ਦੋਨੋ ਸਹਾਇਕ ਚਾਲਕ ਗੰਭੀਰ ਜ਼ਖ਼ਮੀ

ਫਿਰੋਜ਼ਪੁਰ (ਬਿਊਰੋ) : ਨੇੜਲੇ ਪਿੰਡ ਖਾਈ ਫੇਮੇ ਕੀ ਵਿਖੇ ਕੱਲ ਰਾਤ ਦੋ ਟਰੱਕਾਂ ਵਿਚਾਲੇ ਹੋਈ ਟੱਕਰ ‘ਚ ਦੋਵਾਂ ਟਰੱਕਾਂ ਦੇ ਚਾਲਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ , ਜਦਕਿ ਦੋਵਾਂ ਦੇ ਸਹਾਇਕ ਇਸ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਚੌਲਾਂ ਨਾਲ ਭਰਿਆ ਇਕ ਟਰੱਕ ਜੈਪੁਰ ਤੋਂ ਚੱਲ ਕੇ ਵਾਇਆ ਫਿਰੋਜ਼ਪੁਰ ਅੱਗੇ ਨੂੰ ਜਾ ਰਿਹਾ ਸੀ ਕਿ ਮਮਦੋਟ ਦੇ ਨੇੜਲੇ ਪਿੰਡ ਪੋਜੋ ਕੇ ਵਿਖੇ ਜਾਣ ਵਾਲੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ । ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਚਾਲਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਟਰੱਕਾਂ ਦੇ ਅਗਲੇ ਹਿੱਸੇ ਚਕਨਾਚੂਰ ਹੋ ਗਏ ਅਤੇ ਕਈ ਹਿੱਸੇ ਦੂਰ ਦੂਰ ਤਕ ਜਾ ਡਿੱਗੇ। ਥਾਣਾ ਸਦਰ ਫਿਰੋਜ਼ਪੁਰ ਦੇ ਏਐੱਸਆਈ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਝੋਨੇ ਦਾ ਲੱਦਿਆ ਹੋਇਆ ਇਕ ਟਰੱਕ (ਨੰ. ਆਰ ਜੇ 18 ਜੀ 0441) ਜੋ ਫਿਰੋਜ਼ਪੁਰ ਤੋਂ ਫਾਜ਼ਿਲਕਾ ਸਾਈਡ ਵੱਲ ਜਾ ਰਿਹਾ ਸੀ, ਜੋ ਸਾਹਮਣੇ ਪਾਸਿਓਂ ਆ ਰਹੇ ਇਕ ਹੋਰ ਟਰੱਕ (ਨੰਬਰ ਆਰਜੇ 07 ਜੀਏ 3010) ਨਾਲ ਟਕਰਾ ਗਿਆ। ਨਤੀਜੇ ਵਜੋਂ ਦੋਵਾਂ ਟਰੱਕਾਂ ਦੇ ਚਾਲਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਜਸਵੰਤ ਸਿੰਘ ਜੱਸਾ ਪੁੱਤਰ ਸ਼ਿੰਗਾਰਾ ਸਿੰਘ ਕੌਮ ਰਾਏ ਸਿੱਖ ਵਾਸੀ ਵਾਸੀ ਪੋਜੋ ਕੇ ਉਤਾੜ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਤੇ ਹਰਪ੍ਰੀਤ ਸਿੰਘ ਹੈਪੀ ਪੁੱਤਰ ਸ਼ਿੰਦਰ ਸਿੰਘ ਕੌਮ ਰਾਏ ਸਿੱਖ ਵਾਸੀ ਟਿਵਾਣਾ ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ-ਫਾਜ਼ਿਲਕਾ ਵਜੋਂ ਹੋਈ ਹੈ । ਦੋਨੋ ਸਹਾਇਕ ਚਾਲਕ ਵੀ ਗੰਭੀਰ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਫ਼ਿਰੋਜ਼ਪੁਰ ਵਿਖੇ ਇਲਾਜ ਲਈ ਭੇਜਿਆ ਗਿਆ ਹੈ ।





