ਵੱਖ-ਵੱਖ ਪ੍ਰੋਗਰਾਮਾਂ ’ਤੇ ਹੁਣ ਕੀਤਾ ਜਾ ਸਕੇਗਾ 100 ਵਿਅਕਤੀਆਂ ਦਾ ਇਕੱਠ ।

ਬਰਨਾਲਾ (ਕਰਨਪਰੀਤ ਧੰਦਰਾਲ) : ਕੋਵਿਡ-19 ਸਬੰਧੀ ਪੰਜਾਬ ਸਰਕਾਰ ਤੋਂ ਪ੍ਰਾਪਤ ਹੋਈਆਂ ਹਦਾਇਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਦੱਸਿਆ ਕਿ ਕੰਟੇਨਮੈਂਟ ਜੋਨਾਂ ਵਿੱਚ ਆਉਣ-ਜਾਣ ਲਈ ਸਿਰਫ਼ ਮੈਡੀਕਲ ਜਾਂ ਜ਼ਰੂਰੀ ਵਸਤੂਆਂ ਦੀ ਸਪਲਾਈ ਸਬੰਧੀ ਆਵਾਜਾਈ ਹੀ ਹੋਵੇਗੀ। ਕੰਟੇਨਮੈਂਟ ਜੋਨਾਂ ਵਿਚ ਲਾਕਡਾਊਨ ਦੀ ਮਿਆਦ 31 ਅਕਤੂਬਰ 2020 ਤੱਕ ਹੋਵੇਗੀ। ਹਫ਼ਤਾਵਰੀ ਕਰਫ਼ਿਊ ਹੁਣ ਜ਼ਿਲ੍ਹਾ ਬਰਨਾਲਾ ’ਚ ਨਹੀਂ ਹੋਵੇਗਾ। ਹਰ ਪ੍ਰਕਾਰ ਦੀਆਂ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ ਖੋਲ੍ਹੀਆਂ ਜਾ ਸਕਣਗੀਆਂ ਅਤੇ ਸਮੇਂ ਦੀ ਕੋਈ ਪਾਬੰਦੀ ਨਹੀਂ ਹੋਵੇਗੀ। ਇਸੇ ਤਰ੍ਹਾਂ ਕੰਟੇਨਮੈਂਟਾਂ ਜੋਨਾਂ ਤੋਂ ਬਾਹਰ ਹਰ ਪ੍ਰਕਾਰ ਦੀਆਂ ਦੁਕਾਨਾਂ, ਰੈਸਟੋਰੈਂਟ, ਹੋਟਲ, ਸ਼ਰਾਬ ਦੇ ਠੇਕੇ ਆਦਿ ਖੋਲ੍ਹਣ ਦੀ ਪ੍ਰਵਾਨਗੀ ਹੋਵੇਗੀ ਅਤੇ ਸਮੇਂ ਦੀ ਕੋਈ ਪਾਬੰਦੀ ਨਹੀਂ ਹੋਵੇਗੀ।
ਇਸੇ ਤਰ੍ਹਾਂ ਹੀ ਕੰਟੇਨਮੈਂਟ ਜੋਨਾਂ ਤੋਂ ਬਾਹਰ ਸਮਾਜਿਕ, ਧਾਰਮਿਕ, ਸੱਭਿਆਚਾਰਕ, ਰਾਜਨੀਤਿਕ, ਖੇਡ, ਮਨੋਰੰਜਨ ਆਦਿ ਪ੍ਰੋਗਰਾਮਾਂ ਦੀ ਆਗਿਆ ਹੋਵੇਗੀ, ਬਸਰਤੇ ਇਨ੍ਹਾਂ ਪ੍ਰੋਗਰਾਮਾਂ ’ਚ 100 ਵਿਅਕਤੀਆਂ ਤੋਂ ਵੱਧ ਦਾ ਇਕੱਠ ਨਾ ਕੀਤਾ ਜਾਵੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ‘ਸਟੈਂਡਰਡ ਓਪ੍ਰੇਟਿੰਗ ਪ੍ਰੋਟੋਕਾਲ’ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣੀ ਹੋਵੇਗੀ। ਇਸ ਤੋਂ ਇਲਾਵਾ ਵਿਆਹ ਸਮਾਗਮਾਂ ਅਤੇ ਮਰਗ ਨਾਲ ਸਬੰਧਤ ਇਕੱਠਾਂ ’ਚ ਵੀ 100 ਵਿਅਕਤੀਆਂ ਦੇ ਇਕੱਠ ਦੀ ਪ੍ਰਵਾਨਗੀ ਹੋਵੇਗੀ। ਇਸੇ ਤਰ੍ਹਾਂ ਹਰ ਪ੍ਰਕਾਰ ਦੇ ਵਾਹਨਾਂ ਵਿੱਚ ਸਵਾਰੀਆਂ ਦੀ ਗਿਣਤੀ ਦੀ ਕੋਈ ਪਾਬੰਦੀ ਨਹੀਂ ਹੋਵੇਗੀ, ਵਾਹਨ ਵਿੱਚ ਸਮਰੱਥਾ ਅਨੁਸਾਰ ਸਵਾਰੀਆਂ ਬਿਠਾਈਆਂ ਜਾ ਸਕਣਗੀਆਂ, ਪ੍ਰੰਤੂ ਵਾਹਨ ਦੇ ਸ਼ੀਸ਼ੇ ਖੁੱਲ੍ਹੇ ਰੱਖਣ ਤੋਂ ਇਲਾਵਾ ਸਵਾਰੀਆਂ ਦੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।






