ਕਰੀਬ ਸਾਢੇ 4 ਏਕੜ ਫਸਲ ਸੁਆਹ ਬਣ ਗਈ। ਅੱਗ ਨਾਲ ਕਰੀਬ 9 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਮਲੌਦ (ਬਿਊਰੋ) : ਗੁਆਨੀ ਨੇ ਖੇਤ ਚ ਪਰਾਲੀ ਨੂੰ ਅੱਗ ਲਈ ਸੀ ਪਾਰ ਅੱਗ ਫੇਲ ਗਈ ਤੇ ਕਿਸਾਨ ਕੁਲਜਿੰਦਰ ਸਿੰਘ ਵਾਸੀ ਜ਼ੁਲਮਗੜ੍ਹ ਦੀ ਗੰਨੇ ਦੀ ਸਾਢੇ ਚਾਰ ਏਕੜ ਫ਼ਸਲ ਅੱਗ ਦੀ ਲਪੇਟ ਵਿਚ ਆ ਗਈ। ਅੱਗ ਲੱਗਣ ਦੀ ਸੂਚਨਾ ਅੱਗ ਬੁਝਾਊ ਅਮਲੇ ਨੂੰ ਦਿੱਤੀ ਗਈ ਤਾਂ ਅੱਗ ‘ਤੇ ਕਾਬੂ ਪਾਉਣ ਲਈ ਮਾਲੇਰਕੋਟਲਾ ਅਤੇ ਖੰਨਾ ਤੋਂ ਫਾਇਰ ਬਿ੍ਗੇਡ ਦੀਆਂ 2 ਗੱਡੀਆਂ ਪੁੱਜੀਆਂ। ਪਿੰਡ ਵਾਸੀਆਂ ਤੇ ਫਾਇਰ ਬਿ੍ਗੇਡ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
ਕਿਸਾਨ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਖੇਤਾਂ ਦੇ ਨਾਲ ਖੇਤ ਮਾਲਕ ਗੁਰਬਾਜ਼ ਸਿੰਘ ਤੇ ਅੰਗੇਰਜ ਸਿੰਘ ਅਤੇ ਬਿਕਰਮਜੀਤ ਸਿੰਘ ਵਾਸੀ ਜ਼ੁਲਮਗੜ੍ਹ ਨੇ ਝੋਨੇ ਦੀ ਫ਼ਸਲ ਵੱਢਣ ਮਗਰੋਂ ਪਰਾਲੀ ਨੂੰ ਅੱਗ ਲਾਈ ਸੀ। ਉਨ੍ਹਾਂ ਦੀ ਕਥਿਤ ਅਣਗਹਿਲੀ ਕਾਰਨ ਅੱਗ ਉਸ ਦੇ ਖੇਤ ਵਿਚ ਵੜੀ ਹੈ, ਜਿੱਥੇ ਗੰਨੇ ਦੀ ਫ਼ਸਲ ਬੀਜੀ ਹੋਈ ਸੀ ਤੇ ਅੱਗ ਕਾਰਨ ਗੰਨੇ ਦੀ ਫ਼ਸਲ ਬੁਰੀ ਤਰ੍ਹਾਂ ਸੜ ਗਈ। ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਕਾਫ਼ੀ ਹੱਦ ਤਕ ਨੁਕਸਾਨ ਹੋ ਚੁੱਕਾ ਸੀ, ਕਰੀਬ ਸਾਢੇ 4 ਏਕੜ ਫਸਲ ਸੁਆਹ ਬਣ ਗਈ। ਅੱਗ ਨਾਲ ਕਰੀਬ 9 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਬਾਰੇ ਥਾਣਾ ਪਾਇਲ ਵਿਚ ਦਰਖ਼ਾਸਤ ਦਿੱਤੀ ਗਈ ਹੈ।
ਤਫਤੀਸ਼ੀ ਅਫ਼ਸਰ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਪੜਤਾਲ ਕੀਤੀ ਜਾ ਰਹੀ ਹੈ ਤੇ ਜੇ ਕਿਸਾਨ ਨੇ ਖੁਦ ਅੱਗ ਲਾਈ ਹੋਈ ਤਾਂ ਸਰਕਾਰ ਦੀਆ ਹਦਾਇਤਾਂ ਮੁਤਾਬਕ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਦੂਜੇ ਪਾਸੇ ਕਿਸਾਨ ਗੁਰਬਾਜ਼ ਸਿੰਘ ਨੇ ਕਿਹਾ ਕਿ ਘਟਨਾ ਸਮੇਂ ਉਹ ਉੱਥੇ ਮੌਜੂਦ ਨਹੀਂ ਸੀ ਤੇ ਅੱਗ ਲੱਗਣ ਦੇ ਕਾਰਨਾਂ ਦਾ ਉਸ ਨੂੰ ਨਹੀਂ ਪਤਾ ਹੈ, ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ।






