ਪੁਲਿਸ ਅਨੁਸਾਰ ਕੁਝ ਸ਼ਰਾਰਤੀ ਅਨਸਰਾਂ ਨੇ ਜਾਣਬੁੱਝ ਕੇ ਪੱਥਰ ਸੁੱਟੇ ਅਤੇ ਫਾਇਰ ਕੀਤੇ।

ਬਿਹਾਰ (ਸਟੇਟ ਬਿਊਰੋ) : ਬਿਹਾਰ ਦੇ ਮੁੰਗੇਰ ‘ਚ ਦੁਸਹਿਰੇ’ ਤੇ ਦੁਰਗਾ ਮੂਰਤੀ ਵਿਸਰਜਨ ਦੌਰਾਨ ਹੋਈ ਹਿੰਸਕ ਝੜਪ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਸਥਾਨਕ ਜ਼ਖਮੀ ਹੋ ਗਏ। ਖ਼ਬਰਾਂ ਅਨੁਸਾਰ, ਵਿਸਰਜਨ ਨੂੰ ਲੈ ਕੇ ਕਾਫ਼ੀ ਹੰਗਾਮਾ ਅਤੇ ਫਾਇਰਿੰਗ ਹੋਈ । ਇਹ ਘਟਨਾ ਸੋਮਵਾਰ ਦੇਰ ਰਾਤ ਵੱਡੀ ਦੇਵੀ ਦੀ ਮੂਰਤੀ ਦੇ ਵਿਸਰਜਨ ਦੌਰਾਨ ਵਾਪਰੀ। ਬੁੱਧਵਾਰ ਨੂੰ ਮੁੰਗੇਰ ਵਿੱਚ ਵੋਟਾਂ ਪੈਣੀਆਂ ਹਨ। ਚੋਣਾਂ ਤੋਂ ਠੀਕ ਪਹਿਲਾਂ ਹੋਈ ਇਸ ਘਟਨਾ ਨੇ ਅਮਨ-ਕਾਨੂੰਨ ‘ਤੇ ਸਵਾਲ ਖੜ੍ਹੇ ਕੀਤੇ ਹਨ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਗੋਲੀਆਂ ਚਲਾਈਆਂ, ਜਦਕਿ ਪੁਲਿਸ ਅਨੁਸਾਰ ਕੁਝ ਸ਼ਰਾਰਤੀ ਅਨਸਰਾਂ ਨੇ ਜਾਣਬੁੱਝ ਕੇ ਪੱਥਰ ਸੁੱਟੇ ਅਤੇ ਫਾਇਰ ਕੀਤੇ। ਪੁਲਿਸ ਨੇ ਦੱਸਿਆ ਕਿ ਇਸ ਝੜਪ ਵਿੱਚ 17 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ 26 ਅਕਤੂਬਰ ਦੀ ਸ਼ਾਮ ਤੱਕ ਮੂਰਤੀ ਨੂੰ ਵਿਸਰਜਿਤ ਕਰਨ ਦੇ ਆਦੇਸ਼ ਦਿੱਤੇ ਸਨ। ਪੁਲਿਸ ਨੇ ਦੱਸਿਆ ਕਿ ਪ੍ਰਸ਼ਨਾਸ ਨੇ ਮੁੰਗੇਰ ਦੇ ਪੰਡਿਤ ਦੀਨ ਦਿਆਲ ਚੌਕ ਨੇੜੇ ਸ਼ੰਕਰਪੁਰ ਵਿਖੇ ਮੂਰਤੀ ਦਾ ਵਿਸਰਜਨ ਕਰਨ ਲਈ ਕਿਹਾ। ਪੁਲਿਸ ਅਤੇ ਸਥਾਨਕ ਲੋਕ ਆਪਸ ਵਿੱਚ ਬਹਿਸ ਪਏ ਕਿਸੇ ਨੇ ਫਾਇਰ ਕਰ ਦਿੱਤਾ।
ਪੁਲਿਸ ਦੇ ਅਨੁਸਾਰ 18 ਸਾਲਾ ਅਨੁਰਾਗ ਕੁਮਾਰ ਦੀ ਗੋਲੀ ਲੱਗਣ ਨਾਲ ਮੌਕੇ ਤੇ ਮੌਤ ਹੋ ਗਈ। ਇਸ ਗੋਲੀਬਾਰੀ ਵਿਚ ਪੰਜ ਹੋਰ ਲੋਕ ਜ਼ਖਮੀ ਵੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਮੁੰਗੇਰ ਦੇ ਸਦਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।




