਦੇ ਇੱਕ ਨੌਜਵਾਨ ਨੇ ਪਲਾਟ ਵਿੱਚ ਗੁਟਕਾ ਸਾਹਿਬ ਦੇ ਅੰਗ ਦੇਖ ਕੇ ਰੌਲਾ ਪਾ ਦਿੱਤਾ। ਕੁਝ ਹੀ ਸਮੇਂ ‘ਚ ਉੱਥੇ ਹੋਰ ਲੋਕ ਵੀ ਇਕੱਠੇ ਹੋ ਗਏ। ਜਾਣਕਾਰੀ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚੀ। ਥਾਣਾ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਤਫਤੀਸ਼ ਕਰਨ ਲਈ ਜੱਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਸੂਚਨਾ ਦੇਣ ਵਾਲੇ ਨੌਜਵਾਨ ਨੇ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਹੈ।






